ਵਿਰਾਸਤੀ ਖੇਡ ‘ਬਾਜ਼ੀ’ ਨੂੰ ਸਮਰਪਿਤ ਮਿੱਠੂ ਸਿੰਘ ‘ਬਾਥੂਪੱਟ’
ਅੱਜ ਦੇ ਤੇਜ ਰਫਤਾਰ ਯੁੱਗ ਵਿੱਚ ਮਨੁੱਖ ਨੇ ਭਾਵੇਂ ਬਹੁਤ ਤਰੱਕੀ ਕਰ ਲਈ ਹੈ ਪਰ ਇਸ ਤਰੱਕੀ ਕਰਕੇ ਪੰਜਾਬ ਦੇ ਅਮੀਰ ਵਿਰਸੇ ਵਿੱਚੋਂ ਬਹੁਤ ਕੁਝ ਅਲੋਪ ਵੀ ਹੋ ਗਿਆ ਹੈ। ਆਧੁਨਿਕਤਾ ਦੀ ਇਸ ਚਕਾਚੌਂਧ ਵਿੱਚ ਪੰਜਾਬ ਦੀਆਂ ਕਿੰਨੀਆਂ ਹੀ ਪੁਰਾਤਨ ਲੋਕ-ਖੇਡਾਂ ਤੇ ਲੋਕ-ਕਲਾਵਾਂ ਗੁਆਚ ਗਈਆਂ ਹਨ। ਪਰ ਅਜੇ ਵੀ ਕੁਝ ਲੋਕ ਹਨ ਜੋ ਸਾਡੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੇ ਹਨ। ਅਜਿਹਾ ਹੀ ਇੱਕ ਨਾਂਅ ਮਿੱਠੂ ਸਿੰਘ ‘ਬਾਥੂਪੱਟ’ ਦਾ ਹੈ ਜੋ ਲੋਕ ਕਲਾ ‘ਬਾਜੀ’ ਨੂੰ ਸੰਭਾਲੀ ਬੈਠਾ ਹੈ।
ਮਿੱਠੂ ਸਿੰਘ ‘ਬਾਥੂਪੱਟ’ ਦਾ ਜਨਮ ਪਿਤਾ ਲੱਖਾ ਸਿੰਘ ਦੇ ਘਰ ਮਾਤਾ ਜੰਗੀਰ ਕੌਰ ਦੀ ਕੁੱਖੋਂ 1960 ਨੂੰ ਪਿੰਡ ਡਿੱਖ ਜਿਲ੍ਹਾ ਬਠਿੰਡਾ ਵਿਖੇ ਹੋਇਆ। ਉਸ ਦਾ ਜਦ ਜਨਮ ਹੋਇਆ ਤਾਂ ਉਸ ਸਮੇਂ ਉਸ ਦੇ ਪਿਤਾ ਦਾ ਨਾਂਅ ਬਾਜੀ ਪਾਉਣ ਕਰਕੇ ਇਲਾਕੇ ਵਿੱਚ ਮਸ਼ਹੂਰ ਸੀ। ਇਸ ਲਈ ਮਿੱਠੂ ਸਿੰਘ ਵੀ ਆਪਣੇ ਪਿਤਾ ਪੁਰਖੀ ਕਿੱਤੇ ਦਾ ਪ੍ਰਭਾਵ ਕਬੂਲਦਿਆਂ ਬਚਪਨ ਵਿੱਚ ਬਾਜੀ ਨਾਲ ਜੁੜ ਗਿਆ ਤੇ ਛੋਟੀ ਉਮਰ ਵਿੱਚ ਹੀ ਉਹ ਆਪਣੇ ਪਿਤਾ ਨਾਲ ਬਾਜੀ ਪਾਉਣ ਲਈ ਪਿੰਡਾਂ ਵਿੱਚ ਜਾਣ ਲੱਗ ਪਿਆ।
ਸਕੂਲ ਵਾਲੀ ਉਮਰ ਵਿੱਚ ਬਾਜੀ ਨਾਲ ਜੁੜਨ ਕਰਕੇ ਉਹ ਪੜ੍ਹਾਈ ਪੱਖੋਂ ਬਿਲਕੁਲ ਕੋਰਾ ਹੀ ਰਹਿ ਗਿਆ। ਜਵਾਨੀ ਦੀ ਦਹਿਲੀਜ ਤੱਕ ਪਹੁੰਚਦਿਆਂ ਮਿੱਠੂ ਸਿੰਘ ‘ਬਾਥੂਪੱਟ’ ਦਾ ਨਾਂਅ ਬਾਜੀ ਕਰਕੇ ਪੂਰੇ ਮਾਲਵੇ ’ਚ ਗੂੰਜਣ ਲੱਗਾ। ਜਿਸ ਪਿੰਡ ਬਾਥੂਪੱਟ ਨੇ ਬਾਜੀ ਪਾਉਣੀ ਹੁੰਦੀ ਉੱਥੇ ਲੋਕ ਦੂਰ-ਦੂਰ ਪਿੰਡਾਂ ਤੋਂ ਵਹੀਰਾਂ ਘੱਤ ਕੇ ਪਹੁੰਚਦੇ, ਤੇ ਬਾਜੀ ਵਾਲੀ ਜਗ੍ਹਾ ’ਤੇ ਤਿਲ ਸੁੱਟਣ ਨੂੰ ਥਾਂ ਨਾ ਮਿਲਦੀ। ਉਹ ਆਪਣੇ ਲਚਕਦਾਰ ਸਰੀਰ ਨਾਲ ਕਰਤੱਬ ਵਿਖਾਉਂਦਾ ਜਦੋਂ ਨਾਲ-ਨਾਲ ਨਿੱਕੇ-ਨਿੱਕੇ ਹਾਸਰਸ ਭਰੇ ਟੋਟਕੇ ਸੁਣਾਉਂਦਾ ਤਾਂ ਲੋਕਾਂ ਨੂੰ ਕੀਲ ਕੇ ਬਿਠਾ ਲੈਂਦਾ।
ਉਹ ਆਪਣੀ ਟੋਲੀ ਨਾਲ ਜਦ ਪੁੱਠੀਆਂ ਛਾਲਾਂ, ਸੂਲੀ ਦੀ ਛਾਲ, ਮੰਜਾ ਬੰਨ੍ਹ ਕੇ ਉੱਪਰ ਦੀ ਛਾਲ, ਗਲ ਨਾਲ ਲਾ ਕੇ ਸਰੀਆ ਮੋੜਨਾ, ਅੱਗ ਵਿਚ ਦੀ ਲੰਘਣਾ ਆਦਿ ਕਰਤੱਬ ਕਰਦਾ ਤਾਂ ਲੋਕ ਦੰਦਾਂ ਥੱਲੇ ਜੀਭ ਦਬਾਉਣ ਲਈ ਮਜਬੂਰ ਹੋ ਜਾਂਦੇ। ਮਿੱਠੂ ਸਿੰਘ ਆਪਣੇ ਨਾਂਅ ਨਾਲ ‘ਬਾਥੂਪੱਟ’ ਤਲੱਖਸ ਲੱਗਣ ਬਾਰੇ ਦੱਸਦਾ ਹੈ ਕਿ ਉਹ ਛੋਟਾ ਹੁੰਦਾ ਆਪਣੀ ਮਾਂ ਨਾਲ ਲੋਕਾਂ ਦੇ ਖੇਤਾਂ ਵਿੱਚੋਂ ਬਾਥੂ (ਘਾਹ ਦੀ ਇੱਕ ਕਿਸਮ) ਬਹੁਤ ਪੁੱਟਦਾ ਹੁੰਦਾ ਸੀ ਜਿਸ ਕਰਕੇ ਉਸ ਦੇ ਹਾਣ ਦੇ ਮੁੰਡੇ ਉਸ ਨੂੰ ਬਾਥੂਪੱਟ ਕਹਿਣ ਲੱਗ ਪਏ ਜੋ ਬਾਅਦ ਵਿੱਚ ਉਸ ਦੇ ਨਾਂਅ ਨਾਲ ਪੱਕਾ ਹੀ ਜੁੜ ਗਿਆ।
