ਕੇਂਦਰ ਸਰਕਾਰ ਨੇ ਪੰਜਾਬ ਵਿਰੁੱਧ ਸਿਆਸੀ ਬਦਲਾਖੋਰੀ ਤਹਿਤ 8300 ਕਰੋੜ ਦੇ ਪੇਂਡੂ ਵਿਕਾਸ ਫੰਡ ਰੋਕੇ : ਧਾਲੀਵਾਲ
Amritsar News: (ਰਾਜਨ ਮਾਨ) ਅੰਮ੍ਰਿਤਸਰ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਕਾਸ ਜ਼ਿੰਮੇਵਾਰੀਆਂ ’ਚ ਕੋਤਾਹੀ ਕਰਨ ਵਾਲੇ ਸਰਪੰਚਾਂ ਖਿਲਾਫ ਵਿਭਾਗੀ ਕਾਰਵਾਈ ਕਰਕੇ ਪ੍ਰਬੰਧਕ ਲਗਾਏ ਜਾਣਗੇ। ਅੱਜ ਵਿਧਾਨ ਸਭਾ ਹਲਕਾ ਅਜਨਾਲਾ ’ਚ ‘ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ’ 10 ਰੋਜ਼ਾ ਪ੍ਰਚਾਰ-ਪ੍ਰਸਾਰ ਮੁਹਿੰਮ ਦੇ ਆਗਾਜ਼ ਤਹਿਤ ਕੌਮਾਂਤਰੀ ਸਰਹੱਦੀ ਪਿੰਡ ਘੋਹਨੇਵਾਲ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਧਾਲੀਵਾਲ ਨੇ ਕੇਂਦਰੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕੇਂਦਰੀ ਸਰਕਾਰ ਵੱਲੋਂ ਆਪਣੇ ਕਥਿਤ ਤੌਰ ’ਤੇ ਪੰਜਾਬ, ਪੰਜਾਬੀ, ਪੰਜਬੀਅਤ ਵਿਰੋਧੀ ਏਜੰਡੇ ਤਹਿਤ ਸਿਆਸੀ ਬਦਲਾਖੋਰੀ ਏਜੰਡੇ ਤਹਿਤ ਸੂਬੇ ਦੇ ਜਾਮ ਕਰਕੇ ਰੱਖੇ ਗਏ 8300 ਕਰੋੜ ਰੁਪਏ ਤੋਂ ਵੱਧ ਰਕਮ ਦੇ ਪੇਂਡੂ ਵਿਕਾਸ ਫੰਡ ਰੋਕੇ ਹੋਏ ਹਨ ਜਿਸ ਤੋਂ ਭਾਜਪਾ ਦਾ ਪੰਜਾਬ ਪ੍ਰਤੀ ਨਜ਼ਰੀਆ ਸਪੱਸ਼ਟ ਹੁੰਦਾ ਹੈ।
ਸ. ਧਾਲੀਵਾਲ ਨੇ ਪਿੰਡ ਮਾਛੀਵਾਹਲਾ, ਸ਼ਹਿਜਾਦਾ, ਪੱਛੀਆ, ਅਬਾਦੀ ਚੰਡੀਗੜ੍ਹ ਤੇ ਨਿਸੋਕੇ ਵਿੱਚ ਪੇਂਡੂ ਜਨਤਕ ਮੀਟਿੰਗਾਂ ਦੌਰਾਨ ਹਲਕੇ ’ਚ ਕੁੱਝ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਵੱਲੋਂ ਸਰਕਾਰੀ ਗ੍ਰਾਂਟਾ ਨਾਲ ਵਿਕਾਸ ਕਾਰਜ ਮੁਕੰਮਲ ਕਰਵਾਉਣ ’ਚ ਵਰਤੀ ਜਾ ਰਹੀ ਅਣਗਹਿਲੀ ਦੀਆਂ ਮਿਲੀਆਂ ਸ਼ਿਕਇਤਾਂ ਦਾ ਨੋਟਿਸ ਲੈਂਦਿਆਂ ਕਿਹਾ ਕਿ ਜਿਹੜੇ ਸਰਪੰਚ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ, ਉਹਨਾਂ ਖ਼ਿਲਾਫ਼ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਕਰਦਿਆਂ ਸਰਪੰਚੀ ਸੰਵਿਧਾਨਿਕ ਅਧਿਕਾਰ ਵਾਪਸ ਲੈਣ ਲਈ ਉਚਿਤ ਕਾਰਵਾਈ ਕਰਕੇ ਉਨ੍ਹਾਂ ਪੰਚਾਇਤਾਂ ’ਚ ਪ੍ਰਬੰਧਕ ਲੱਗਾ ਕੇ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣਗੇ। ਵਿਕਾਸ ਕਾਰਜਾਂ ਚ ਕੁਤਾਹੀ,ਅਣਗਹਿਲੀ ਤੇ ਭ੍ਰਿਸ਼ਟਾਚਾਰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Jalandhar News: ਜਲੰਧਰ ’ਚ ‘ਹਥਿਆਰ ਸਪਲਾਈ ਮਾਡਿਊਲ’ ਦਾ ਪਰਦਾਫਾਸ਼, ਦੋ ਮੁਲਜ਼ਮ ਗ੍ਰਿਫ਼ਤਾਰ
ਇਨ੍ਹਾਂ ਪੇਂਡੂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਮਾੜੀ ਸੋਚ ਦੇ ਬਾਵਜ਼ੂਦ ਪੰਜਾਬ ਸਰਕਾਰ ਨੇ ਰਾਜ ਦੇ ਹਰ ਲੋੜਵੰਦ ਨਾਗਰਿਕ ਨੂੰ ਇਕ ਹਜ਼ਾਰ ਦੇ ਕਰੀਬ ਆਮ ਆਦਮੀ ਕਲੀਨਿਕ, ਨਵੇਂ ਮੈਡੀਕਲ ਕਾਲਜ ਤੇ ਹਸਪਤਾਲਾਂ ਦੀ ਸਥਾਪਨਾ ਕਰਕੇ ਮੁਫ਼ਤ ਡਾਇਲਸਿਸ ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਵਿਵਸਥਾ ਕਰਦਿਆਂ ਸਿਹਤ ਕ੍ਰਾਂਤੀ ਨੂੰ ਦੇਸ਼ ’ਚ ਅਵੱਲ ਸਥਾਨ ਦਿਵਾਇਆ।
ਸ. ਧਾਲੀਵਾਲ ਨੇ ਦਾਅਵਾ ਕੀਤਾ ਕਿ ਸੂਬਾ ਭਗਵੰਤ ਮਾਨ ਸਰਕਾਰ ਨੇ ਆਪਣੇ ਛੋਟੇ ਜਿਹੇ ਮੁੱਢਲੇ 4 ਸਾਲਾਂ ਦੇ ਕਾਰਜਕਾਲ ’ਚ ਚਹੁੰਮੁਖੀ ਵਿਕਾਸ, ਰੁਜ਼ਗਾਰ, ਯੁੱਧ ਨਸ਼ਿਆਂ ਵਿਰੁੱਧ, ਗੈਂਗਸਟਰਾਂ ਵਿਰੁੱਧ ਪ੍ਰਹਾਰ ਤੇ ਅਮਨ-ਕਾਨੂੰਨ ਦੀ ਬਹਾਲੀ ’ਚ ਉਹ ਵੱਡੀਆਂ ਪ੍ਰਾਪਤੀਆਂ ਕਰ ਵਿਖਾਈਆਂ ਹਨ, ਜੋ 1952 ਤੋਂ ਲੈ ਕੇ ਪੰਜਾਬ ਦੇ ਸੱਤਾ ਤੇ ਕਾਬਜ਼ ਰਹੀਆਂ ਕਾਂਗਰਸ, ਅਕਾਲੀ ਤੇ ਭਾਜਪਾ ਸਰਕਾਰਾਂ 70 ਸਾਲਾਂ ਵਿੱਚ ਹੀ ਨਹੀਂ ਕਰ ਸਕੀਆਂ। ਜਦੋਂਕਿ ਇਸ ਤੋਂ ਪਹਿਲਾਂ ਇਹ ਰਵਾਇਤੀ ਪਾਰਟੀਆਂ ਆਪਣੇ ਚੋਣ ਵਾਅਦਿਆਂ /ਚੋਣ ਮੈਨੀਫੈਸਟੋ ਨੂੰ ਫਜ਼ੂਲ ਸਮਝ ਕੇ ਰੱਦੀ ਦੀ ਟੋਕਰੀ ’ਚ ਸੁੱਟਣ ਦੀਆਂ ਕੁਰੀਤੀਆਂ ਅਪਣਾਉਂਦੀਆਂ ਰਹੀਆਂ ਹਨ। ਇਸ ਮੌਕੇ ’ਤੇ ਬਲਾਕ ਸੰਮਤੀ ਚੇਅਰਮੈਨ ਸਰਪੰਚ ਪ੍ਰਿਥੀਪਾਲ ਸਿੰਘ ਘੋਹਨੇਵਾਲਾ, ਬਲਾਕ ਇੰਚਾਰਜ ਅਮਰੀਕ ਸਿੰਘ, ਸੰਤੋਖ ਸਿੰਘ ਸਮੇਤ ਪਿੰਡਾਂ ਦੇ ਸਰਪੰਚ–ਪੰਚ, ਮੋਹਤਬਰ ਤੇ ਪਾਰਟੀ ਵਲੰਟੀਅਰ ਮੌਜ਼ੂਦ ਸਨ। Amritsar News














