ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਮਿਡ-ਡੇ-ਮੀਲ ਵਰ...

    ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ‘ਤੇ ਵਰਕਰਾਂ ਨੂੰ ਭੁੱਖੇ ਮਾਰਨ ਦਾ ਦੋਸ਼

    ਪਿਛਲੇ 4 ਮਹੀਨੇ ਤੋਂ ਨਹੀਂ ਦਿੱਤੀਆਂ ਗਈਆਂ ਤਨਖਾਹਾਂ

    ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ ਵੱਲੋਂ ਜਥੇਬੰਦੀ ਦੀ ਇੱਕ ਅਹਿਮ ਆਨ ਲਾਈਨ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਅੰਦਰ ਕੋਵਿਡ-19 ਲਾਕਡਾਊਨ ਦੌਰਾਨ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

    ਇਸ ਸਬੰਧੀ ਆਗੂਆਂ ਨੇ ਕਿਹਾ ਕਿ ਮਿਡ-ਡੇ-ਮੀਲ ਵਰਕਰਾਂ ਸਿਰਫ 1700 ਰੁਪਏ ਪ੍ਰਤੀ ਮਹੀਨਾ ‘ਤੇ ਸਕੂਲਾਂ ਅੰਦਰ ਕੰਮ ਕਰਦੀਆਂ ਹਨ ਅਤੇ ਕੋਰੋਨਾ ਲਾਕਡਾਊਨ ਦੇ ਸਮੇਂ ਵਿੱਚ ਇਨ੍ਹਾਂ ਵਰਕਰਾਂ ਦੇ ਪਰਿਵਾਰਾਂ ਦੀ ਹਾਲਤ ਤਰਸਯੋਗ ਹੋਈ ਪਈ ਹੈ, ਪੰਜਾਬ ਸਰਕਾਰ ਵੱਲੋਂ ਇਨ੍ਹਾਂ ਗ਼ਰੀਬ ਵਰਕਰਾਂ ਦੀ ਮਾਲੀ ਮੱਦਦ ਕਰਨੀ ਤਾਂ ਇੱਕ ਪਾਸੇ ਸਗੋਂ ਪਿਛਲੇ 4 ਮਹੀਨਿਆਂ (ਮਾਰਚ, ਮਈ, ਜੂਨ ਅਤੇ ਜੁਲਾਈ) ਦੀ ਤਨਖਾਹ ਵੀ ਰੋਕ ਲਈ ਗਈ ਹੈ, ਜਦਕਿ ਲਾਕਡਾਊਨ ਦੌਰਾਨ ਵੀ ਸਕੂਲ ਮੁਖੀਆਂ ਵੱਲੋਂ ਉਨ੍ਹਾਂ ਨੂੰ ਸਕੂਲਾਂ ਵਿੱਚ ਬੁਲਾ ਕੇ ਮਿਡ ਡੇ ਮੀਲ ਸਬੰਧੀ ਅਤੇ ਹੋਰ ਕੰਮ ਕਰਵਾਏ ਜਾ ਰਹੇ ਹਨ।

    ਡੀ.ਐਮ.ਐਫ. ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਇਸ ਬਾਬਤ ਸਾਡੇ ਵੱਲੋਂ ਮੰਗ ਪੱਤਰਾਂ ਰਾਹੀਂ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਇਨ੍ਹਾਂ ਵਰਕਰਾਂ ਦੀ 4 ਮਹੀਨੇ ਦੀ ਤਨਖਾਹ ਦੇਣ ਅਤੇ ਲਾਕਡਾਊਨ ਸਮੇਂ ਦੌਰਾਨ 3000 ਰੁਪਏ ਗੁਜ਼ਾਰਾ ਭੱਤਾ ਦੇਣ ਦੀ ਅਪੀਲ ਕੀਤੀ ਗਈ ਸੀ, ਪਰ ਦੋਵਾਂ ਸਰਕਾਰਾਂ (ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ) ਟੱਸ ਤੋਂ ਮੱਸ ਨਹੀਂ ਹੋਈਆਂ।

    ਜਰਨਲ ਸਕੱਤਰ ਜਰਮਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ ਸੰਘਰਸ਼ ਸ਼ੁਰੂ ਕਰਦੇ ਹੋਏ ਮਿਡ-ਡੇ-ਮੀਲ ਵਰਕਰਾਂ ਵੱਲੋਂ 3 ਅਗਸਤ ਤੋਂ 10 ਅਗਸਤ ਤੱਕ ਜ਼ਿਲ੍ਹਾ ਪੱਧਰੀ ਰੋਸ ਰੈਲੀਆਂ ਕਰਕੇ ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ ਅਤੇ ਦੋਵਾਂ ਸਰਕਾਰਾਂ ਖ਼ਿਲਾਫ ਰੋਸ ਹਫਤਾ ਮਨਾਇਆ ਜਾਵੇਗਾ।  ਇਸ ਮੀਟਿੰਗ ਵਿੱਚ ਸੂਬਾ ਜਨ.ਸਕੱਤਰ ਮਮਤਾ ਸ਼ਰਮਾ, ਸਰਬਜੀਤ ਕੌਰ ਅੰਮ੍ਰਿਤਸਰ, ਕਰਮਜੀਤ ਕੌਰ ਬਠਿੰਡਾ, ਰਮਨਜੀਤ ਕੌਰ ਮੁਕਤਸਰ, ਕੁਲਵਿੰਦਰ ਕੌਰ ਜਲੰਧਰ, ਪਿੰਕੀ ਪਟਿਆਲਾ, ਰਾਜ ਰਾਣੀ ਲੁਧਿਆਣਾ, ਗੁਰਪ੍ਰੀਤ ਕੌਰ ਗੁਰਦਾਸਪੁਰ, ਕਿਰਨਪ੍ਰੀਤ ਕੌਰ ਤਰਨ ਤਾਰਨ, ਆਸ਼ਾ ਰਾਣੀ ਭਵਾਨੀਗੜ੍ਹ, ਗੁਰਜੀਤ ਘੱਗਾ ਆਦਿ ਨੇ ਹਿੱਸਾ ਲਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here