ਪਾਣੀ ਦੀ ਦੁਰਵਰਤੋਂ ਬਣ ਸਕਦੀ ਹੈ ਪੰਜਾਬ ਲਈ ਵੱਡਾ ਦੁਖਾਂਤ
ਅੱਜ ਸਾਡੀ ਧਰਤੀ ਉੱਤੇ ਕੁਦਰਤ ਵੱਲੋਂ ਬਖਸ਼ੇ ਕਈ ਅਣਮੋਲ ਭੰਡਾਰ ਹਨ ਜਿਹਨਾਂ ਵਿੱਚੋਂ ਸਾਡੇ ਲਈ ਪਾਣੀ ਇੱਕ ਬਹੁਮੁੱਲਾ ਤੋਹਫਾ ਹੈ ਤੇ ਇਸ ਦਾ ਸਾਡੇ ਜੀਵਨ ਨਾਲ ਬਹੁਤ ਗਹਿਰਾ ਸਬੰਧ ਹੈ। ਸਾਡਾ ਜੀਵਨ ਇਸ ਕੁਦਰਤੀ ਸਰੋਤ ਉੱਤੇ ਪੂਰੀ ਤਰਾਂ ਨਿਰਭਰ ਹੈ ਤੇ ਜਿਉਂਦੇ ਰਹਿਣ ਲਈ ਅਸੀਂ ਇਸ ਦੀ ਵਰਤੋਂ ਦਿਨ ਰਾਤ ਕਰ ਰਹੇ ਹਾਂ। ਬੇਸ਼ੱਕ ਕੁਦਰਤੀ ਭੰਡਾਰ ਨਾ ਮੁੱਕਣ ਵਾਲਾ ਖਜ਼ਾਨਾ ਹੁੰਦੇ ਹਨ ਪਰ ਅੱਜ ਕਿਤੇ ਨਾ ਕਿਤੇ ਇਸ ਕੁਦਰਤ ਦੇ ਵਰਦਾਨ ਦੀ ਹੋਂਦ ਖਤਰੇ ਵਿੱਚ ਦਿਖਾਈ ਦੇ ਰਹੀ ਹੈ।
ਖੇਤਰਫਲ ਪੱਖੋਂ ਭਾਵੇਂ ਸਾਡੀ ਧਰਤੀ 72% ਪਾਣੀ ਨਾਲ ਘਿਰੀ ਹੋਈ ਹੈ ਪਰ ਸੰਸਾਰ ਵਿੱਚ ਹਾਲੇ ਵੀ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਪੀਣ ਵਾਲੇ ਸਾਫ ਤੇ ਸ਼ੁੱਧ ਪਾਣੀ ਤੋਂ ਵਾਂਝੇ ਹਨ ਤੇ ਅੱਜ ਸਾਨੂੰ ਇਹਨਾਂ ਲੋਕਾਂ ਨੂੰ ਸ਼ੁੱਧ ਪਾਣੀ ਮੁੱਹਈਆ ਕਰਵਾਉਣ ਦੀ ਸਖਤ ਲੋੜ ਹੈ। ਬੇਸ਼ੱਕ ਧਰਤੀ ਉੱਪਰ ਪਾਣੀ ਦੀ ਮਾਤਰਾ ਬਹੁਤ ਹੈ ਪਰ ਜਿਸ ਤਰਾਂ ਮਨੁੱਖ ਸ਼ੁੱਧ ਅਤੇ ਸਾਫ਼ ਪਾਣੀ ਨੂੰ ਦਿਨ ਰਾਤ ਗੰਧਲਾ ਕਰਕੇ ਬੇਝਿਜਕ ਇਸ ਦੀ ਦੁਰਵਰਤੋਂ ਕਰ ਰਿਹਾ ਹੈ
ਉਸ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਸਾਡੇ ਕੋਲ ਸਾਫ਼ ਤੇ ਸਵੱਛ ਜਲ ਬਹੁਤੀ ਦੇਰ ਤਕ ਨਹੀਂ ਰਹਿ ਸਕੇਗਾ। ਬੇਸ਼ੱਕ ਦੁਨੀਆਂ ਵਿੱਚ ਪਾਣੀ ਦੀ ਸਾਂਭ-ਸੰਭਾਲ ਲਈ ਅਨੇਕਾਂ ਹੀ ਸੰਸਥਾਵਾਂ ਕੰਮ ਕਰ ਰਹੀਆਂ ਹਨ ਤਾਂ ਜੋ ਕੁਦਰਤ ਦੀ ਇਸ ਨਿਆਮਤ ਨੂੰ ਸਾਂਭਿਆ ਜਾ ਸਕੇ ਪਰ ਅੱਜ ਤੱਕ ਇਸ ਦੇ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ ਜਿਸ ਦਾ ਮੂਲ ਕਾਰਨ ਆਮ ਲੋਕਾਂ ਦਾ ਲਾਪਰਵਾਹੀ ਭਰਿਆ ਰਵੱਈਆ ਹੈ।