ਸੁਨਾਮ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਆਪਕ ਪੱਧਰ ‘ਤੇ ਉਪਰਾਲੇ ਜਾਰੀ : ਅਮਨ ਅਰੋੜਾ
Punjab Road News: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਆਪਕ ਪੱਧਰ ‘ਤੇ ਉਪਰਾਲੇ ਜਾਰੀ ਹਨ ਅਤੇ ਲੋਕਾਂ ਦੀਆਂ ਛੋਟੀਆਂ ਵੱਡੀਆਂ ਹਰ ਮੰਗਾਂ ਨੂੰ ਤਰਜ਼ੀਹ ਦੇ ਆਧਾਰ ਉੱਤੇ ਪੂਰਾ ਕੀਤਾ ਜਾ ਰਿਹਾ ਹੈ। ਸ਼੍ਰੀ ਅਰੋੜਾ ਬੀਤੀ ਸ਼ਾਮ ਸੁਨਾਮ ਦੇ ਬਖਸ਼ੀਵਾਲਾ ਰੋਡ ਉੱਤੇ ਸਤੀਆਂ ਨੂੰ ਜਾਂਦੀ ਸੜਕ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਸਨ। ਉਹਨਾਂ ਕਿਹਾ ਕਿ ਇਸ ਧਾਰਮਿਕ ਅਸਥਾਨ ਦੀ ਇਲਾਕੇ ਵਿੱਚ ਬਹੁਤ ਮਾਨਤਾ ਹੈ ਅਤੇ ਇਥੇ ਵੱਡੀ ਗਿਣਤੀ ਲੋਕਾਂ ਦੀ ਆਸਥਾ ਜੁੜੀ ਹੋਈ ਹੈ ਪਰ ਸੜਕ ਦੀ ਘਾਟ ਕਾਰਨ ਲੋਕਾਂ ਨੂੰ ਇੱਥੋਂ ਲੰਘਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸੜਕ ਦੇ ਬਣਨ ਨਾਲ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ ।
ਇਹ ਵੀ ਪੜ੍ਹੋ: International Masters League T20: ਇੰਡੀਆ ਮਾਸਟਰਜ਼ ਨੇ ਖਿਤਾਬ ਜਿੱਤਿਆ, ਸਚਿਨ ਤੇ ਯੁਵਰਾਜ ਦਾ ਦਮਦਾਰ ਪ੍ਰਦਰਸ਼ਨ

ਅਮਨ ਅਰੋੜਾ ਨੇ ਕਿਹਾ ਕਿ ਨਾ ਕੇਵਲ ਪਿੰਡਾਂ ਅਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਦੇ ਕਾਇਆ ਕਲਪ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਸਗੋਂ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਵੱਖ-ਵੱਖ ਥਾਵਾਂ ’ਤੇ ਸਰਵੇ ਕਰਵਾ ਕੇ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕਰਵਾਏ ਜਾ ਰਹੇ ਹਨ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਆਉਣ ਵਾਲੇ ਸਾਲਾਂ ਵਿੱਚ ਵੀ ਸੁਵਿਧਾਵਾਂ ਪੱਖੋਂ ਕੋਈ ਸਮੱਸਿਆ ਪੇਸ਼ ਨਾ ਆ ਸਕੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ, ਸੰਜੀਵ ਕੁਮਾਰ ਸੰਜੂ, ਰਵੀ ਕਮਲ ਗੋਇਲ, ਯਸ਼ ਪਾਲ, ਸੰਨੀ ਕਾਂਸਲ, ਅਸ਼ੋਕ ਕਾਂਸਲ, ਨਵਦੀਪ ਕਾਂਸਲ, ਮੋਤੀ ਲਾਲ ਵੀ ਹਾਜ਼ਰ ਸਨ। Punjab Road News