ਮਿੱਠੂ ਸਿੰਘ ਹੁਣ ਤੱਕ ਲਗਭਗ ਅੱਧੇ ਪੰਜਾਬ ਦੇ ਪਿੰਡਾਂ ਦੇ ਨਾਲ-ਨਾਲ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਚੰਡੀਗੜ੍ਹ ਤੇ ਦਿੱਲੀ ਵਿੱਚ ਬਾਜੀ ਪਾ ਚੁੱਕਾ ਹੈ। ਇਸ ਤੋਂ ਇਲਾਵਾ ਉਸ ਦੀ ਟੋਲੀ ਨੇ ‘ਮਿੱਟੀ ਵਾਜਾਂ ਮਾਰਦੀ’ ਤੇ ‘ਨਾਢੂ ਖਾਂ’ ਪੰਜਾਬੀ ਫਿਲਮਾਂ ਵਿੱਚ ਬਾਜੀ ਰਾਹੀਂ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਉਹ ਇੱਕ ਤੋਂ ਵੱਧ ਵਾਰ 26 ਜਨਵਰੀ ਨੂੰ ਦਿੱਲੀ ਗਣਤੰਤਰ ਦਿਵਸ ’ਤੇ ਪੰਜਾਬ ਦੀ ਝਾਕੀ ਜਰੀਏ ਆਪਣੀ ਬਾਜੀ ਦਾ ਜਲਵਾ ਵੀ ਵਿਖਾ ਚੁੱਕਾ ਹੈ। ‘ਬਾਥੂਪੱਟ’ ਨੇ ਆਪਣੇ ਦੋਵੇਂ ਮੁੰਡੇ ਵੀ ਪਹਿਲਾਂ ਤਾਂ ਆਪਣੇ ਨਾਲ ਬਾਜੀ ਪਾਉਣ ਲਈ ਲਾ ਲਏ ਸਨ। ਪਰ ਵਕਤ ਦੇ ਬਦਲਣ ਨਾਲ ਬਾਜੀ ਜਦ ਗੁਜ਼ਾਰੇ ਦਾ ਸਾਧਨ ਨਾ ਰਹੀ ਤਾਂ ਉਸ ਦਾ ਇੱਕ ਮੁੰਡਾ ਫੈਕਟਰੀ ਵਿੱਚ ਕੰਮ ਕਰਨ ਲੱਗ ਪਿਆ। ਇਸ ਕਰਕੇ ਹੁਣ ਉਹ ਆਪਣੇ ਇੱਕ ਮੁੰਡੇ ਨਾਲ ਹੀ ਬਾਜੀ ਪਾ ਰਿਹਾ ਹੈ।
ਮਿੱਠੂ ਸਿੰਘ ਦੱਸਦਾ ਕਿ ਪੁਰਾਣੇ ਸਮੇਂ ਵਿੱਚ ਪਿੰਡਾਂ ਦੇ ਲੋਕ ਬਾਜੀਗਰਾਂ ਦੀ ਬਹੁਤ ਇੱਜਤ ਕਰਦੇ ਸਨ ਉਹ ਖਾਧ ਖੁਰਾਕ ਦੇ ਨਾਲ ਕੱਪੜੇ, ਦਾਣੇ ਤੇ ਨਗਦੀ ਆਦਿ ਦਾਨ ਦੇ ਕੇ ਮਾਣ ਕਰਦੇ ਸਨ। ਉਹ ਪੰਦਰਾਂ-ਪੰਦਰਾਂ ਦਿਨ ਸਾਨੂੰ ਆਪਣੇ ਪਿੰਡਾਂ ਵਿੱਚੋਂ ਜਾਣ ਨਾ ਦਿੰਦੇ। ਪਰ ਅਜੋਕੇ ਸਮੇਂ ਵਿੱਚ ਬਹੁਤ ਕੁਝ ਬਦਲ ਗਿਆ ਹੈ ਤੇ ਅੱਜ ਦੀ ਨੌਜਵਾਨ ਪੀੜ੍ਹੀ ਮੋਬਾਈਲ ਫੋਨਾਂ ਵਿੱਚ ਗ੍ਰਸਤ ਹੋ ਕੇ ਰਹਿ ਗਈ ਹੈ। ਜਿਸ ਕਰਕੇ ਉਹ ਆਪਣੀਆਂ ਲੋਕ-ਖੇਡਾਂ ਤੇ ਪੁਰਾਤਨ ਲੋਕ ਕਲਾਵਾਂ ਤੋਂ ਬੇਮੁੱਖ ਹੋ ਗਈ ਹੈ। ਇੰਟਰਨੈੱਟ ਦੇ ਯੁੱਗ ਵਿੱਚ ਅੱਜ ਬਾਜੀ ਆਪਣੀ ਹੋਂਦ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੀ ਹੈ।
ਮਿੱਠੂ ਸਿੰਘ ‘ਬਾਥੂਪੱਟ’ ਦੀ ਉਮਰ ਸੱਠ ਸਾਲ ਤੋਂ ਉੱਪਰ ਹੋਣ ਕਰਕੇ ਭਾਵੇਂ ਹੁਣ ਉਸ ਵਿੱਚ ਪੁਰਾਣੀ ਲਚਕ ਤੇ ਫੁਰਤੀਲਾਪਣ ਨਹੀਂ ਰਿਹਾ ਪਰ ਉਹ ਅਜੇ ਵੀ ਲੋਕ-ਕਲਾ ‘ਬਾਜੀ’ ਨੂੰ ਸਮਰਪਿਤ ਹੈ। ਉਹ ਅੱਜ ਵੀ ਵਿਰਲੇ-ਟਾਵੇਂ ਪਿੰਡਾਂ ਵਿੱਚ ਬਾਜੀ ਪਾਉਣ ਜਾਂਦਾ ਹੈ। ਪਰ ਉਹ ਭਰੇ ਮਨ ਨਾਲ ਕਹਿੰਦਾ ਹੈ ਕਿ ਬਾਜੀ ਪ੍ਰਤੀ ਲੋਕਾਂ ਵਿੱਚ ਹੁਣ ਪੁਰਾਣੇ ਸਮੇਂ ਵਾਲੀ ਖਿੱਚ ਤੇ ਉਤਸ਼ਾਹ ਵੇਖਣ ਨੂੰ ਨਹੀਂ ਮਿਲਦਾ ਹੈ। ਮਿੱਠੂ ਸਿੰਘ ‘ਬਾਥੂਪੱਟ’ ਦੱਸਦਾ ਹੈ ਕਿ ਬਾਜੀ ਪਾਉਣਾ ਕੋਈ ਸੌਖਾ ਕੰਮ ਨਹੀਂ ਹੈ ਇਸ ਵਿੱਚ ਬਹੁਤ ਜੋਖਮ ਹਨ। ਉਸ ਦੇ ਜਵਾਨੀ ਵੇਲੇ ਕਰਤੱਬ ਵਿਖਾਉਂਦਿਆਂ ਲੱਗੀਆਂ ਸੱਟਾਂ ਹੁਣ ਬੁਢਾਪੇ ਵਿੱਚ ਆ ਕੇ ਦਰਦ ਦਿੰਦੀਆਂ ਹਨ।
ਇਸ ਤੋਂ ਬਿਨਾਂ ਆਰਥਿਕ ਤੰਗੀ ਤੇ ਬਾਜੀ ਦੇ ਪ੍ਰਤੀ ਲੋਕਾਂ ਦੀ ਦਿਲਚਸਪੀ ਘਟਣ ਨਾਲ ਹੁਣ ਚੰਗੀ ਖਾਧ ਖੁਰਾਕ ਖਾਣੀ ਔਖੀ ਹੋ ਗਈ ਹੈ ਜੋ ਕਿ ਕਿਸੇ ਬਾਜੀਗਰ ਲਈ ਅਤਿ ਜ਼ਰੂਰੀ ਹੁੰਦੀ ਹੈ।
