ਲੋਕਾਂ ਨੂੰ ਸੁਰੱਖਿਤ ਥਾਵਾਂ ’ਤੇ ਆਉਣ ਦੀ ਅਪੀਲ ਕਰਦੇ ਹਾਂ : ਡਾ ਬਲਜੀਤ ਕੌਰ
Punjab Flood News: (ਸੱਚ ਕਹੂੰ ਨਿਊਜ਼) ਚੰਡੀਗੜ੍ਹ/ਫਾਜ਼ਿਲਕਾ। ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅੱਜ ਵਰਦੇ ਮੀਂਹ ਵਿੱਚ ਰਾਹਤ ਸਮੱਗਰੀ ਦੇ ਕੈਂਟਰ ਲੈ ਕੇ ਪਿੰਡ ਤੇਜਾ ਰੁਹੇਲਾ ਤੇ ਚੱਕ ਰੁਹੇਲਾ ਵਿਖੇ ਪਹੁੰਚੇ। ਇਸ ਮੌਕੇ ਉਨਾਂ ਨੇ ਕੋਲੇ ਖੜ ਕੇ ਦੁਧਾਰੂ ਜਾਨਵਰਾਂ ਲਈ ਕੈਟਲ ਫੀਡ ਦੀ ਵੰਡ ਕਰਵਾਈ। ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪਹਾੜਾਂ ’ਤੇ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਪਿੱਛੋਂ ਪਾਣੀ ਦੀ ਮਾਤਰਾ ਲਗਾਤਾਰ ਵਧ ਰਹੀ ਹੈ। ਉਹਨਾਂ ਕਿਹਾ ਕਿ ਅੱਜ ਹਰੀਕੇ ਹੈਡਵਰਕਸ਼ ਤੋਂ 1.7 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਕੱਲ੍ਹ ਤੱਕ ਫਾਜ਼ਿਲਕਾ ਜ਼ਿਲ੍ਹੇ ਵਿੱਚੋਂ ਲੰਘਦੀ ਸਤਲੁਜ ਕ੍ਰੀਕ ਵਿੱਚ ਵੀ ਇਸ ਪਾਣੀ ਦਾ ਕੁਝ ਹਿੱਸਾ ਆਵੇਗਾ ਅਤੇ ਇਸ ਨਾਲ ਖੇਤਰ ਵਿੱਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ।
ਇਸ ਲਈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸੁਰੱਖਿਤ ਥਾਵਾਂ ’ਤੇ ਭੇਜਿਆ ਜਾਵੇ। ਹਾਂਲਾਕਿ ਪਿੰਡ ਵਾਸੀ ਚੜਦੀ ਕਲਾ ਵਿੱਚ ਸਨ ਅਤੇ ਉਨਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਪਣੇ-ਆਪ ਨੂੰ ਇੱਥੇ ਵੀ ਸੁਰੱਖਿਤ ਹੀ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ: Haryana-Punjab Flood: ਘੱਗਰ ’ਚ ਆ ਰਹੇ ਪਾਣੀ ਨੇ ਵਧਾਈ ਪੰਜਾਬ-ਹਰਿਆਣਾ ਦੀ ਚਿੰਤਾ, ਇਨ੍ਹਾਂ ਇਲਾਕਿਆਂ ’ਚ ਮੰਡਰਾ ਰਿਹੈ…
ਇਸ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਰਾਹਤ ਕੈਂਪ ਵੀ ਬਣਾਏ ਗਏ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਾਰਾ ਪ੍ਰਸ਼ਾਸਨ ਹੜ੍ਹ ਪੀੜਤਾਂ ਨੂੰ ਮੱਦਦ ਮੁਹੱਈਆ ਕਰਵਾਉਣ ਲਈ ਲੱਗਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ, ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਅਤੇ ਮਾਲ ਵਿਭਾਗ ਦੀਆਂ ਸਾਰੀਆਂ ਟੀਮਾਂ ਪਿੰਡਾਂ ਵਿੱਚ ਤਾਇਨਾਤ ਹਨ।
ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਲਈ ਸਰਕਾਰ ਹਰ ਸੰਭਵ ਉਪਰਾਲਾ ਕਰ ਰਹੀ ਹੈ। ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਵੀ ਗਰਭਵਤੀ ਔਰਤਾਂ, ਛੋਟੇ ਬੱਚਿਆਂ ਤੇ ਉਨ੍ਹਾਂ ਦੀਆਂ ਮਾਂਵਾਂ ਨੂੰ ਦਿੱਤੀ ਜਾਣ ਵਾਲੀ ਫੀਡ ਪਹਿਲ ਦੇ ਅਧਾਰ ’ਤੇ ਇੰਨ੍ਹਾਂ ਪਿੰਡਾਂ ਵਿੱਚ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪ੍ਰਸ਼ਾਸਨ ਹੜ ਪੀੜਤਾਂ ਨੂੰ ਦੇ ਰਿਹਾ ਹੈ ਹਰ ਸੰਭਵ ਮੱਦਦ : ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੌਕੇ ਅਪੀਲ ਕੀਤੀ ਕਿ ਲੋਕ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਤ ਥਾਵਾਂ ’ਤੇ ਭੇਜਣ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿੰਡਾਂ ਵਿੱਚ ਹਰ ਮੱਦਦ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਰਾਸ਼ਨ ਦੀ ਵੰਡ ਵੀ ਪਿੰਡਾਂ ਵਿੱਚ ਕੀਤੀ ਜਾ ਰਹੀ ਹੈ ਅਤੇ ਅੱਜ ਵੀ ਪਿੰਡਾਂ ਵਿੱਚ ਰਾਸ਼ਨ ਕਿੱਟਾਂ, ਕੈਟਲਫੀਡ ਅਤੇ ਹਰੇ ਚਾਰੇ ਦੀ ਵੰਡ ਕੀਤੀ ਗਈ ਹੈ। Punjab Flood News
ਇਸ ਮੌਕੇ ਉਨਾਂ ਦੇ ਨਾਲ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਡਾ. ਮਨਦੀਪ ਕੌਰ, ਐਸਡੀਐਮ ਵੀਰਪਾਲ ਕੌਰ ਡੀਐਸਪੀ ਅਵਿਨਾਸ਼ ਚੰਦਰ ਅਤੇ ਤਹਿਸੀਲਦਾਰ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਬੈਠਕ ਕਰਕੇ ਹੜ੍ਹ ਰਾਹਤ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਹਰੇਕ ਵਿਭਾਗ ਆਪਣਾ ਕੰਮ ਤਨਦੇਹੀ ਨਾਲ ਕਰੇ।