ਇਸੇ ਹਫ਼ਤੇ ਦਿੱਲੀ ਜਾਣਗੇ ਅਮਰਿੰਦਰ ਸਿੰਘ, ਮੰਤਰੀਆਂ ਦੀ ਕਾਰਗੁਜ਼ਾਰੀ ਦਿਖਾਉਣਗੇ ਹਾਈ ਕਮਾਨ ਨੂੰ
ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ਦੇ ਕੈਬਨਿਟ ਮੰਤਰੀ ਅਗਲੇ ਕੁਝ ਦਿਨਾਂ ਲਈ ਆਪਣੇ ਵਿਭਾਗ ਵਿੱਚ ਪਾਲਿਸੀ ਸਬੰਧੀ ਕੋਈ ਵੀ ਫੈਸਲਾ ਨਾ ਕਰਨ, ਇਹ ਆਦੇਸ਼ ਪੰਜਾਬ ਦੇ ਲਗਭਗ ਸਾਰੇ ਕੈਬਨਿਟ ਮੰਤਰੀਆਂ ਨੂੰ ਜਾਰੀ ਕਰ ਦਿੱਤੇ ਗਏ ਪਰ ਇਨ੍ਹਾਂ ਵਿੱਚੋਂ ਅੱਧੀ ਦਰਜਨ ਦੇ ਲਗਭਗ ਇਹੋ ਜਿਹੇ ਮੰਤਰੀ ਹਨ।
ਜਿਨ੍ਹਾਂ ਨੂੰ ਸਖ਼ਤ ਹਦਾਇਤ ਹੈ ਕਿ ਉਨ੍ਹਾਂ ਨੇ ਫਿਲਹਾਲ ਵਿਭਾਗੀ ਕੰਮ-ਕਾਜ ਵਿੱਚ ਕੋਈ ਜ਼ਿਆਦਾ ਰੁਚੀ ਨਹੀਂ ਦਿਖਾਉਣੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਮੰਤਰੀ ਮੰਡਲ ਵਿੱਚ ਫੇਰ ਬਦਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਹਨ ਪਰ ਆਖ਼ਰੀ ਪ੍ਰਵਾਨਗੀ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਤੋਂ ਮਿਲਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅਮਰਿੰਦਰ ਸਿੰਘ ਜਲਦ ਹੀ ਦਿੱਲੀ ਵਿਖੇ ਸੋਨੀਆ ਗਾਂਧੀ ਨੂੰ ਮਿਲਣ ਲਈ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਦੇ ਕੁਝ ਵਿਧਾਇਕਾਂ ਵੱਲੋਂ ਮੰਤਰੀ ਮੰਡਲ ਵਿੱਚ ਰੱਦੋ-ਬਦਲ ਕਰਨ ਦੀ ਮੰਗ ਕਰਨ ਦੇ ਨਾਲ ਹੀ ਮੰਤਰੀਆਂ ਦੇ ਕੰਮ-ਕਾਜ ਕਰਨ ਦੇ ਤਰੀਕੇ ‘ਤੇ ਸੁਆਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਜਿਸ ਤੋਂ ਬਾਅਦ ਵਿਧਾਇਕਾਂ ਦੀ ਨਰਾਜ਼ਗੀ ਦਿੱਲੀ ਦਰਬਾਰ ਤੱਕ ਵੀ ਪੁੱਜੀ ਹੋਈ ਹੈ। ਜਿਸ ਦੌਰਾਨ ਮੰਤਰੀ ਮੰਡਲ ਵਿੱਚ ਰੱਦੋ ਬਦਲ ਕਰਨ ਸਬੰਧੀ ਸਿਰਫ਼ ਵਿਚਾਰ ਹੀ ਕਰ ਰਹੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਹੁਣ ਕਾਫ਼ੀ ਜ਼ਿਆਦਾ ਦਬਾਅ ਪੈਦਾ ਹੋ ਗਿਆ ਹੈ।
ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨੂੰ ਜ਼ਬਾਨੀ ਆਦੇਸ਼ ਜਾਰੀ
ਜਿਸ ਕਾਰਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨੂੰ ਜ਼ਬਾਨੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਅਗਲੇ 10-15 ਦਿਨਾਂ ਤੱਕ ਆਪਣੇ ਆਪਣੇ ਵਿਭਾਗ ਵਿੱਚ ਕੋਈ ਪਾਲਿਸੀ ਸਬੰਧੀ ਫੈਸਲਾ ਨਾ ਕਰਨ, ਕਿਉਂਕਿ ਪਾਲਿਸੀ ਸਬੰਧੀ ਕੋਈ ਵੀ ਵੱਡਾ ਫੈਸਲਾ ਰੱਦੋ ਬਦਲ ਤੋਂ ਬਾਅਦ ਨਵੇਂ ਮੰਤਰੀ ਵਲੋਂ ਹੀ ਲਿਆ ਜਾਵੇਗਾ। ਇਨ੍ਹਾਂ ਆਦੇਸ਼ਾਂ ਵਿੱਚ ਕਈ ਇਹੋ ਜਿਹੇ ਮੰਤਰੀ ਵੀ ਹਨ, ਜਿਨ੍ਹਾਂ ਨੂੰ ਤਾਂ ਸਪੱਸ਼ਟ ਹੀ ਆਦੇਸ਼ ਹਨ ਕਿ ਉਨ੍ਹਾਂ ਨੇ ਫਿਲਹਾਲ ਕੰਮ-ਕਾਜ ਤੋਂ ਵੀ ਦੂਰੀ ਬਣਾ ਕੇ ਰੱਖਣੀ ਹੈ।
