ਸੱਤਾ ਧਿਰ ਪਾਰਟੀ ਦੀ ਚੀਫ਼ ਵਿੱਪ ਹੋਣ ਦਾ ਮਿਲਿਆ ਫਾਇਦਾ
- ਕੈਬਨਿਟ ਵਿੱਚ ਲਿਆ ਗਿਆ ਵੱਡਾ ਫੈਸਲਾ, ਸੱਤਾਧਾਰੀ ਪਾਰਟੀ ਦੀ ਚੀਫ਼ ਵਿੱਪ ਨੂੰ ਮਿਲੇਗਾ ਕੈਬਨਿਟ ਰੈਂਕ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਬਠਿੰਡਾ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ (MLA Baljinder Kaur) ਨੂੰ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੈਬਨਿਟ ਰੈਂਕ ਵਜੋਂ ਨਿਵਾਜਿਆ ਜਾ ਰਿਹਾ ਹੈ। ਬਲਜਿੰਦਰ ਕੌਰ ਇਸ ਸਮੇਂ ਸੱਤਾਧਿਰ ਆਮ ਆਦਮੀ ਪਾਰਟੀ ਦੀ ਚੀਫ਼ ਵਿੱਪ ਹੋਣ ਕਰਕੇ ਇਹ ਰੈਂਕ ਮਿਲੇਗਾ। ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਮਿਲਣ ਦੇ ਨਾਲ ਹੀ ਉਨਾਂ ਨੂੰ ਕੈਬਨਿਟ ਮੰਤਰੀਆਂ ਦੇ ਬਰਾਬਰ ਤਨਖ਼ਾਹ ਅਤੇ ਭੱਤੇ ਮਿਲਨਗੇ ਤਾਂ ਚੰਡੀਗੜ ਵਿਖੇ ਰਹਿਣ ਲਈ ਆਲੀਸ਼ਾਨ ਕੋਠੀ ਵੀ ਮਿਲੇਗੀ।
ਬਲਜਿੰਦਰ ਕੌਰ (MLA Baljinder Kaur) ਦੂਜੀ ਵਾਰ ਵਿਧਾਇਕ ਹੋਣ ਕਰਕੇ ਉਹ ਕੈਬਨਿਟ ਮੰਤਰੀ ਬਨਣ ਦੀ ਰੇਸ ਵਿੱਚ ਸਨ ਪਰ ਉਨਾਂ ਨੂੰ ਹੁਣ ਤੱਕ ਕੈਬਨਿਟ ਮੰਤਰੀ ਨਹੀਂ ਬਣਾਇਆ ਗਿਆ ਸੀ ਪਰ ਪੰਜਾਬ ਸਰਕਾਰ ਦੇ ਇੱਕ ਫੈਸਲੇ ਨਾਲ ਬਲਜਿੰਦਰ ਕੌਰ ਨੂੰ ਕੈਬਨਿਟ ਮੰਤਰੀ ਵਾਲੀ ਸਾਰੀ ਸਹੂਲਤਾਂ ਮਿਲਣਗੀਆਂ। ਸੋਮਵਾਰ ਨੂੰ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ‘ਦਿ ਸੈਲਰੀਜ਼ ਐਂਡ ਅਲਾਊਂਸਿਜ਼ ਆਫ ਦਿ ਚੀਫ਼ ਵਿੱਪ ਇਨ ਪੰਜਾਬ ਲੈਜਿਸਲੇਟਿਵ ਅਸੈਂਬਲੀ ਐਕਟ, 2022’ ਬਣਾਉਣ ਦੀ ਮਨਜ਼ੂਰੀ ਵੀ ਦੇ ਦਿੱਤੀ।
ਕੈਬਨਿਟ ਮੀਟਿੰਗ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸੰਸਦੀ ਪ੍ਰਣਾਲੀ ਵਿੱਚ ਪਾਰਟੀ ਦਾ ਚੀਫ਼ ਵਿੱਪ ਅਹਿਮ ਰੋਲ ਨਿਭਾਉਂਦਾ ਹੈ ਅਤੇ ਸਦਨ ਦੀ ਕਾਰਵਾਈ ਸੁਚਾਰੂ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਚੱਲਣੀ ਯਕੀਨੀ ਬਣਾਉਂਦਾ ਹੈ। ਇਸ ਲਈ ਸਰਕਾਰ ਨੇ ਬਹੁਮਤ ਵਾਲੀ ਪਾਰਟੀ ਦੇ ਚੀਫ਼ ਵਿੱਪ ਨੂੰ ਸੂਬਾ ਸਰਕਾਰ ਦੇ ਮੰਤਰੀਆਂ ਦੇ ਬਰਾਬਰ ਦਰਜਾ, ਤਨਖਾਹ, ਭੱਤੇ ਤੇ ਹੋਰ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ। ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲੈਣ ਦੇ ਨਾਲ ਹੀ ਬਲਜਿੰਦਰ ਕੌਰ ਨੂੰ ਇਸ ਦਾ ਫਾਇਦਾ ਮਿਲਣਾ ਵੀ ਤੈਅ ਮੰਨਿਆ ਜਾ ਰਿਹਾ ਹੈ, ਕਿਉਂਕਿ ਸੱਤਾਧਿਰ ਆਮ ਆਦਮੀ ਪਾਰਟੀ ਦੀ ਚੀਫ਼ ਵਿੱਪ ਇਸ ਸਮੇਂ ਬਲਜਿੰਦਰ ਕੌਰ ਹੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