ਬਠਿੰਡਾ (ਸੁਖਜੀਤ ਮਾਨ)। ਬੀਤੇ ਬੁੱਧਵਾਰ ਨੂੰ ਬਠਿੰਡਾ ਮਿਲਟਰੀ ਸਟੇਸ਼ਨ ‘ਚ ਹੋਈ ਗੋਲੀਬਾਰੀ ਦੌਰਾਨ 4 ਫੌਜੀਆਂ ਦੇ ਕਤਲ ਦੀ ਗੁੱਥੀ ਹਾਲੇ ਸੁਲਝੀ ਨਹੀਂ । ਪੁਲਿਸ ਤੇ ਫੌਜ਼ ਵੱਲੋਂ ਸਾਂਝੇ ਤੌਰ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਲ ਫੌਜ ਦੀ ਦਿੱਲੀ ਤੋਂ ਵਿਸ਼ੇਸ਼ ਟੀਮ ਵੀ ਜਾਂਚ ਲਈ ਆਈ ਸੀ। ਇਸ ਮਾਮਲੇ ਵਿੱਚ ਪੁੱਛਗਿਛ ਲਈ ਹੁਣ ਫੌਜ ਦੇ 10 ਜਵਾਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਵੇਰਵਿਆਂ ਮੁਤਾਬਿਕ ਬੁੱਧਵਾਰ ਨੂੰ ਸਵੇਰੇ ਕਰੀਬ 4:30 ਵਜੇ ਮਿਲਟਰੀ ਸਟੇਸ਼ਨ ਬਠਿੰਡਾ ਵਿੱਚ ਸੁੱਤੇ ਪਏ 4 ਜਵਾਨਾਂ ਨੂੰ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਹੁਣ ਪੁੱਛ ਪੜਤਾਲ ਲਈ 10 ਜਵਾਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਧਾਰਾ 160 ਤਹਿਤ ਜਾਰੀ ਕੀਤੇ ਗਏ ਹਨ, ਜਿਸ ਤਹਿਤ ਜਵਾਨਾਂ ਦੇ ਬਿਆਨ ਜਾਰੀ ਕੀਤੇ ਜਾਣਗੇ।
ਮਿਰਤਕ ਚਾਰੇ ਜਵਾਨ ਮਿਲਟਰੀ ਦੇ ਤੋਪਖਾਨਾ ਯੂਨਿਟ ਨਾਲ ਸਬੰਧਿਤ ਸਨ। ਮ੍ਰਿਤਕ ਚਾਰੇ ਫੌਜੀਆਂ ਦੀ ਪਹਿਚਾਣ ਸਾਗਰ ਬੰਨੇ, ਯੁਗੇਸ਼ ਕੁਮਾਰ, ਸੰਤੋਸ਼ ਤੇ ਕਮਲੇਸ਼ ਵਜੋਂ ਹੋਈ ਸੀ । ਇਸ ਮਾਮਲੇ ਵਿੱਚ ਥਾਣਾ ਕੈਂਟ ਪੁਲਿਸ ਕੋਲ ਯੂਨਿਟ ਨੰਬਰ 80 ਮੀਡੀਅਮ ਰੈਜੀਮੈਂਟ ਦੇ ਮੇਜਰ ਆਸੂਤੋਸ਼ ਸ਼ੁਕਲਾ ਨੇ ਦੋ ਅਣਪਛਾਤਿਆਂ ਖਿਲਾਫ਼ ਕੇਸ ਦਰਜ਼ ਕਰਵਾਇਆ ਗਿਆ ਸੀ।
ਦੱਸਣਯੋਗ ਹੈ ਕਿ ਜਿਸ ਦਿਨ ਇਹ ਹਮਲਾ ਹੋਇਆ ਸੀ ਉਸੇ ਦਿਨ ਪੁਲਿਸ ਜੋਨ ਬਠਿੰਡਾ ਜ਼ੋਨ ਦੇ ਏਡੀਜੀਪੀ ਐਸਏਐਸ ਪਰਮਾਰ ਨੇ ਇਸ ਮਾਮਲੇ ਵਿੱਚ ਕਿਸੇ ਬਾਹਰੀ ਹਮਲੇ ਦੀਆਂ ਸੰਭਾਵਨਾਵਾਂ ਨੂੰ ਰੱਦ ਕਰ ਦਿੱਤਾ ਸੀ ਪਰ ਫਿਰ ਵੀ ਫੌਜ ਤੇ ਪੁਲਿਸ ਵੱਖ-ਵੱਖ ਪਹਿਲੂਆਂ ਤੇ ਜਾਂਚ ਕਰ ਰਹੀ ਹੈ ਕਿਉਂਕਿ ਕੱਲ ਸਿੱਖ ਫਾਰ ਜਸਟਿਸ (ਐਸਐਫਜੇ) ਤੇ ਕੇਟੀਐਫ (ਖਾਲਿਸਤਾਨ ਟਾਈਗਰ ਫੋਰਸ) ਨੇ ਵੀ ਜਿੰਮੇਵਾਰੀ ਲਈ ਹੈ।
ਹਮਲੇ ਦੀ ਸੂਚਨਾ ਦੇਣ ਵਾਲੇ ‘ਤੇ ਟਿਕੀ ਸ਼ੱਕ ਦੀ ਸੂਈ | Military station Bathinda
ਗੋਲੀਬਾਰੀ ਦੇ ਇਸ ਮਾਮਲੇ ਦੀ ਸਭ ਤੋਂ ਪਹਿਲਾਂ ਆਪਣੇ ਸੀਨੀਅਰ ਅਫਸਰਾਂ ਨੂੰ ਸੂਚਨਾ ਦੇਣ ਵਾਲੇ ਗਨਰ ਡਿਸਾਈ ਮੋਹਨ ਦੇ ਬਿਆਨਾਂ ਤੇ ਸ਼ੱਕ ਕੀਤਾ ਜਾ ਰਿਹਾ ਹੈ। ਡਿਸਾਈ ਮੋਹਨ ਨੇ ਕਿਹਾ ਸੀ ਕਿ ਕੁੜਤੇ ਪਜਾਮੇ ਵਾਲੇ ਦੋ ਵਿਅਕਤੀਆਂ ਵਿੱਚੋਂ ਇੱਕ ਕੋਲ ਰਾਇਫਲ ਤੇ ਇੱਕ ਕੋਲ ਕੁਹਾੜੀ ਸੀ ਪਰ ਪੋਸਟਮਾਰਟਮ ਰਿਪੋਰਟ ਵਿੱਚ ਕੁਹਾੜੀ ਦਾ ਕਿਧਰੇ ਕੋਈ ਨਿਸ਼ਾਨ ਨਹੀਂ ਆਇਆ।