ਮਨੁੱਖੀ ਹੋਂਦ ਲਈ ਪਾਣੀ ਲਾਜ਼ਮੀ ਹੈ ਤੇ ਇਸ ਤੋਂ ਬਿਨਾਂ ਜੀਵਨ ਨਹੀਂ ਚਿਤਵਿਆ ਜਾ ਸਕਦਾ, ਕਿਉਂਕਿ ਪਾਣੀ ਆਰਥਿਕ ਤਰੱਕੀ, ਸੱਭਿਆਚਾਰਕ ਉੱਨਤੀ, ਤੰਦਰੁਸਤ ਸਿਹਤ ਅਤੇ ਦਾ ਅਧਾਰ ਹੈ।
ਦੇਸ਼ ਵਿੱਚ ਪਾਣੀ ਦਾ ਸੰਕਟ ਬੁਰੀ ਤਰ੍ਹਾਂ ਵੱਧਦਾ ਜਾ ਰਿਹਾ ਹੈ, ਪਰ ਅਸੀਂ ਪਾਣੀ ਨੂੰ ਅਣਚਾਹੀ ਵਸਤੂ ਸਮਝ ਕੇ ਇਸ ਦੀ ਦੁਰਵਰਤੋਂ ਕਰ ਰਹੇ ਹਾਂ ਤੇ ਇਸ ਨੂੰ ਦਿਨ ਬਦਿਨ ਮਲੀਨ ਕਰੀ ਜਾ ਰਹੇ ਹਾਂ। ਮਨੁੱਖ ਵਿਕਾਸ ਦੀ ਦੌੜ ਵਿੱਚ ਪੈ ਕੇ ਧਰਤੀ ਦੇ ਇਸ ਕੁਦਰਤੀ ਸੋਮੇਂ ਨੂੰ ਏਨਾ ਉਜਾੜ ਰਿਹਾ ਹੈ ਕਿ ਇਸ ਧਰਤੀ ਉਪਰ ਅੱਜ ਮਨੁੱਖੀ ਹੋਂਦ ਵੀ ਖਤਰੇ ਵਿੱਚ ਪੈ ਗਈ ਹੈ। ਭਾਰਤ ਦੇ ਕਈ ਰਾਜਾਂ ਜਿਵੇਂ ਰਾਜਸਥਾਨ, ਉੜੀਸਾ, ਬਿਹਾਰ ਆਦਿ ਵਿੱਚ ਪਾਣੀ ਨੂੰ ਲੈ ਕੇ ਉਥੋਂ ਦੇ ਜਨ ਜੀਵਨ ਵਿੱਚ ਬਹੁਤ ਦਿੱਕਤਾਂ ਵਧ ਰਹੀਆਂ ਹਨ ਤੇ ਇੱਥੋਂ ਤੱਕ ਕਿ ਸਾਡੇ ਦੇਸ਼ ਦੀ ਪਵਿੱਤਰ ਨਦੀ ਗੰਗਾ ਵੀ ਅਪਵਿੱਤਰ ਹੋ ਚੁੱਕੀ ਹੈ,
ਕਿਉਂਕਿ ਸਨਅਤੀਕਰਨ ਨੇ ਉਸ ਦੀ ਪਵਿੱਤਰਤਾ ਨੂੰ ਆਪਣੇ ਵਿਕਾਸ ਦੀ ਬਲੀ ਚੜ੍ਹਾ ਦਿੱਤਾ ਹੈ। ਕਈ ਸੰਤ ਤੇ ਸਾਮਾਜ ਸੇਵੀ ਸੰਸਥਾਵਾਂ ਇਸ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਕਾਫੀ ਜੱਦੋ ਜਹਿਦ ਕਰ ਰਹੀਆਂ ਹਨ ਪਰ ਅਜੇ ਤੱਕ ਕੋਈ ਚੰਗੇ ਨਤੀਜੇ ਸਾਹਮਣੇ ਨਹੀਂ ਆ ਸਕੇ। ਭਾਰਤ ਦੇ ਕਈ ਰਾਜਾਂ ਨੂੰ ਤਾਂ ਡਾਰਕ ਜੋਨ ਦਾ ਦਰਜਾ ਵੀ ਦਿੱਤਾ ਜਾ ਚੁੱਕਾ ਹੈ। ਜੇ ਗੱਲ ਕਰੀਏ ਤਾਂ ਪੰਜ ਦਰਿਆਵਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਪੰਜਾਬ ਵੀ ਅੱਜ ਪਾਣੀ ਦੀ ਸਮੱਸਿਆ ਦਾ ਬੁਰੀ ਤਰਾਂ ਸਾਹਮਣਾ ਕਰ ਰਿਹਾ ਹੈ ਤੇ ਇਸ ਰਾਜ ਦੇ ਕਾਫੀ ਜਲ ਸਰੋਤ ਗੰਧਲੇ ਹੋ ਰਹੇ ਹਨ।
ਪੰਜਾਬ ਦੇ ਦਰਿਆਵਾਂ ਵਿੱਚ ਅੱਜ ਪਾਣੀ ਦੀ ਥਾਂ ਬਹੁ ਮਾਤਰਾ ਵਿੱਚ ਰਸਾਇਣ ਵਗ ਰਿਹਾ ਹੈ। ਆਪਣੇ ਉਦਯੋਗਿਕ ਧੰਦਿਆਂ ਰਾਹੀਂ ਧੰਨ ਦਾ ਲਾਹਾ ਲੈਣ ਲਈ ਚੰਦ ਲੋਕ ਇਸ ਕੁਦਰਤੀ ਜਲ ਦਾ ਦਿਨ ਰਾਤ ਵਿਨਾਸ਼ ਕਰ ਰਹੇ ਹਨ ਜਿਸ ਦਾ ਖਮਿਆਜਾ ਇੱਕ ਦਿਨ ਪੂਰੇ ਪੰਜਾਬ ਨੂੰ ਭੁਗਤਣਾ ਪਵੇਗਾ। ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣੇ ਦੇ ਕਾਰਖਾਨਿਆਂ ਦਾ ਜਹਿਰੀਲਾ ਪਾਣੀ ਲਗਾਤਾਰ ਸਤਲੁਜ ਦਰਿਆ ਵਿੱਚ ਪੈ ਰਿਹਾ ਹੈ ਜਿਸ ਨਾਲ ਪੰਜਾਬ ਦਾ ਇਹ ਪ੍ਰਮੁੱਖ ਦਰਿਆ ਅੱਜ ਬੁਰੀ ਤਰਾਂ ਪਲੀਤ ਹੋ ਗਿਆ ਹੈ। ਅੰਮ੍ਰਿਤ ਕਹਾਉਣ ਵਾਲਾ ਪੰਜਾਬ ਦਾ ਇਹ ਪਾਣੀ ਅੱਜ ਪੂਰੀ ਤਰਾਂ ਆਪਣੀ ਹੋਂਦ ਨੂੰ ਗੁਆ ਕੇ ਪ੍ਰਦੂਸ਼ਿਤ ਹੋ ਚੁੱਕਾ ਹੈ।
ਇਸ ਦਰਿਆ ਦਾ ਪਾਣੀ ਹਰੀਕੇ ਪੱਤਣ ਤੋਂ ਹੁੰਦਾ ਹੋਇਆ ਨਹਿਰਾਂ ਰਾਹੀਂ ਰਾਜਸਥਾਨ ਤੱਕ ਜਾਂਦਾ ਹੈ ਜਿੱਥੇ ਕੁਦਰਤੀ ਪਾਣੀ ਦੀ ਕਮੀ ਹੋਣ ਕਾਰਨ ਉਥੋਂ ਦੇ ਲੋਕ ਇਹਨਾਂ ਨਹਿਰਾਂ ਦਾ ਪਾਣੀ ਹੀ ਪੀਣ ਲਈ ਵਰਤੋਂ ਵਿੱਚ ਲਿਆਉਂਦੇ ਹਨ। ਜਿੱਥੇ ਅੱਜ ਅਸੀਂ ਏਨੀ ਵੱਡੀ ਮਾਤਰਾ ਵਿੱਚ ਪਾਣੀ ਨੂੰ ਗੰਧਲਾ ਕਰ ਰਹੇ ਹਾਂ ਉਥੇ ਹੀ ਅਸੀਂ ਧਰਤੀ ਹੇਠਲਾ ਪਾਣੀ ਕੱਢ ਕੇ ਕੁਦਰਤ ਦੇ ਇਸ ਅਨਮੋਲ ਖਜਾਨੇ ਨੂੰ ਵੀ ਬਰਬਾਦ ਕਰਦੇ ਜਾ ਰਹੇ ਹਾਂ। ਜਿੱਥੇ ਇਸ ਕੁਦਰਤੀ ਖਜਾਨੇ ਨੂੰ ਸੰਭਾਲਣ ਦੀ ਜਿੰਮੇਵਾਰੀ ਅੱਜ ਪੂਰੇ ਸਮਾਜ ਦੀ ਬਣਦੀ ਹੈ ਉੱਥੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਕੁਦਰਤੀ ਸੋਮੇ ਦੇ ਹੋ ਰਹੇ ਇਸ ਸਰਵਪੱਖੀ ਉਜਾੜੇ ਨੂੰ ਰੋਕਿਆ ਜਾ ਸਕੇ।
ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਜਾ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਇੱਕ ਗੰਭੀਰ ਸਮੱਸਿਆ ਹੈ। ਬੂੰਦ ਬੂੰਦ ਪਾਣੀ ਦੀ ਬਚਾਉਣਾ ਅੱਜ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਪੰਜਾਬ ਦੀ ਧਰਤੀ ਉੱਪਰ ਰਸਾਇਣਕ ਖਾਦਾਂ ਤੇ ਜਹਿਰੀਲੇ ਤੱਤਾਂ ਦੀ ਵਰਤੋਂ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਬਹੁਤ ਵਧ ਗਈ ਹੈ ਉੱਥੇ ਹੀ ਉਦਯੋਗਿਕ ਫੈਕਟਰੀਆਂ ਵਿੱਚੋਂ ਨਿਕਲਿਆ ਕੂੜਾ ਕਰਕਟ ਨਦੀਆਂ ਦੇ ਸਾਫ ਪਾਣੀ ਵਿੱਚ ਪੈ ਰਿਹਾ ਹੈ ਜਿਸ ਕਾਰਨ ਇਹ ਪਾਣੀ ਅੱਜ ਪੀਣ ਦੇ ਯੋਗ ਨਹੀਂ ਰਿਹਾ।
ਇਸ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਨਾਲ ਬਹੁਤ ਸਾਰੇ ਲੋਕ ਘਾਤਕ ਬਿਮਾਰੀਆਂ ਜਿਵੇਂ ਚਮੜੀ ਰੋਗ, ਅਲਸਰ, ਕੈਂਸਰ ਆਦਿ ਦੇ ਸ਼ਿਕਾਰ ਹੋ ਰਹੇ ਹਨ ਤੇ ਇਹ ਰਸਾਇਣਕ ਪਦਾਰਥਾਂ ਦੀ ਮਿਲਾਵਟ ਵਾਲਾ ਪਾਣੀ ਅੱਜ ਮਨੁੱਖੀ ਹੋਂਦ ਲਈ ਘਾਤਕ ਬਣਦਾ ਜਾ ਰਿਹਾ ਹੈ। ਇਹ ਹੀ ਨਹੀਂ ਪਾਣੀ ਦੀ ਕਮੀ ਵੀ ਸਾਡੇ ਲਈ ਇੱਕ ਦਿਨ ਬਹੁਤ ਵੱਡਾ ਦੁਖਾਂਤ ਬਣੇਗੀ ਜਿਸ ਪ੍ਰਤੀ ਅੱਜ ਹਰ ਮਨੁੱਖ ਨੂੰ ਜਾਗਰੂਕ ਹੋਣ ਦੀ ਲੋੜ ਹੈ। ਸਾਡੀ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਤੇ ਸਾਨੂੰ ਅੱਜ ਇਸ ਕੁਦਰਤੀ ਨਿਆਮਤ ਨੂੰ ਸ਼ੁੱਧ ਰੱਖਣ ਤੇ ਇਸ ਦੀ ਇੱਕ ਇੱਕ ਬੂੰਦ ਨੂੰ ਬਚਾਉਣ ਲਈ ਵੱਡੇ ਉਪਰਾਲੇ ਕਰਨੇ ਪੈਣਗੇ।
ਜਿਵੇਂ ਕਿ ਪਾਣੀ ਦੀ ਜਿਆਦਾ ਖਪਤ ਖੇਤੀ ਦੀ ਸਿੰਜਾਈ ਲਈ ਕੀਤੀ ਜਾਂਦੀ ਹੈ ਇਸ ਲਈ ਕਿਸਾਨ ਭਾਈਚਾਰੇ ਨੂੰ ਵੀ ਚਾਹੀਦਾ ਹੈ ਕਿ ਅਗਰ ਕਿਸਾਨੀ ਧੰਦੇ ਨੂੰ ਜਿੰਦਾ ਰੱਖਣਾ ਹੈ ਤਾਂ ਉਹ ਇਸ ਵੱਲ ਵਿਸ਼ੇਸ਼ ਧਿਆਨ ਦੇਣ। ਅੱਜ ਚਾਲ੍ਹੀ ਲੱਖ ਤੋਂ ਵੀ ਵੱਧ ਟਿਊਬਵੈੱਲ ਧਰਤੀ ਹੇਠਲਾ ਪਾਣੀ ਲਗਾਤਾਰ ਖਿੱਚ ਰਹੇ ਹਨ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਗਹਿਰੀ ਚਿੰਤਾ ਦਾ ਵਿਸ਼ਾ ਹੈ। ਕਿਸਾਨ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਖੇਤੀ ਵਿੱਚ ਝੋਨਾ, ਸਫੈਦੇ, ਪਾਪੂਲਰ ਵਗੈਰਾ ਨੂੰ ਘੱਟ ਤਰਜੀਹ ਦੇ ਕੇ ਖਜ਼ੂਰ, ਫ਼ਲਦਾਰ ਬੂਟੇ, ਤੇ ਘੱਟ ਪਾਣੀ ਵਾਲੀਆਂ ਫਸਲਾਂ ਜਿਵੇਂ ਮੱਕੀ, ਛੋਲੇ, ਬਾਜਰਾ, ਕਣਕ, ਜੌਂ, ਸਬਜੀਆਂ, ਦਾਲਾਂ ਆਦਿ ਬੀਜਣ ਨੂੰ ਹੀ ਪਹਿਲ ਦੇਣ।
ਕਿਸਾਨ ਆਪਣੀਆਂ ਫਸਲਾਂ ਦੀ ਸਿੰਜਾਈ ਲਈ ਡਰਿੱਪ ਇਰੀਗੇਸ਼ਨ ਤੇ ਸਪਰਿੰਕਲਰ ਜਿਹੀਆਂ ਵਿਧੀਆਂ ਨੂੰ ਅਪਨਾਉਣ ਤਾਂ ਜੋ ਪਾਣੀ ਦੀ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕੇ। ਸ਼ਹਿਰ ਹੋਵੇ ਜਾਂ ਪਿੰਡ ਅਸੀਂ ਘਰਾਂ ਵਿੱਚ ਰੇਨ ਵਾਟਰ ਹਾਰਵੈਸਟਿੰਗ, ਰੂਫ ਟਾੱਪ ਹਾਰਵੈਸਟਿੰਗ ਅਤੇ ਰੀਚਾਰਜਿੰਗ ਸਿਸਟਮ ਲਗਾ ਕੇ ਮੀਂਹ ਦੇ ਪਾਣੀ ਦੀ ਸੰਭਾਲ ਕਰ ਸਕਦੇ ਹਾਂ ਤੇ ਉਸ ਨੂੰ ਮੁੜ ਵਰਤੋਂ ਵਿੱਚ ਲੈ ਕੇ ਇਸ ਵਧ ਰਹੇ ਸੰਕਟ ਨੂੰ ਕਾਫੀ ਹੱਦ ਤੱਕ ਟਾਲ ਸਕਦੇ ਹਾਂ। ਇਹਨਾਂ ਉਪਰਾਲਿਆਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਾਡੇ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਜਾਗਰੂਕ ਕਰਨਾਂ ਪਵੇਗਾ ਤੇ ਦੱਸਣਾ ਹੋਏਗਾ ਕਿ ਪਾਣੀ ਸਾਡੇ ਜੀਵਨ ਦਾ ਅਧਾਰ ਹੈ ਤੇ ਇਹ ਕੁਦਰਤ ਦੀ ਸਾਡੇ ਜੀਵਨ ਲਈ ਇੱਕ ਵਡਮੁੱਲੀ ਦਾਤ ਹੈ। ਜਿਸ ਤਰਾਂ ਭੋਜਨ ਸਾਡੇ ਲਈ ਜਰੂਰੀ ਹੈ ਉਸ ਤਰਾਂ ਪਾਣੀ ਤੋਂ ਬਿਨਾਂ ਵੀ ਮਨੁੱਖ ਦਾ ਇਸ ਧਰਤੀ ਤੇ ਜਿਉਣਾ ਅਸੰਭਵ ਹੈ।
ਗੁਰਬਾਣੀ ਵਿੱਚ ਵੀ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਤੇ ਜਿਸ ਤਰਾਂ ਖੇਤੀ ਵੀ ਪਾਣੀ ਬਿਨਾਂ ਹਰੀ ਭਰੀ ਨਹੀਂ ਰਹਿ ਸਕਦੀ ਬਿੱਲਕੁਲ ਉਸੇ ਤਰਾਂ ਇਸ ਕੁਦਰਤੀ ਖਜਾਨੇ ਬਿਨਾਂ ਸਾਡਾ ਜੀਵਨ ਸੰਭਵ ਨਹੀਂ। ਪਾਣੀ ਦੀ ਸੰਭਾਲ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਇਹ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਸਾਰੇ ਇਸ ਦੀ ਹੋ ਰਹੀ ਦੁਰਵਰਤੋਂ ਪ?ਤੀ ਸੁਚੇਤ ਹੋਵਾਂਗੇ। ਆਉ ਆਪਾਂ ਸਭ ਰਲ ਮਿਲ ਕੇ ਧਰਮਾਂ, ਜਾਤਾਂ ਪਾਤਾਂ, ਅਮੀਰੀ ਗਰੀਬੀ ਦੇ ਭੇਦ ਭਾਵ ਤੋਂ ਉਪਰ ਉਠ ਕੇ ਸਾਰੀ ਮਨੁੱਖਤਾ ਦੇ ਭਲੇ ਲਈ ਇਸ ਕੁਦਰਤੀ ਖਜ਼ਾਨੇ ਨੂੰ ਸੰਭਾਲਣ ਦਾ ਵਿਸ਼ੇਸ਼ ਉਪਰਾਲਾ ਕਰੀਏ ਤੇ ਆਪਣੇ ਗੁਰੂਆਂ ਪੀਰਾਂ ਦੀ ਸੋਚ ਤੇ ਪਹਿਰਾ ਦੇਈਏ..!!
ਮੋ: 9417241037
ਗੁਰਦੀਪ ਸਿੰਘ ਭੁੱਲਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.