
ਸੁਨਾਮ ‘ਚ ਸਥਿਤੀ ਕਾਬੂ ‘ਚ, ਮਾਮਲੇ ਘਟਣੇ ਸ਼ੁਰੂ
- ਮੰਤਰੀ ਵੱਲੋਂ ਸੁਨਾਮ ਵਾਸੀਆਂ ਨੂੰ ਭਰੋਸਾ, ਸੰਕਟ ਦੀ ਘੜੀ ‘ਚ ਸਰਕਾਰ ਨਾਲ ਖੜੀ
Sunam News: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸੁਨਾਮ ਸ਼ਹਿਰ ਵਿੱਚ ਬੁਖ਼ਾਰ ਅਤੇ ਚਿਕਨਗੁਨੀਆ ਦੇ ਸ਼ੱਕੀ ਮਾਮਲਿਆਂ ਦੇ ਮੱਦੇਨਜ਼ਰ, ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਸਿਹਤ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਥਿਤੀ ਦੀ ਸਮੀਖਿਆ ਕਰਨ ਅਤੇ ਤੁਰੰਤ ਲੋੜੀਂਦੀ ਕਾਰਵਾਈ ਕਰਨ ਲਈ ਵੀਡੀਓ ਕਾਨਫਰੰਸ ਜ਼ਰੀਏ ਵਰਚੂਅਲ ਮੀਟਿੰਗ ਕੀਤੀ।
ਮੀਟਿੰਗ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਕੱਤਰ ਸਿਹਤ ਸ਼੍ਰੀ ਕੁਮਾਰ ਰਾਹੁਲ, ਡਾਇਰੈਕਟਰ ਸਥਾਨਕ ਸਰਕਾਰਾਂ ਕੁਲਵੰਤ ਸਿੰਘ, ਸਿਹਤ ਡਾਇਰੈਕਟਰ ਡਾਕਟਰ ਹਿਤੇਂਦਰ ਕੌਰ, ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਅਮਿਤ ਬੈਂਬੀ, ਸੀ.ਐਮ.ਓ. ਸੰਗਰੂਰ ਡਾ. ਅਮਰਜੀਤ ਕੌਰ, ਜ਼ਿਲ੍ਹਾ ਐਪੇਡੀਮੌਲੋਜਿਸਟ ਡਾ. ਉਪਾਸਨਾ, ਐਸ.ਡੀ.ਐਮ. ਸੁਨਾਮ ਡਾ. ਪਰਮੋਦ ਸਿੰਗਲਾ, ਇੰਚਾਰਜ ਐਸ.ਐਮ.ਓ. ਸੁਨਾਮ ਡਾ. ਅਮਿਤ ਸਿੰਗਲਾ, ਡਾ. ਰਾਹੁਲ ਗੁਪਤਾ (ਐਮ.ਡੀ. ਮੈਡੀਸਨ), ਡਾ. ਹਿਮਾਂਸ਼ੂ (ਐਮ.ਡੀ. ਮੈਡੀਸਨ), ਡਾ. ਇੰਦਰਮੰਜੋਤ ਸਿੰਘ (ਐਮ.ਡੀ. ਪੀਡੀਆਟ੍ਰਿਕਸ), ਡਾ. ਪ੍ਰਭਜੋਤ ਸਿੰਘ (ਨੋਡਲ ਅਫਸਰ), ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ ਦੇ ਨਾਲ ਨਾਲ ਸਿਹਤ, ਸਿਵਲ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਹੋਰ ਅਧਿਕਾਰੀ ਮੌਜੂਦ ਸਨ।
ਸੁਨਾਮ ਵਿੱਚ ਬੁਖ਼ਾਰ ਅਤੇ ਚਿਕਨਗੁਨੀਆ ਦੇ ਸ਼ੱਕੀ ਕੇਸਾਂ ਦੇ ਇਲਾਜ ਤੇ ਬਚਾਅ ਲਈ ਨਹੀਂ ਛੱਡੀ ਜਾ ਰਹੀ ਕੋਈ ਕਸਰ : ਅਮਨ ਅਰੋੜਾ
ਮੀਟਿੰਗ ਦੌਰਾਨ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਦੇ ਲੋਕਾਂ ਦੀ ਸਿਹਤ ਸਥਿਤੀ ‘ਤੇ ਸਰਗਰਮ ਅਤੇ ਬਹੁ-ਵਿਭਾਗੀ ਪਹੁੰਚ ਅਪਣਾਉਣ ਦੀ ਤੁਰੰਤ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਨਿਗਰਾਨੀ ਅਤੇ ਵਾਰਡ-ਵਾਰ ਬੁਖ਼ਾਰ ਸਰਵੇਖਣ ਤੀਬਰ ਕੀਤੇ ਜਾਣ, ਹਸਪਤਾਲਾਂ ਵਿੱਚ ਦਵਾਈਆਂ, ਡਾਇਗਨੋਸਟਿਕ ਕਿਟਾਂ ਅਤੇ ਮੈਨਪਾਵਰ ਦੀ 24 ਘੰਟੇ ਉਪਲੱਬਧਤਾ ਯਕੀਨੀ ਬਣਾਈ ਜਾਵੇ ਅਤੇ ਲੋਕਾਂ ਨੂੰ ਬਿਮਾਰੀ ਤੋਂ ਬਚਾਅ ਅਤੇ ਸਮੇਂ-ਸਿਰ ਇਲਾਜ ਲਈ ਜਾਗਰੂਕ ਕਰਨ ਲਈ ਕਮਿਊਨਿਟੀ ਪੱਧਰ ‘ਤੇ ਵਿਸਥਾਰਿਤ ਜਾਗਰੂਕਤਾ ਮੁਹਿੰਮ ਚਲਾਈ ਜਾਵੇ। Sunam News
