ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੀ ਲੱਖਾਂ ਦੀ ਲੁੱਟ

Millions, Loots, Made, Bullets, Shot Day

ਗੋਲੀ ਮਾਰ ਕੇ ਪੰਪ ਮੈਨੇਜ਼ਰ ਕੀਤਾ ਜਖ਼ਮੀ, ਹਾਲਤ ਗੰਭੀਰ

ਸ੍ਰੀ ਮੁਕਤਸਰ ਸਾਹਿਬ, ਸੁਰੇਸ਼ ਗਰਗ

ਸੋਮਵਾਰ ਨੂੰ ਸਥਾਨਕ ਮਲੋਟ ਰੋਡ ‘ਤੇ ਬਾਹਰ-ਬਾਹਰ ਦਿਨ ਦਿਹਾੜੇ ਪੰਜ ਕਾਰ ਸਵਾਰ ਲੁਟੇਰੇ ਰਿਲਾਇੰਸ ਪੰਪ ਦੇ ਮੈਨੇਜ਼ਰ ਨੂੰ ਗੋਲੀਆਂ ਮਾਰ ਕੇ 9 ਲੱਖ 90 ਹਜ਼ਾਰ ਦੀ ਲੁੱਟ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਿਸ ਮੁੱਖੀ ਮਨਜੀਤ ਸਿੰਘ ਢੇਸੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਗਏ, ਜਿਨਾਂ ਜਾਂਚ ਆਰੰਭ ਦਿੱਤੀ ਹੈ।

ਸਥਾਨਕ ਮਲੋਟ ਰੋਡ ‘ਤੇ ਨਰਾਇਣਗੜ ਪੈਲੇਸ ਦੇ ਕੋਲ ਸਥਿਤ ਰਿਲਾਇੰਸ ਪੰਪ ਦੇ ਮੈਨੇਜ਼ਰ ਗਗਨਦੀਪ ਸਿੰਘ ਅਤੇ ਮੁਲਾਜ਼ਮ ਗੁਰਚਰਨ ਸਿੰਘ ਪੰਪ ਤੋਂ ਨਗਦੀ ਲੈ ਕੇ ਸਕੂਟੀ ‘ਤੇ ਸਵਾਰ ਹੋ ਕੇ ਸ੍ਰੀ ਮੁਕਤਸਰ ਸਾਹਿਬ ਵੱਲ ਨੂੰ ਜਾ ਰਹੇ ਸਨ ਕਿ ਪੰਪ ਤੋਂ ਥੋੜੀ ਹੀ ਦੂਰ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇਕ ਗ੍ਰੇਅ ਰੰਗ ਦੀ ਸਵਿੱਫਟ ਕਾਰ ਸਵਾਰ ਲੋਕਾਂ ਨੇ ਉਨਾਂ ਦੀ ਸਕੂਟੀ ਨੂੰ ਸਾਇਡ ਤੋਂ ਟੱਕਰ ਮਾਰ ਦਿੱਤੀ ਜਿਸ ਨਾਲ ਸਕੂਟੀ ਸੜਕ ਤੋਂ ਹੇਠਾਂ ਡਿੱਗ ਪਈ।

ਇਸ ਦੌਰਾਨ ਕਾਰ ਸਵਾਰ ਦੋ ਨਕਾਬਪੋਸ਼ ਲੁਟੇਰੇ ਨਿਕਲੇ ਜਿਨਾਂ ‘ਚੋਂ ਇਕ ਕੋਲ ਤੇਜ਼ਧਾਰ ਹਥਿਆਰ ਤੇ ਇਕ ਕੋਲ ਰਿਵਾਲਵਰ ਫੜਿਆ ਹੋਇਆ ਸੀ। ਜਿਨਾਂ ਨੇ ਗਗਨਦੀਪ ‘ਤੇ ਪਹਿਲਾਂ ਤੇਜਧਾਰ ਹਥਿਆਰ ਨਾਲ ਸਿਰ ‘ਚ ਵਾਰ ਕੀਤਾ ਤੇ ਬਾਅਦ ‘ਚ ਉਸ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ‘ਚੋਂ ਇਕ ਗੋਲੀ ਗਗਨਦੀਪ ਦੇ ਪੇਟ ‘ਚ ਲੱਗੀ ਜਿਸ ਨਾਲ ਉਹ ਥੱਲੇ ਡਿੱਗ ਪਿਆ ਤੇ ਦੂਜੇ ਸਾਥੀ ਗੁਰਚਰਨ ਸਿੰਘ ਦੇ ਵੀ ਤੇਜਧਾਰ ਹਥਿਆਰ ਮਾਰ ਕੇ ਉਸਨੂੰ ਜਖ਼ਮੀ ਕਰ ਦਿੱਤਾ। ਇਸ ਦੌਰਾਨ ਲੁਟੇਰੇ ਸਕੂਟੀ ਦੀ ਡਿੱਗੀ ‘ਚ ਪਈ 9 ਲੱਖ 90 ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਕਾਰ ‘ਚ ਪੰਜ ਵਿਅਕਤੀ ਸਵਾਰ ਸਨ ਜਿਨਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here