ਕਿਉਂਕਿ ਨਵੇਂ ਸਿਰੇ ਤੋਂ ਵਿਭਾਗਾਂ ਦੀ ਵੰਡ ਕਰਨ ਤੋਂ ਬਾਅਦ ਹੀ ਉਹ ਕੰਮ ਕਰਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀਆਂ ਨੂੰ ਇਸ ਤਰ੍ਹਾਂ ਦੇ ਆਦੇਸ਼ ਦੇਣ ਤੋਂ ਬਾਅਦ ਪੰਜਾਬ ਵਿੱਚ ਮੰਤਰੀ ਮੰਡਲ ਵਿੱਚੋਂ ਰੱਦੋ-ਬਦਲ ਦੀਆਂ ਸੰਭਾਵਾਨਾਵਾਂ ਹੋਰ ਰਿਆਦਾ ਵੱਧ ਗਈਆਂ ਹਨ ਹਾਲਾਂਕਿ ਇਹ ਅਜੇ ਤੱਕ ਸਪਸ਼ਟ ਨਹੀਂ ਹੈ ਕਿ ਮੰਤਰੀਆਂ ਦੇ ਵਿਭਾਗਾਂ ਵਿੱਚ ਹੀ ਰੱਦੋ-ਬਦਲ ਕੀਤਾ ਜਾਏਗਾ ਜਾਂ ਫਿਰ ਕਈ ਮੰਤਰੀਆਂ ਦੀ ਛੁੱਟੀ ਕਰਨ ਦੇ ਨਾਲ ਹੀ ਨਵੇਂ ਮੰਤਰੀਆਂ ਦੀ ਐਂਟਰੀ ਵੀ ਕੀਤੀ ਜਾ ਸਕਦੀ ਹੈ।
ਉਪ ਮੁੱਖ ਮੰਤਰੀ ਬਣਾਉਣ ਬਾਰੇ ਨਹੀਂ ਕੋਈ ਵਿਚਾਰ : ਆਸ਼ਾ ਕੁਮਾਰੀ
ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਚੰਗੇ ਢੰਗ ਨਾਲ ਆਪਣਾ ਕੰਮ ਕਰ ਰਹੀਂ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਉਪ ਮੁੱਖ ਮੰਤਰੀ ਬਣਾਉਣ ਸਬੰਧੀ ਕੋਈ ਲੋੜ ਨਹੀਂ ਸਮਝੀ ਜਾ ਰਹੀ ਹੈ, ਇਸ ਲਈ ਉਪ ਮੁੱਖ ਮੰਤਰੀ ਬਣਾਉਣ ਬਾਰੇ ਫਿਲਹਾਲ ਕੋਈ ਵੀ ਵਿਚਾਰ ਨਹੀਂ ਹੈ। ਆਸ਼ਾ ਕੁਮਾਰੀ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਕਿਸੇ ਨੂੰ ਵੀ ਸ਼ਾਮਲ ਕਰਨ ਲਈ ਆਖ਼ਰੀ ਫੈਸਲਾ ਮੁੱਖ ਮੰਤਰੀ ਅਤੇ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੇ ਹੀ ਲੈਣਾ ਹੈ ਅਤੇ ਦਿੱਲੀ ਵਿਖੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਹੈ ਕਿ ਪੰਜਾਬ ਵਿੱਚ ਉਪ ਮੁੱਖ ਮੰਤਰੀ ਬਣਾਇਆ ਜਾਵੇ।
ਬਾਗੀ ਮੰਤਰੀਆਂ ਦੀ ‘ਡਿਮੋਸ਼ਨ’ ਤੈਅ
ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਹੀ ਜਨਤਕ ਮੰਚ ਦੇ ਨਾਲ ਅੰਦਰਖਾਤੇ ਵਿਰੋਧ ਕਰਨ ਵਾਲੇ ਮੰਤਰੀਆਂ ਦੀ ‘ਡਿਮੋਸ਼ਨ ਤੈਅ’ ਦੱਸੀ ਜਾ ਰਹੀ ਹੈ। ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ 2-3 ਮੰਤਰੀਆਂ ਤੋਂ ਵਿਭਾਗ ਇਸੇ ਕਰਕੇ ਖੋਹੇ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਨਾ ਸਿਰਫ਼ ਮੁੱਖ ਮੰਤਰੀ ਖ਼ਿਲਾਫ਼ ਬਗਾਵਤ ਕੀਤੀ ਜਾ ਰਹੀ ਹੈ, ਸਗੋਂ ਅੰਦਰ ਖਾਤੇ ਵਿਧਾਇਕਾਂ ਨੂੰ ਵੀ ਸਰਕਾਰ ਖ਼ਿਲਾਫ਼ ਭੜਕਾਇਆ ਜਾ ਰਿਹਾ ਹੈ। ਇਨ੍ਹਾਂ ਮੰਤਰੀਆਂ ਨੂੰ ਕੈਬਨਿਟ ਵਿੱਚੋਂ ਬਾਹਰ ਕਰਨ ਬਾਰੇ ਤਾਂ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ ਪਰ ਡਿਮੋਸ਼ਨ ਕੀਤਾ ਜਾਣਾ ਤੈਅ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।