ਪਟਿਆਲਾ (ਸੱਚ ਕਹੂੰ ਨਿਊਜ਼) | ਸਰਕਾਰ ਦੇ ਲਾਅਰਿਆਂ ਤੋਂ ਅੱਕੀਆਂ ਸੈਂਕੜਿਆਂ ਦੀ ਗਿਣਤੀ ‘ਚ ਇਕੱਠੀਆਂ ਹੋਈਆਂ ਮਿੱਡ-ਡੇ ਮੀਲ ਕੁੱਕ ਬੀਬੀਆਂ ਨੇ ਡੈਮੋਕ੍ਰੇਟਿਕ ਮਿੱਡ-ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਜਦੋਂ ਮਿੱਡ ਡੇ ਮੀਲ ਕੁੱਕ ਬੀਬੀਆਂ ਨੇ ਪਟਿਆਲਾ-ਨਾਭਾ ਰੋਡ ‘ਤੇ ਜਾਮ ਲਗਾ ਦਿੱਤਾ ਤਾਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਪ੍ਰਸ਼ਾਸਨ ਮਿੱਡ-ਡੇ ਮੀਲ ਕੁੱਕ ਦੀ ਸਰਕਾਰ ਨਾਲ ਮੀਟਿੰਗ ਤੈਅ ਕਰਵਾਉਣ ਦੀ ਗੱਲਬਾਤ ਕਰਦਾ ਰਿਹਾ, ਪਰ ਰੋਹ ‘ਚ ਆਈਆਂ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਲਿਖਤੀ ਪੈਨਲ ਮੀਟਿੰਗ ਨਹੀਂ ਮਿਲਦੀ, ਉਹ ਡਟੀਆਂ ਰਹਿਣਗੀਆਂ। ਮਿੱਡ-ਡੇ ਮੀਲ ਕੁੱਕ ਫਰੰਟ ਦੇ ਜ਼ੋਰਦਾਰ ਰੋਹ ਅੱਗੇ ਝੁਕਦਿਆਂ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਪਟਿਆਲਾ ਪ੍ਰਵੀਨ ਕੁਮਾਰ ਨੇ ਫਰੰਟ ਦੀ ਸਿੱਖਿਆ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਲਈ ਲਿਖਤੀ ਰੂਪ ‘ਚ ਪੱਤਰ ਦਿੱਤਾ, ਇਸ ਤੋਂ ਬਾਅਦ ਹੀ ਆਗੂਆਂ ਦਾ ਗੁੱਸਾ ਸ਼ਾਂਤ ਹੋਇਆ ਤੇ ਸੜਕ ਤੋਂ ਜਾਮ ਖੋਲ੍ਹਣ ਲਈ ਰਾਜੀ ਹੋਈਆਂ।
ਮਿੰਨੀ ਸਕੱਤਰੇਤ ਪਟਿਆਲਾ ਅੱਗੇ ਡੈਮੋਕ੍ਰੇਟਿਕ ਮਿੱਡ-ਡੇ ਮੀਲ ਕੁੱਕ ਫਰੰਟ ਪੰਜਾਬ ਦੀ ਅਗਵਾਈ ਹੇਠ ਇਕੱਠੀਆਂ ਹੋਈਆਂ ਮਿੱਡ-ਡੇ ਮੀਲ ਕੁੱਕ ਬੀਬੀਆਂ ਨੂੰ ਸੰਬੋਧਨ ਕਰਦਿਆਂ ਫਰੰਟ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ, ਸੁਖਵਿੰਦਰ ਕੌਰ ਅੱਚਲ, ਸਿੰਦਰ ਕੌਰ ਸਿਬੀਆ, ਜਲ ਕੌਰ ਬਠਿੰਡਾ, ਸੁਖਜੀਤ ਕੌਰ ਲਚਕਾਣੀ, ਮਨਪ੍ਰੀਤ ਕੌਰ ਡੇਰਾਬੱਸੀ, ਅੰਜੂ ਖੰਨਾ, ਕੁਲਵੀਰ ਕੌਰ ਸਰਹੰਦ, ਜਸਵੀਰ ਕੌਰ ਅਮਲੋਹ, ਪਰਮਜੀਤ ਕੌਰ ਨਰਾਇਣਗੜ੍ਹ, ਬਲਵਿੰਦਰ ਕੌਰ ਫਰਵਾਹੀ, ਕਮਲੇਸ ਮਲੇਰਕੋਟਲਾ, ਪਰਮਜੀਤ ਕੌਰ ਗਿੱਦੜਬਾਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨਾਲ ਕਈ ਵਾਰ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀਆਂ ਤਨਖਾਹਾਂ ‘ਚ ਜਲਦ ਵਾਧਾ ਕੀਤਾ ਜਾਵੇਗਾ ਪਰ ਵਾਅਦੇ ਅਜੇ ਤਾਈਂ ਵਫ਼ਾ ਨਹੀਂ ਹੋਏ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਦੀ ਤਨਖਾਹ 1700 ਰੁਪਏ ਤੋਂ ਦੁੱਗਣੀ ਕਰਕੇ 3400 ਕਰਨ ਦੇ ਵਾਅਦੇ ‘ਤੇ ਲੰਮਾ ਸਮਾਂ ਬੀਤ ਜਾਣ ‘ਤੇ ਅਜੇ ਤਾਈਂ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਗੁਆਂਢੀ ਸੂਬੇ ਹਰਿਆਣੇ ਅੰਦਰ 4500 ਰੁਪਏ, ਤਾਮਿਲਨਾਡੂ ‘ਚ 6500 ਰੁਪਏ ਮਹੀਨਾ ਅਤੇ ਕੇਰਲਾ ‘ਚ 9000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਇਸ ਮੌਕੇ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਮਿੱਡ-ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜ਼ਰਤ ਕਾਨੂੰਨ ਅਧੀਨ ਲਿਆ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ, ਵੱਡੇ ਸ਼ਹਿਰਾਂ ‘ਚ ਠੇਕੇਦਾਰਾਂ ਹਵਾਲੇ ਕੀਤਾ ਮਿੱਡ-ਡੇ ਮੀਲ ਵਾਪਸ ਲਿਆ ਜਾਵੇ ਆਦਿ। ਇਸ ਮੌਕੇ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਉਹ ਅਗਲਾ ਐਕਸ਼ਨ ਕਰਨ ਲਈ ਮਜ਼ਬੂਰ ਹੋਣਗੀਆਂ। ਪ੍ਰਸ਼ਾਸਨ ਵੱਲੋਂ ਫਰੰਟ ਆਗੂਆਂ ਤੋਂ ਮੰਗ ਪੱਤਰ ਲੈਣ ਲਈ ਤਹਿਸੀਲਦਾਰ ਪਟਿਆਲਾ ਪ੍ਰਵੀਨ ਕੁਮਾਰ ਪੁੱਜੇ ਤੇ 12 ਮਾਰਚ ਨੂੰ ਚੰਡੀਗੜ੍ਹ ਵਿਖੇ ਤੈਅ ਕੀਤੀ ਪੈਨਲ ਮੀਟਿੰਗ ਦਾ ਪੱਤਰ ਵੀ ਸੌਂਪਿਆ। ਇਸ ਮੌਕੇ ਮਨਜੀਤ ਕੌਰ ਨਾਭਾ, ਸੁਖਵਿੰਦਰ ਕੌਰ ਗਿੱਦੜਬਾਹਾ, ਬਲਵਿੰਦਰ ਕੌਰ ਗੋਬਿੰਦਗੜ, ਸੀਮਾ ਨਾਭਾ, ਆਈ ਡੀ ਪੀ ਦਰਸ਼ਨ ਸਿੰਘ ਧਨੇਠਾ, ਸੁਖਪਾਲ ਸਿੰਘ ਸਿਬੀਆ, ਸ਼ਮਸ਼ੇਰ ਸਿੰਘ ਗਿੱਦੜਬਾਹਾ, ਜਗਜੀਤ ਸਿੰਘ ਨੌਹਰਾ, ਸੀਤਾ ਰਾਮ ਦਤਾਲ ਆਦਿ ਨੇ ਵੀ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।