ਵੇਅਰ ਹਾਉਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਕੋਲ ਹੁੰਦੈ ਕੈਬਨਿਟ ਰੈਂਕ, ਬਣੇ ਰਹਿਣਗੇ ਵਿਧਾਇਕ
Political News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ ਵਲੋਂ ਐਤਵਾਰ ਨੂੰ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਉਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਨਾਲ ਹੀ ਉਨ੍ਹਾਂ ਨੂੰ ਇਸ ਚੇਅਰਮੈਨੀ ਕਰਕੇ ਮਿਲੀ ਹੋਈ ਕੈਬਨਿਟ ਰੈਂਕ ਦੀ ਸਹੂਲਤਾਂ ਨੂੰ ਵੀ ਛੱਡ ਦਿੱਤਾ ਗਿਆ ਹੈ ਪਰ ਉਹ ਪਹਿਲਾਂ ਵਾਂਗ ਵਿਧਾਇਕ ਬਣੇ ਰਹਿਣਗੇ। ਡਾ. ਸੁਖਵਿੰਦਰ ਸਿੰਘ ਵੱਲੋਂ ਆਮ ਆਦਮੀ ਪਾਰਟੀ ਨੂੰ ਵੀ ਅਲਵਿਦਾ ਕਹਿ ਦਿੱਤਾ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਐਤਵਾਰ ਸ਼ਾਮ ਤੱਕ ਆਮ ਆਦਮੀ ਪਾਰਟੀ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਜਿਸ ਕਾਰਨ ਹੀ ਇਹ ਲੱਗ ਰਿਹਾ ਹੈ ਕਿ ਇਸ ਮਾਮਲੇ ਨੂੰ ਇਥੇ ਹੀ ਠੱਪ ਕਰ ਦਿੱਤਾ ਜਾਏਗਾ ਅਤੇ ਅੱਗੇ ਨਹੀਂ ਵਧਾਇਆ ਜਾਏਗਾ।
ਇਹ ਵੀ ਪੜ੍ਹੋ: Punjab News: ਪੁਲਿਸ ਥਾਣਿਆਂ ’ਚ ਖੜ੍ਹੀ ਗੱਡੀਆਂ ਨੂੰ ਕੀਤਾ ਜਾਵੇਗਾ ਸ਼ਹਿਰ ਤੋਂ ਬਾਹਰ, ਬਣੇਗਾ ਸਕਰੈਪ ਯਾਰਡ
ਵਿਧਾਇਕ ਡਾ. ਸੁਖਵਿੰਦਰ ਸਿੰਘ ਵੱਲੋਂ ਆਪਣਾ ਅਸਤੀਫ਼ਾ ਸ਼ੋਸਲ ਮੀਡੀਆ ’ਤੇ ਲਾਇਵ ਹੋ ਕੇ ਦਿੱਤਾ ਗਿਆ ਹੈ ਅਤੇ ਇਸ ਨਾਲ ਹੀ ਡਾ. ਸੁਖਵਿੰਦਰ ਸਿੰਘ ਨੇ ਮਾਘੀ ਮੇਲੇ ਦੌਰਾਨ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਦੇ ਪ੍ਰਤੀ ਵੀ ਨਰਾਜ਼ਗੀ ਜਾਹਰ ਕੀਤੀ ਗਈ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਬੰਗਾਂ ਦੇ ਇੱਕ ਪਿੰਡ ਵਿੱਚ ਸਥਿਤ ਗੁਰੂਦੁਆਰਾ ਰਸੋਖਾਨਾ ਨਾਭ ਕਮਲ ਰਾਜਾ ਸਾਹਿਬ ਤੋਂ 169 ਸਵਰੂਪ ਮਿਲ ਗਏ ਹਨ। ਇਹ ਸਵਰੂਪ ਪੰਜਾਬ ਪੁਲਿਸ ਦੀ ਐਸ.ਆਈ.ਟੀ. ਵਲੋਂ ਬਰਾਮਦ ਕੀਤੇ ਜਾਣ ਸਬੰਧੀ ਦਾਅਵਾ ਕੀਤਾ ਗਿਆ ਸੀ। ਬੰਗਾ ਇਲਾਕੇ ਵਿੱਚ ਇੱਥੇ ਦੀ ਸੰਗਤ ਨੇ ਨਰਾਜ਼ਗੀ ਜਾਹਰ ਕਰਦੇ ਹੋਏ ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ ਵੀ ਆਪਣਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਪ੍ਰਤੀ ਸਟੈਂਡ ਸਪਸ਼ਟ ਕਰਨ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਡਾ. ਸੁਖਵਿੰਦਰ ਸਿੰਘ ਸੁੱਖੀ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੰਦੇ ਹੋਏ ਖ਼ੁਦ ਦੀ ਨਰਾਜ਼ਗੀ ਵੀ ਜਾਹਰ ਕਰ ਦਿੱਤੀ ਗਈ ਹੈ। Political News














