Ludhiana News: ਜਗਰਾਓਂ (ਲੁਧਿਆਣਾ) (ਸੁਰਿੰਦਰ ਕੁਮਾਰ ਸ਼ਰਮਾ)। ਜਗਰਾਓਂ ਖੇਤਰ ’ਚ ਦੋ ਨਾਬਾਲਗ ਕੁੜੀਆਂ ਦਾ ਪੈਸਿਆਂ ਦੇ ਲਾਲਚ ’ਚ ਉਨ੍ਹਾਂ ਦੀ ਉਮਰ ਲੁਕਾ ਕੇ ਤੇ ਬਿਨਾਂ ਸਹਿਮਤੀ ਦੇ ਜ਼ਬਰਦਸਤੀ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਜਗਰਾਓਂ ਪੁਲਿਸ ਸਟੇਸ਼ਨ ਦੇ ਐੱਸਐੱਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਰੂਮੀ ਦੇ ਵਸਨੀਕ ਗੁਰਪ੍ਰੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਉਸਦੀ ਪਤਨੀ ਸੁਖਵਿੰਦਰ ਕੌਰ ਨੇ ਹੋਰ ਲੋਕਾਂ ਨਾਲ ਮਿਲ ਕੇ ਉਸ ਦੀਆਂ ਨਾਬਾਲਗ ਭਤੀਜੀਆਂ ਨੂੰ ਵੇਚ ਦਿੱਤਾ ਹੈ।
ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਕੁੜੀਆਂ ਨੂੰ ਵੇਚਿਆ ਨਹੀਂ ਗਿਆ ਸੀ, ਪਰ ਉਨ੍ਹਾਂ ਦੀ ਨਾਬਾਲਗ ਉਮਰ ਨੂੰ ਛੁਪਾ ਕੇ ਅਤੇ ਉਨ੍ਹਾਂ ਦੀ ਰਜ਼ਾਮੰਦੀ ਤੋਂ ਬਿਨਾਂ ਵਿਆਹ ਕਰਵਾਇਆ ਗਿਆ। ਇਸ ਸਾਜ਼ਿਸ਼ ਵਿੱਚ ਪੀੜਤਾਂ ਦੇ ਮਾਮੇ ਦਾ ਪੁੱਤਰ ਲੱਖਾ ਸਿੰਘ ਵਿਚੋਲੇ ਦੀ ਭੂਮਿਕਾ ’ਚ ਸਾਹਮਣੇ ਆਇਆ, ਜਦਕਿ ਰੇਸ਼ਮ ਕੌਰ ਨੇ ਪੂਰੀ ਯੋਜਨਾ ਨੂੰ ਅਮਲ ਵਿੱਚ ਲਿਆਉਣ ਵਿੱਚ ਭੂਮਿਕਾ ਨਿਭਾਈ ਪੁਲਿਸ ਮੁਤਾਬਿਕ ਮੁਲਜ਼ਮਾਂ ਨੇ ਪੈਸਿਆਂ ਦੀ ਪੇਸ਼ਕਸ਼ ਕਰਕੇ ਲੱਖਾ ਸਿੰਘ ਨੂੰ ਆਪਣੀ ਸਾਜ਼ਿਸ਼ ਵਿੱਚ ਸ਼ਾਮਲ ਕੀਤਾ ਤੇ ਨਾਬਾਲਗ ਕੁੜੀਆਂ ਦੇ ਵਿਆਹ ਕਰਵਾ ਕੇ ਵਿੱਤੀ ਲਾਭ ਪ੍ਰਾਪਤ ਕੀਤਾ। Ludhiana News
Read Also : ਗਣਤੰਤਰ ਦਿਵਸ ਨੂੰ ਮੱਦੇਨਜ਼ਰ ਫ਼ਰੀਦਕੋਟ ਪੁਲਿਸ ਨੇ ਸ਼ਹਿਰ ’ਚ ਕੀਤਾ ਫਲੈਗ ਮਾਰਚ
ਸ਼ਿਕਾਇਤ ਅਤੇ ਜਾਂਚ ਦੇ ਆਧਾਰ ’ਤੇ ਸਦਰ ਜਗਰਾਓਂ ਥਾਣੇ ’ਚ ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਕੌਰ ਵਾਸੀ ਅਹਿਮਦਗੜ੍ਹ ਛੰਨਾ, ਲੱਖਾ ਸਿੰਘ ਵਾਸੀ ਪਿੰਡ ਰੂਮੀ, ਰੇਸ਼ਮ ਕੌਰ ਵਾਸੀ ਇਯਾਲੀ ਕਲਾਂ (ਦਾਖਾ) ਤੇ ਹਰਜਿੰਦਰ ਕੌਰ ਉਰਫ਼ ਮਿੰਟੂ ਵਾਸੀ ਪਿੰਡ ਰੂਮੀ ਵਜੋਂ ਹੋਈ ਹੈ। ਐੱਸਐੱਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਰਜਿੰਦਰ ਕੌਰ ਤੇ ਰੇਸ਼ਮ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।