ਉਹ ਸਰਕਾਰ ਪ੍ਰਤੀ ਗਿਲਾ ਜ਼ਾਹਿਰ ਕਰਦਿਆਂ ਕਹਿੰਦਾ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਸਾਂਭੀ ਬੈਠੇ ਹਾਂ ਪਰ ਕਿਸੇ ਸਰਕਾਰ ਨੇ ਵੀ ਸਾਡੀ ਆਰਥਿਕ ਮੱਦਦ ਨਹੀਂ ਕੀਤੀ, ਬੱਸ ਹੁਣ ਤੱਕ ਟਰਾਫੀਆਂ ਤੇ ਪ੍ਰਸੰਸਾ ਪੱਤਰ ਹੀ ਦਿੱਤੇ ਜਾਂਦੇ ਹਨ।
ਉਹ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ ਕਿ ਉਹ ਜ਼ਰੂਰ ਸਾਲ ਵਿੱਚ ਦੋ ਵਾਰ ਮੇਲੇ ’ਤੇ ਬੁਲਾ ਸਾਨੂੰ ਮਾਣ-ਸਨਮਾਨ ਦਿੰਦੇ ਹਨ। ਪਰ ਇਸ ਤੋਂ ਬਿਨਾਂ ਕਿਸੇ ਹੋਰ ਅਦਾਰੇ ਨੇ ਸਾਡੀ ਸਾਰ ਨਹੀਂ ਲਈ ਹੈ। ਸਰਕਾਰ ਦੀ ਇਸ ਬੇਰੁਖੀ ਕਰਕੇ ਬਹੁਤ ਸਾਰੇ ਬਾਜੀਗਰ ਆਪਣੇ ਇਸ ਪਿਤਾਪੁਰਖੀ ਕਿੱਤੇ ਨੂੰ ਛੱਡ ਕੇ ਹੋਰ ਕਿੱਤਿਆਂ ਨਾਲ ਜੁੜ ਗਏ ਹਨ। ਉਸ ਨੇ ਵੀ ਅੱਗੇ ਆਪਣੇ ਪੋਤਰਿਆਂ ਨੂੰ ਇਸ ਪਿਤਾਪੁਰਖੀ ਕਿੱਤੇ ਤੋਂ ਦੂਰ ਰੱਖਿਆ ਹੈ।
ਉਹ ਸਰਕਾਰ ਨੂੰ ਅਪੀਲ ਕਰਦਾ ਕਹਿੰਦਾ ਹੈ ਕਿ ਸਰਕਾਰ ਇਸ ਅਲੋਪ ਹੋ ਰਹੀ ਲੋਕ-ਕਲਾ ਬਾਜੀ ਨੂੰ ਸੰਭਾਲਣ ਦਾ ਯਤਨ ਕਰੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਾਜੀ ਬੀਤੇ ਸਮੇਂ ਦੀ ਬਾਤ ਬਣ ਕੇ ਰਹਿ ਜਾਵੇਗੀ।
ਮਨਜੀਤ ਮਾਨ,
ਸਾਹਨੇਵਾਲੀ (ਮਾਨਸਾ)
ਮੋ. 70098-98044
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