ਇਹ ਵੀ ਪੜ੍ਹੋ: Haryana-Punjab Weather: ਪੰਜਾਬ ਤੇ ਹਰਿਆਣਾ ’ਚ ਅਗਲੇ 4 ਦਿਨਾਂ ’ਚ ਹੋਵੇਗਾ ਮੌਸਮ ’ਚ ਬਦਲਾਅ, ਮੌਸਮ ਵਿਭਾਗ ਨੇ ਕੀਤੀ …
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਹਤ ਵਿਭਾਗ ਵੱਲੋਂ ਪੂਰਾ ਸਹਿਯੋਗ ਯਕੀਨੀ ਬਣਾਉਣ ਦਾ ਭਰੋਸਾ ਦਵਾਇਆ ਅਤੇ ਜਲਦੀ ਪਛਾਣ ਅਤੇ ਸਮੇਂ-ਸਿਰ ਇਲਾਜ ਦੀ ਮਹੱਤਤਾ ਉੱਤੇ ਰੌਸ਼ਨੀ ਪਾਈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੌਸਮੀ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਵਿਆਪਕ ਖਾਕਾ ਤਿਆਰ ਕੀਤਾ ਗਿਆ ਹੈ, ਜਿਸ ਉੱਤੇ ਜ਼ਮੀਨੀ ਪੱਧਰ ਉੱਤੇ ਕੰਮ ਜਾਰੀ ਹੈ। ਉਹਨਾਂ ਭਰੋਸਾ ਦਿੱਤਾ ਕਿ ਸ਼ਹਿਰ ਸੁਨਾਮ ਵਿੱਚ ਪੈਦਾ ਹੋਈ ਸਥਿਤੀ ਨੂੰ ਵੀ ਜਲਦ ਹੀ ਪੂਰੀ ਤਰ੍ਹਾਂ ਕਾਬੂ ਵਿੱਚ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਹੁਣ ਅਜਿਹੇ ਮਾਮਲੇ ਘਟਣੇ ਸ਼ੁਰੂ ਹੋ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਨੇ ਦੱਸਿਆ ਕਿ ਸੁਨਾਮ ਫੌਗਿੰਗ ਵਿਆਪਕ ਪੱਧਰ ਉੱਤੇ ਜਾਰੀ ਹੈ। ਸੈਨੀਟੇਸ਼ਨ ਅਤੇ ਵੈਕਟਰ ਕੰਟਰੋਲ ਮੁਹਿੰਮਾਂ ਵੀ ਜੰਗੀ ਪੱਧਰ ਉੱਤੇ ਜਾਰੀ ਹਨ।
ਜਤਿੰਦਰ ਜੈਨ ਦੀ ਵਿਭਾਗਾਂ ਨਾਲ ਤਾਲਮੇਲ ਕਰਨ ਅਤੇ ਸਥਿਤੀ ਉੱਤੇ ਨਜ਼ਰ ਰੱਖਣ ਦੀ ਡਿਊਟੀ ਲਗਾਈ | Sunam News
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੁਹਰਾਇਆ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਅਧਿਕਾਰੀ ਲੋਕਾਂ ਦੀ ਸਿਹਤ ਦੀ ਰੱਖਿਆ ਲਈ ਅਲਰਟ ‘ਤੇ ਰਹਿਣ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਰਾਜ ਸਰਕਾਰ ਲੋਕ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਚੁਣੌਤੀ ਦਾ ਮੁਕਾਬਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਹਨਾਂ ਲੋਕਾਂ ਨੂੰ ਇਸ ਸੰਬੰਧੀ ਸਾਹਮਣੇ ਆ ਰਹੀਆਂ ਅਫ਼ਵਾਹਾਂ ਤੋਂ ਵੀ ਸੁਚੇਤ ਰਹਿਣ ਲਈ ਕਿਹਾ। ਮੀਟਿੰਗ ਦਾ ਸਮਾਪਨ ਪ੍ਰਸ਼ਨ-ਉੱਤਰ ਸੈਸ਼ਨ ਨਾਲ ਹੋਇਆ, ਜਿਸ ਦੌਰਾਨ ਸਾਰੇ ਸਬੰਧਤ ਵਿਅਕਤੀਆਂ ਦੀ ਜ਼ਿੰਮੇਵਾਰੀ ਸਪੱਸ਼ਟ ਤੌਰ ‘ਤੇ ਨਿਰਧਾਰਿਤ ਕੀਤੀ ਗਈ ਤਾਂ ਜੋ ਰੋਕਥਾਮੀ ਅਤੇ ਇਲਾਜੀ ਉਪਾਵਾਂ ਨੂੰ ਸਮੇਂ-ਸਿਰ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। Sunam News
ਸ਼੍ਰੀ ਅਮਨ ਅਰੋੜਾ ਨੇ ਸੁਨਾਮ ਵਾਸੀਆਂ ਨੂੰ ਹੋਰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਆਪਣੇ ਮੀਡੀਆ ਕੋਆਰਡੀਨੇਟਰ ਸ਼੍ਰੀ ਜਤਿੰਦਰ ਜੈਨ ਦੀ ਸਮੂਹ ਵਿਭਾਗਾਂ ਨਾਲ ਤਾਲਮੇਲ ਕਰਨ ਅਤੇ ਸਥਿਤੀ ਉੱਤੇ ਨਿੱਜੀ ਤੌਰ ਉੱਤੇ ਨਜ਼ਰ ਰੱਖਣ ਦੀ ਵੀ ਡਿਊਟੀ ਲਗਾਈ।