ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਕੰਮੇਆਣਾ, ਚਮੇਲੀ
NREGA Labour Union Meeting: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਸਥਾਨਕ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਚਮੇਲੀ ਵਿਖੇ ਨਰੇਗਾ ਕਾਮਿਆਂ ਨਾਲ ਮੇਟ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਸੰਬੰਧ ਵਿੱਚ ਨਰੇਗਾ ਕਾਮਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ, ਜ਼ਿਲ੍ਹਾ ਆਗੂ ਬਲਕਾਰ ਸਿੰਘ ਸਹੋਤਾ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਚਮੇਲੀ ਦੀ ਅਗਵਾਈ ਵਿੱਚ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਉਪਰੋਕਤ ਆਗੂਆਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਲਗਭਗ 40 ਦੀ ਗਿਣਤੀ ਵਿੱਚ ਨਰੇਗਾ ਮਜ਼ਦੂਰ ਕੰਮ ਕਰਦੇ ਹਨ ਜਿਹਨਾਂ ਪਿੱਛੇ ਇੱਕ ਮੇਟ ਗੁਰਜੀਤ ਕੌਰ ਕੰਮ ਚਲਾ ਰਹੀ ਹੈ ਅਤੇ ਇਸ ਮੇਟ ਵੱਲੋਂ ਮਨਮਾਨੀਆਂ ਕਰਦੇ ਹੋਏ ਕੁਝ ਨਰੇਗਾ ਕਾਮਿਆਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Natural Health Products: ਸਿਹਤ ਨਾਲ ਜੁੜੇ ਪ੍ਰੋਡਕਟ ਬਿਨਾਂ ਕੈਮੀਕਲ ਤੋਂ ਵਰਤੇ ਜਾਣ : ਕਨਨ ਸੇਠ
ਆਗੂਆਂ ਨੇ ਅੱਗੇ ਗੱਲਬਾਤ ਦੌਰਾਨ ਦੱਸਿਆ ਕਿ ਉਪਰੋਕਤ ਮੇਟ ਵੱਲੋਂ ਕੰਮ ਦੀਆਂ ਹਾਜ਼ਰੀਆਂ ਆਪਣੀ ਮਰਜ਼ੀ ਮੁਤਾਬਕ ਲਗਾਈਆਂ ਜਾ ਰਹੀਆਂ ਹਨ ਤੇ ਇੱਥੋਂ ਤੱਕ ਕਿ ਲਗਭਗ 2 ਮਹੀਨੇ ਕੰਮ ਕਰ ਚੁੱਕੇ ਕੁਝ ਨਰੇਗਾ ਮਜ਼ਦੂਰਾਂ ਦੇ ਪੈਸੇ ਉਹਨਾਂ ਦੇ ਖਾਤੇ ਵਿੱਚ ਪਾਉਣ ਦੀ ਬਜਾਏ ਕਿਸੇ ਹੋਰ ਦੇ ਖਾਤੇ ਵਿੱਚ ਪਾ ਕੇ ਉਹਨਾਂ ਦੀ ਲੁੱਟ ਕੀਤੀ ਹੈ।
ਇਸ ਮੌਕੇ ਹਾਜ਼ਰ ਨਰੇਗਾ ਕਾਮਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਪਰੋਕਤ ਮੇਟ ਖਿਲਾਫ ਬਣਦੀ ਕਾਰਵਾਈ ਕਰਕੇ ਇਸਨੂੰ ਬਦਲ ਕੇ ਪਿੰਡ ਵਿੱਚ ਕੋਈ ਇਮਾਨਦਾਰ ਮੇਟ ਲਾਇਆ ਜਾਵੇ ਤਾਂ ਜੋ ਨਰੇਗਾ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਤਰਕਾਰ ਸ਼ਿਵਨਾਥ ਦਰਦੀ, ਗੁਰਦੀਪ ਸਿੰਘ, ਚਮਕੌਰ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਬੂਟਾ ਸਿੰਘ, ਬਲਵੀਰ ਸਿੰਘ, ਕਾਮਰੇਡ ਭੋਲਾ ਸਿੰਘ, ਦਰਸ਼ਨ ਸਿੰਘ, ਗੁਰਵਿੰਦਰ ਸਿੰਘ, ਬੀਬੀ ਮਨਜੀਤ ਕੌਰ, ਪਰਮਜੀਤ ਕੌਰ ਅਤੇ ਚਰਨਜੀਤ ਕੌਰ ਆਦਿ ਹਾਜ਼ਰ ਸਨ।