ਨਿਯੁਕਤੀ ਪੱਤਰ ਦੇਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ : ਆਗੂ
ਕਾਮਿਆਂ ਨੂੰ ਨਿਯੁਕਤੀ ਪੱਤਰ ਜਲਦ ਦਿੱਤੇ ਜਾਣਗੇ : ਨਿਧੀ ਸਿਨਹਾ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਡੈਮੋਕਰੈਟਿਕ ਮਨਰੇਗਾ ਫਰੰਟ ਬਲਾਕ ਸੁਨਾਮ ਵੱਲੋਂ ਲਗਾਤਾਰ ਪਿਛਲੇ ਪੰਜ ਦਿਨਾਂ ਤੋਂ ਬੀਡੀਪੀਓ ਦਫ਼ਤਰ ਦੇ ਅੱਗੇ ਧਰਨਾ ਜਾਰੀ ਰੱਖਿਆ ਹੋਇਆ ਹੈ। ਧਰਨੇ ਦੇ ਅੱਜ ਪੰਜਵੇਂ ਦਿਨ ਪਿੰਡ ਅਮਰੂ ਕੋਟੜਾ ਦੇ ਮਨਰੇਗਾ ਕਾਮੇ ਧਰਨੇ ’ਤੇ ਬੈਠੇ ਰੋਸ ਮੁਜ਼ਾਹਰਾ ਕਰ ਰਹੇ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਡੈਮੋਕਰੇਟਿਕ ਮਨਰੇਗਾ ਫਰੰਟ ਦੇ ਆਗੂਆਂ ਪ੍ਰਧਾਨ ਨਿਰਮਲਾ ਕੌਰ, ਸੁਖਵਿੰਦਰ ਕੌਰ ਘਾਸੀਵਾਲਾ, ਭੋਲਾ ਸਿੰਘ, ਤੇਜ਼ ਕੌਰ, ਸਤਨਾਮ ਸਿੰਘ, ਰਾਮਧਨ ਅਮਰੂ ਕੋਟੜਾ ਤੋਂ ਇਲਾਵਾ ਆਈਡੀਪੀ ਦੇ ਸੂਬਾਈ ਆਗੂ ਕਰਨੈਲ ਸਿੰਘ ਜਖੇਪਲ ਅਤੇ ਤਿਰਲੋਚਨ ਸਿੰਘ ਸੂਲਰ ਘਰਾਟ ਨੇ ਕਿਹਾ ਕਿ ਮਨਰੇਗਾ ਕਾਨੂੰਨ ਤਹਿਤ ਪਿੰਡ ਦੇ ਵਿਕਾਸ ਲਈ ਸੌ ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇਣ, ਜੇਕਰ ਕੰਮ ਨਹੀਂ ਦਿੱਤਾ ਜਾ ਸਕਦਾ ਤਾਂ ਕਾਮਾ ਬੇਰੁਜ਼ਗਾਰੀ ਭੱਤਾ ਲੈਣ ਦਾ ਹੱਕਦਾਰ ਹੈ। ਆਗੂਆਂ ਨੇ ਕਿਹਾ ਕਿ ਹਾਜ਼ਰੀ ਮਾਸਟਰੋਲ ਉਪਰ ਲਾਉਣ ਦੀ ਥਾਂ ਕੱਚੀ ਕਾਪੀ ’ਤੇ ਲਾਉਣ, ਨਿਯੁਕਤੀ ਪੱਤਰ ਦੇਣ ਤੋਂ ਆਨਾਕਾਨੀ ਕਰਨ ਦੇ ਕਾਰਨ ਕਹਿਰ ਦੀ ਠੰਢ ਵਿਚ ਮਜ਼ਬੂਰਨ ਪੱਕਾ ਧਰਨਾ ਲਾਉਣਾ ਪੈ ਰਿਹਾ ਹੈ। ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਬੀਡੀਪੀਓ ਨੇ ਵਾਅਦੇ ਅਨੁਸਾਰ ਨਿਯੁਕਤੀ ਪੱਤਰ ਨਾ ਜਾਰੀ ਕੀਤੇ ਤਾਂ ਉਹਨਾਂ ਖ਼ਿਲਾਫ਼ ਸਖ਼ਤ ਐਕਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਇਸ ਮੌਕੇ ਬੀਡੀਓ ਮੈਡਮ ਨਿਧੀ ਸਿਨਹਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾਇਆ ਪਰੰਤੂ ਪਿਛਲੇ ਦਿਨੀਂ ਉਨ੍ਹਾਂ ਨੇ ਗੱਲ ਕਰਦਿਆਂ ਦੱਸਿਆ ਸੀ ਕਿ ਮਨਰੇਗਾ ਵਰਕਰਾਂ ਵੱਲੋਂ ਜਿਵੇਂ-ਜਿਵੇਂ ਐਪਲੀਕੇਸ਼ਨਾਂ ਆ ਰਹੀਆਂ ਹਨ ਉਸੇ ਹਿਸਾਬ ਨਾਲ ਉਹ ਮਾਸਟਰੋਲ ਕਢਵਾ ਦੇਣਗੇ ਅਤੇ ਉਨ੍ਹਾਂ ਵੱਲੋਂ ਪੰਚਾਇਤਾਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਸੀ ਕਿ ਜਿੰਨੇ ਬੰਦਿਆਂ ਦੀ ਲਿਸਟ ਉਨ੍ਹਾਂ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਸੀ ਕਿ ਇਸ ਵਿਚ ਸਮਾਂ ਪੰਦਰਾਂ ਦਿਨ ਦਾ ਹੁੰਦਾ ਹੈ ਪ੍ਰੰਤੂ ਉਨ੍ਹਾਂ ਪੰਚਾਇਤਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਇਨ੍ਹਾਂ ਦਾ ਮਾਸਟਰੋਲ ਜਲਦ ਕੱਢਿਆ ਜਾਵੇ। ਉਨ੍ਹਾਂ ਦੱਸਿਆ ਸੀ ਕਿ ਮਨਰੇਗਾ ਕਾਮਿਆਂ ਨੂੰ ਜਲਦ ਹੀ ਨਿਯੁਕਤੀ ਪੱਤਰ ਦੇ ਕੇ ਕੰਮ ਉੱਤੇ ਲਗਾਇਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