ਕਰਨੇ ਪੈਣਗੇ ਕਾਂਗਰਸੀਆਂ ਦੇ ਕੰਮ, ਵਾਰੀ ਸਿਰ ਇੱਕ ਮੰਤਰੀ ਆਵੇਗਾ ਕਾਂਗਰਸ ਭਵਨ
- 17 ਮੰਤਰੀਆਂ ਵਿੱਚੋਂ ਫਿਲਹਾਲ ਕੋਈ ਵੀ ਮੰਤਰੀ ਨਹੀਂ ਆਉਂਦਾ ਐ ਕਾਂਗਰਸ ਭਵਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਹੁਣ ਸਕੱਤਰੇਤ ਦੇ ਏ.ਸੀ. ਦਫ਼ਤਰਾਂ ਨੂੰ ਛੱਡ ਕੇ ਕਾਂਗਰਸ ਭਵਨ ਵਿਖੇ ਨਾ ਸਿਰਫ਼ ਡਿਊਟੀ ਦੇਣੀ ਪਵੇਗੀ, ਸਗੋਂ ਮੌਕੇ ‘ਤੇ ਹੀ ਕਾਂਗਰਸੀ ਵਰਕਰਾਂ ਦੇ ਕੰਮ ਵੀ ਕਰਨੇ ਪੈਣਗੇ। ਹੁਣ ਤੱਕ ਕਾਂਗਰਸ ਦੇ 17 ਮੰਤਰੀਆਂ ਵਿੱਚੋਂ ਇੱਕ ਵੀ ਇਹੋ ਜਿਹਾ ਮੰਤਰੀ ਨਹੀਂ ਹੈ, ਜਿਹੜਾ ਮੰਤਰੀ ਕਾਂਗਰਸ ਭਵਨ ਬੈਠ ਕੇ ਵਰਕਰਾਂ ਦੀ ਸੁਣਵਾਈ ਕਰਦੇ ਹੋਏ ਕੰਮ ਕਰਦਾ ਹੋਵੇ। ਮੰਤਰੀਆਂ ਦੀ ਇਸ ਬੇਰੁਖੀ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਖ਼ੁਦ ਹੀ ਜਲਦ ਆਦੇਸ਼ ਜਾਰੀ ਕਰਨ ਜਾ ਰਹੀ ਹੈ ਕਿ ਹਰ ਮੰਤਰੀ ਨੂੰ ਆਪਣੀ-ਆਪਣੀ ਵਾਰੀ ਅਨੁਸਾਰ ਕਾਂਗਰਸ ਭਵਨ ਵਿਖੇ ਬੈਠਣਾ ਪਵੇਗਾ। ਕਾਂਗਰਸ ਸਰਕਾਰ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਛੱਡ ਕੇ 17 ਮੰਤਰੀ ਹਨ ਅਤੇ ਹਰ ਦਿਨ ਇੱਕ ਮੰਤਰੀ ਦੀ ਡਿਊਟੀ ਲੱਗਣ ਦੇ ਕਾਰਨ ਦੂਜੇ ਮੰਤਰੀ ਦੀ 17 ਦਿਨਾਂ ਬਾਅਦ ਵਾਰੀ ਆਵੇਗੀ।
ਪੰਜਾਬ ਦੀ ਸੱਤਾ ਵਿੱਚ ਕਾਂਗਰਸ ਦੀ ਸਰਕਾਰ ਆਉਣ ਦੇ ਬਾਵਜੂਦ ਕਾਂਗਰਸੀ ਵਰਕਰਾਂ ਤਾਂ ਦੂਰ ਦੀ ਗੱਲ ਕਾਂਗਰਸ ਦੇ ਵਿਧਾਇਕਾਂ ਦੇ ਵੀ ਕੰਮ ਨਹੀਂ ਹੋ ਰਹੇ ਹਨ, ਜਿਸ ਕਾਰਨ ਆਮ ਵਰਕਰਾਂ ਤੋਂ ਲੈ ਕੇ ਵੱਡੀ ਗਿਣਤੀ ਵਿੱਚ ਵਿਧਾਇਕ ਵੀ ਆਪਣੀ ਹੀ ਸਰਕਾਰ ਤੋਂ ਨਰਾਜ਼ ਚਲਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਰਕਰਾਂ ਅਤੇ ਵਿਧਾਇਕਾਂ ਦੀ ਨਰਾਜ਼ਗੀ ਅਗਾਮੀ ਲੋਕ ਸਭਾ ਚੋਣਾਂ 2019 ਵਿੱਚ ਭਾਰੀ ਨਾ ਪੈ ਜਾਵੇ, ਇਸ ਲਈ ਕਾਂਗਰਸ ਪਾਰਟੀ ਨੇ ਸਾਰੇ ਮੰਤਰੀਆਂ ਦੀ ਡਿਊਟੀ ਲਗਾਉਣ ਦਾ ਫੈਸਲਾ ਕਰ ਲਿਆ ਹੈ। ਕਾਂਗਰਸ ਪਾਰਟੀ ਵੱਲੋਂ ਹਰ ਦਿਨ ਇੱਕ ਮੰਤਰੀ ਦੀ ਡਿਊਟੀ ਲਗਾਈ ਜਾ ਰਹੀ ਹੈ ਤਾਂ ਕਿ ਕਿਸੇ ਵੀ ਦਿਨ ਕੋਈ ਕਾਂਗਰਸੀ ਵਰਕਰ ਜਾਂ ਫਿਰ ਆਮ ਵਿਅਕਤੀ ਕਾਂਗਰਸ ਭਵਨ ਵਿਖੇ ਆਪਣਾ ਕੰਮ ਕਰਵਾਉਣ ਲਈ ਆਉਣ ਤਾਂ ਉਨਾਂ ਨੂੰ ਕੋਈ ਨਾਂ ਕੋਈ ਮੰਤਰੀ ਮੌਕੇ ‘ਤੇ ਜਰੂਰ ਮਿਲੇ। ਕਾਂਗਰਸ ਪਾਰਟੀ ਇਸ ਤਰ੍ਹਾਂ ਆਮ ਵਰਕਰਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਤਾਂ ਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਪੰਜਾਬ ਵਿੱਚ ਕੋਈ ਨੁਕਸਾਨ ਨਾ ਹੋਵੇ।
ਕਾਂਗਰਸ ਸਰਕਾਰ ਵਿੱਚ 17 ਮੰਤਰੀ ਹੋਣ ਕਾਰਨ ਹਰ ਇੱਕ ਮੰਤਰੀ ਦੀ ਵਾਰੀ 17ਵੇ ਦਿਨ ਹੀ ਆਏਗੀ ਅਤੇ ਡਿਊਟੀ ਵਾਲੇ ਦਿਨ ਉਸ ਮੰਤਰੀ ਨੂੰ ਕਾਂਗਰਸ ਭਵਨ ਵਿਖੇ ਡਿਊਟੀ ਦੇਣੀ ਹੀ ਪਏਗੀ। ਇਸ ਸਬੰਧੀ ਕੋਈ ਵੀ ਬਹਾਨਾ ਨਹੀਂ ਹੋਏਗਾ।
ਕੈਪਟਨ ਸੰਧੂ ਸਹਾਰੇ ਚੱਲ ਰਿਹਾ ਐ ਕਾਂਗਰਸ ਭਵਨ
ਮੁੱਖ ਮੰਤਰੀ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ ਦੇ ਸਹਾਰੇ ਹੀ ਪਿਛਲੇ ਡੇਢ ਸਾਲ ਤੋਂ ਕਾਂਗਰਸ ਭਵਨ ਚਲ ਰਿਹਾ ਹੈ। ਕਾਂਗਰਸ ਭਵਨ ਵਿਖੇ ਇਸ ਸਮੇਂ ਸਿਰਫ਼ ਕੈਪਟਨ ਸੰਦੀਪ ਸੰਧੂ ਹੀ ਬੈਠ ਕੇ ਆਮ ਵਰਕਰਾਂ ਤੋਂ ਲੈ ਕੇ ਵਿਧਾਇਕਾਂ ਤੱਕ ਦਾ ਕੰਮ ਕਰ ਰਹੇ ਹਨ। ਹਾਲਾਂਕਿ ਕਈ ਵਾਰ ਉਨਾਂ ਵਲੋਂ ਕੀਤੀ ਗਈ ਸਿਫ਼ਾਰਸ਼ ਨਾਲ ਕੰਮ ਨਹੀਂ ਵੀ ਹੁੰਦਾ ਹੈ ਪਰ ਫਿਰ ਵੀ ਉਨਾਂ ਵਲੋਂ ਕੋਸ਼ਸ਼ ਕੀਤੀ ਜਾ ਰਹੀਂ ਹੈ ਕਿ ਕਾਂਗਰਸ ਭਵਨ ਵਿਖੇ ਆਏ ਕਿਸੇ ਵਰਕਰ ਨੂੰ ਨਰਾਜ਼ ਹੋ ਕੇ ਨਾ ਵਾਪਸ ਪਰਤਣਾ ਪਏਗਾ।