ਮਾਸਕੋ (ਏਜੰਸੀ) ਪਿਛਲੀ ਚੈਂਪੀਅਨ ਜਰਮਨੀ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ਐਫ ਮੁਕਾਬਲੇ ‘ਚ ਐਤਵਾਰ ਨੂੰ ਆਪਣੀ ਖ਼ਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ ‘ਚ ਹੀ ਮੈਕਸਿਕੋ ਦੇ ਦ੍ਰਿੜ ਇਰਾਦਿਆਂ ਦੇ ਸਾਹਮਣੇ ਗੋਡੇ ਟੇਕਣੇ ਪਏ ਜਿਸ ਨੇ 1-0 ਦੀ ਰੋਮਾਂਚਕ ਜਿੱਤ ਆਪਣੇ ਨਾਂਅ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਬ੍ਰਾਜ਼ੀਲ ‘ਚ 2014 ‘ਚ ਫੀਫਾ ਵਿਸ਼ਵ ਕੱਪ ਦੀ ਚੈਂਪੀਅਨ ਜਰਮਨੀ ਨੂੰ ਮੈਕਸਿਕੋ ਨੇ ਇੱਕੋ ਇੱਕ ਗੋਲ ਰਾਹੀਂ ਹਰਾਇਆ ਜੋ ਹਾਇਰਵਿੰਗ ਲੋਜ਼ਾਨੇ ਨੇ ਮੈਚ ਦੇ 34ਵੇਂ ਮਿੰਟ ‘ਚ ਕੀਤਾ ਲੁਜ਼ਨਿਕੀ ਸਟੇਡੀਅਮ ‘ਚ ਮੈਕਸਿਕਨ ਟੀਮ ਦੇ ਇਸ ਗੋਲ ਤੋਂ ਬਾਅਦ ਦਰਸ਼ਕ ਵੀ ਇਸ ਹੱਦ ਤੱਕ ਝੁਮੇ ਕਿ ਪੂਰਾ ਸਟੇਡੀਅਮ ਕੰਨ ਪਾੜ ਦੇਣ ਵਾਲੀਆਂ ਆਵਾਜ਼ਾਂ ਨਾਲ ਗੂੰਜਣ ਲੱਗਾ। ਕੁਆਲੀਫਾਈਂਗ ‘ਚ ਕਮਾਲ ਦਾ ਪ੍ਰਦਰਸ਼ਨ ਕਰਕੇ ਇੱਕ ਵਾਰ ਫਿਰ ਵੱਡੀ ਦਾਅਵੇਦਾਰ ਦੇ ਤੌਰ ‘ਤੇ ਉੱਤਰੀ ਚਾਰ ਵਾਰ ਦੀ ਚੈਂਪੀਅਨ ਜਰਮਨੀ ਟੀਮ ਵਿਸ਼ਵ ਕੱਪ ਦੇ ਓਪਨਿੰਗ ਮੈਚ ‘ਚ ਹੀ ਓਨੀ ਮਜ਼ਬੂਤ ਨਹੀਂ ਦਿਸੀ ਜਿਸ ਦੀ ਆਸ ਕੀਤੀ ਜਾ ਰਹੀ ਸੀ ਜਦੋਂਕਿ ਮੈਕਸਿਕੋ ਦੇ ਖਿਡਾਰੀਆਂ ਨੇ ਕਿਤੇ ਬਿਹਤਰ ਖੇਡ ਦਿਖਾਈ।
ਮੈਚ ‘ਚ ਪਹਿਲੇ ਅੱਧ ‘ਚ ਹਾਲਾਂਕਿ 34ਵੇਂ ਮਿੰਟ ‘ਚ ਹੀ ਪੱਛੜ ਜਾਣ ਤੋਂ ਬਾਅਦ ਜਰਮਨੀ ਟੀਮ ਨੇ ਬਰਾਬਰੀ ਦੇ ਗੋਲ ਲਈ ਹਮਲੇਤੇਜ਼ ਕਰ ਦਿੱਤੇ ਅਤੇ ਟੋਨੀ ਕਰੂਜ਼ ਇੱਕ ਸਮੇਂ ਇਸ ‘ਚ ਸਫ਼ਲ ਵੀ ਲੱਗਾ ਪਰ ਫ੍ਰੀ ਕਿੱਕ ‘ਤੇ ਉਸਦਾ ਸ਼ਾੱਟ ਗੋਲਕੀਪਰ ਗੁਈਲੇਰਮੋ ਦੇ ਪੋਲ ਨੂੰ ਛੂਹ ਕੇ ਨਿਕਲ ਗਿਆ। ਪਹਿਲੇ ਅੱਧ ‘ਚ ਹਮਲਾਵਰ ਖੇਡੀ ਮੈਕਸਿਕੋ ਨੇ ਦੂਸਰੇ ਅੱਧ ‘ਚ ਰੱਖਿਆਤਮਕ ਖੇਡ ਦਿਖਾਈ ਅਤੇ ਜਰਮਨੀ ਟੀਮ ਦੇ ਕਈ ਮੌਕਿਆਂ ਨੂੰ ਬੇਕਾਰ ਵੀ ਕੀਤਾ ਜਰਮਨ ਟੀਮ ਦੀ ਰੱਖਿਆ ਕਤਾਰ ਪਹਿਲੇ ਅੱਧੇ ਘੰਟੇ ‘ਚ ਬਿਲਕੁਨ ਨਕਾਰਾ ਲੱਗੀ ਅਤੇ ਮੈਕਸਿਕੋ ਦੇ ਜੇਵਿਅਰ ਹਰਨਾਂਡੇਜ਼ ਦੇ ਪਾਸ ‘ਤੇ ਲੋਜ਼ਾਨੋ ਨੇ ਜਰਮਨ ਫੁੱਟਬਾਲਰ ਮੇਸੁਤ ਓਜ਼ਿਲ ਨੂੰ ਪਛਾੜਦੇ ਹੋਏ ਗੇਂਦ ਗੋਲ ‘ਚ ਪਾ ਦਿੱਤੀ। ਮੈਕਸਿਕੋ ਦੀ ਜਰਮਨੀ ਵਿਰੁੱਧ 12 ਮੈਚਾਂ ‘ਚ ਇਹ ਸਿਰਫ਼ ਦੂਸਰੀ ਜਿੱਤ ਹੈ।