Faridkot News: ਖਿਡਾਰੀਆਂ ਲਈ ਫਰੀਦਕੋਟ ਦੇ ਵਿਧਾਇਕ ਨੇ 19 ਲੱਖ ਰੁਪਏ ਦੀ ਲਾਗਤ ਨਾਲ ਲੈਸ ਜਿੰਮ ਤਿਆਰ ਕਰਵਾਈ

Faridkot-News
Faridkot News: ਖਿਡਾਰੀਆਂ ਲਈ ਫਰੀਦਕੋਟ ਦੇ ਵਿਧਾਇਕ ਨੇ 19 ਲੱਖ ਰੁਪਏ ਦੀ ਲਾਗਤ ਨਾਲ ਲੈਸ ਜਿੰਮ ਤਿਆਰ ਕਰਵਾਈ

ਖਿਡਾਰੀਆਂ ਲਈ ਫਰੀਦਕੋਟ ਦੇ ਵਿਧਾਇਕ ਨੇ 19 ਲੱਖ ਰੁਪਏ ਦੀ ਲਾਗਤ ਨਾਲ ਲੈਸ ਜਿੰਮ ਤਿਆਰ ਕਰਵਾਈ

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਕਸਬਾ ਸਾਦਿਕ ਦੇ ਖਿਡਾਰੀਆਂ ਲਈ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ 19 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਜਿੰਮ ਤਿਆਰ ਕਰਵਾ ਕੇ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਖਿਡਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ ਤਾਂ ਜੋ ਨੌਜਵਾਨ ਹੋਰ ਉਤਸ਼ਾਹ ਨਾਲ ਖੇਡਾਂ ਵਿੱਚ ਹਿੱਸਾ ਲੈ ਸਕਣ। ਵਿਧਾਇਕ ਸਾਹਿਬ ਨੇ ਕਿਹਾ ਕਿ ਖਿਡਾਰੀ ਸਾਡੇ ਇਲਾਕੇ ਦੀ ਪਛਾਣ ਹਨ, ਜੋ ਆਪਣੀ ਮਿਹਨਤ ਅਤੇ ਲਗਨ ਨਾਲ ਨਾ ਸਿਰਫ਼ ਆਪਣਾ ਸਗੋਂ ਪੂਰੇ ਹਲਕੇ ਦਾ ਨਾਂਅ ਚਮਕਾਉਂਦੇ ਹਨ। ਉਨ੍ਹਾਂ ਦੱਸਿਆ ਕਿ ਦੀਵਾਲੀ ਤੋਂ ਬਾਅਦ ਸਾਦਿਕ ਵਿਖੇ ਨਵੇਂ ਬਣਨ ਵਾਲੇ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਨਾਲ ਸਥਾਨਕ ਖਿਡਾਰੀਆਂ ਨੂੰ ਹੋਰ ਬਿਹਤਰ ਸਹੂਲਤਾਂ ਉਪਲੱਬਧ ਹੋਣਗੀਆਂ।

ਇਸ ਮੌਕੇ ਵਿਧਾਇਕ ਸਾਬ ਨੇ ਖਾਸ ਤੌਰ ’ਤੇ ਸਾਦਿਕ ਦੀ ਇੱਕ ਛੋਟੀ ਉਮਰ ਦੀ ਖਿਡਾਰਨ ਨਵਜੋਤ ਕੌਰ ਦਾ ਜ਼ਿਕਰ ਕੀਤਾ, ਜੋ ਗਰੀਬ ਘਰ ਨਾਲ ਸੰਬੰਧਤ ਹੈ ਪਰ ਬਹੁਤ ਛੋਟੀ ਉਮਰ ਵਿੱਚ ਹੀ ਆਪਣੀ ਤੇਜ਼ੀ ਅਤੇ ਦੌੜ ਨਾਲ ਸਭ ਨੂੰ ਹੈਰਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਛੋਟੀ ਉਮਰ ਵਿੱਚ ਚੀਤੇ ਵਾਂਗ ਦੌੜਦੀ ਹੈ ਅਤੇ ਪਹਿਲਾਂ ਹੀ ਕਈ ਰਿਕਾਰਡ ਤੋੜ ਰਹੀ ਹੈ। ਵਿਧਾਇਕ ਸਾਬ ਨੇ ਕਿਹਾ ਕਿ ਮੈਨੂੰ ਉਸਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਸਦਾ ਭਵਿੱਖ ਬਹੁਤ ਰੌਸ਼ਨ ਹੈ। ਉਮੀਦ ਹੈ ਕਿ ਹੋਰ ਨੌਜਵਾਨ ਵੀ ਉਸਨੂੰ ਦੇਖ ਕੇ ਪ੍ਰੇਰਿਤ ਹੋਣਗੇ ਅਤੇ ਉਸਦੀ ਤਰ੍ਹਾਂ ਖੇਡਾਂ ਵਿੱਚ ਆਪਣੀ ਕਾਬਲੀਅਤ ਦਿਖਾਉਣਗੇ।

ਇਹ ਵੀ ਪੜ੍ਹੋ: Football In Japan: ਪੰਜਾਬ ਦੇ ਪਿੰਡ ਰੁਪਾਣਾ ਦਾ ਨੌਜਵਾਨ ਹਰਮਨਜੀਤ ਸਿੰਘ ਜਾਪਾਨ ਦੀ ਧਰਤੀ ’ਤੇ ਵਿਖਾਏਗਾ ਜੌਹਰ

ਉਨ੍ਹਾਂ ਕਿਹਾ ਕਿ ਉਹ ਖੇਡਾਂ ਦੇ ਪ੍ਰਚਾਰ ਅਤੇ ਖਿਡਾਰੀਆਂ ਦੇ ਹਿੱਤ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਤਾਂ ਜੋ ਫਰੀਦਕੋਟ ਹਲਕੇ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਣ। ਵਿਧਾਇਕ ਸਾਬ ਨੇ ਕਿਹਾ ਕਿ ਸਰਕਾਰ ਵੱਲੋਂ ਵੀ ਖਿਡਾਰੀਆਂ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਭ ਲੈ ਕੇ ਹਰ ਖਿਡਾਰੀ ਆਪਣੀ ਪ੍ਰਤਿਭਾ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚਾ ਸਕਦਾ ਹੈ। ਅੰਤ ਵਿੱਚ ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਰਾਹੀਂ ਨੌਜਵਾਨ ਸਿਹਤਮੰਦ ਜੀਵਨ ਜੀ ਸਕਦੇ ਹਨ ਅਤੇ ਸਮਾਜ ਵਿੱਚ ਇਕ ਚੰਗਾ ਸੁਨੇਹਾ ਪੈਦਾ ਕਰ ਸਕਦੇ ਹਨ। Faridkot News