ਕਰਫਿਊ ਦੌਰਾਨ ਵੀ ਸੜਕਾ ‘ਤੇ ਆਏ ਤੇ ਕਿਹਾ ‘ਜਾਂ ਤਾਂ ਵਾਪਸ ਪਿੰਡ ਜਾਣ ਦਿਉ ਨਹੀ ਤਾਂ ਰਾਸ਼ਨ,ਖਾਣੇ ਦਾ ਪ੍ਰਬੰਧ ਕਰੋ’
ਲੁਧਿਆਣਾ (ਵਨਰਿੰਦਰ ਮਣਕੂ) । ਲੁਧਿਆਣਾ ਦੇ ਢਾਬਾਂ ਰੋਡ ‘ਤੇ ਨਿਰਮਲ ਪੈਲਸ ਦੇ ਸਾਹਮਣੇ ਇਲਾਕੇ ‘ਚ ਰਹਿ ਰਹੇ ਮਜਦੂਰ ਅੱਜ ਸੜਕਾਂ ‘ਤੇ ਆ ਗਏ। ਉਹਨਾਂ ਦੱਸਿਆ ਕਿ ਨਾ ਤਾਂ ਸਰਕਾਰ ਉਹਨਾਂ ਨੂੰ ਵਾਪਸ ਭੇਜ ਰਹੀ ਹੈ ਤੇ ਨਾ ਹੀ ਕੋਈ ਖਾਣਾ ਜਾਂ ਰਾਸ਼ਨ ਦੀ ਸੁਵਿਧਾ ਦੇ ਰਹੀ ਹੈ। ਮਜਦੂਰਾਂ ਨੇ ਕਿਹਾ ਕਿ ਜਾਂ ਉਨ੍ਹਾਂ ਨੂੰ ਘਰ ਵਾਪਸ ਜਾਣ ਦੀ ਮਨਜ਼ੂਰੀ ਦਿੱਤੀ ਜਾਵੇ ਜਾਂ ਫਿਰ ਉਹਨਾਂ ਨੂੰ ਰਾਸ਼ਨ ਦਾ ਕੋਈ ਪੱਕਾ ਪ੍ਰਬੰਧ ਕਰਕੇ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚਿਆ ਨੂੰ ਭੁੱਖ ਨਾਲ ਤੜਫਦੇ ਨਹੀ ਦੇਖ ਸਕਦੇ।
ਧਰਨੇ ‘ਤੇ ਮਜਦੂਰਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਸ਼ੇਰਪੁਰ ਪੁਲਿਸ ਚੌਕੀ ਦੇ ਇੰਚਾਰਜ ਰਾਜਿੰਦਰ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਮਜਦੂਰਾਂ ਦੀ ਪੂਰੀ ਗੱਲ ਸੁਣੀ ਤੇ ਉਹਨਾਂ ਨੂੰ ਖਾਣੇ ਦੇ ਪ੍ਰਬੰਧ ਦਾ ਅਸ਼ਵਾਸਨ ਦੇਕੇ ਉਹਨਾਂ ਅੰਦਰ ਇੱਕ ਉਮੀਦ ਦੀ ਕਿਰਨ ਜਗਾਈ। ਪੁਲਿਸ ਅਫਸਰਾਂ ਨੇ ਉਨ੍ਹਾਂ ਨੂੰ ਇਸ ਸਮੇਂ ਵਿੱਚ ਪ੍ਰਸ਼ਾਸਨ ਦੇ ਸਾਥ ਦੇਣ ਲਈ ਕਿਹਾ ‘ਤੇ ਭਰੋਸਾ ਵੀ ਦਿਵਾਇਆ ਕਿ ਕਰਫਿਊ ਦੌਰਾਨ ਅੱਗੇ ਤੋਂ ਉਹਨਾਂ ਨੂੰ ਰਾਸ਼ਨ ਤੇ ਖਾਣੇ ਦੀ ਕੋਈ ਵੀ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਦੀ ਗੱਲ ਮੰਨਦਿਆਂ ਮਜਦੂਰ ਆਪੋ ਆਪਣੇ ਘਰਾਂ ਵੱਲ ਪਰਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।