ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਲਾ ਮਾਘੀ

Mela Maghi

ਸਾਲ ਭਰ ਵਿੱਚ ਗੁਰੁੂਆਂ, ਪੀਰਾਂ, ਸੂਰਬੀਰਾਂ ਤੇ ਦੇਸ਼ਭਗਤਾਂ ਦੀ ਯਾਦ ਵਿਚ ਮਨਾਏ ਜਾਂਦੇ ਮੇਲੇ ਅਤੇ ਤਿਉਹਾਰ ਸਾਨੂੰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਨੇਕੀ ਦੇ ਰਾਹ ’ਤੇ ਚੱਲਣ ਲਈ ਪ੍ਰੇਰਤ ਕਰਦੇ ਹਨ। ਮਹਾਂਪੁਰਸ਼ਾਂ ਦੀ ਜੀਵਨ ਜਾਂਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਮੁਗਲਾਂ ਦੇ ਜ਼ਬਰ ਤੇ ਜ਼ੁਲਮ ਖਿਲਾਫ ਸਮਾਜ ਤੇ ਦੇਸ਼ ਲਈ ਲੜਦੇ ਹੋਏ ਇਸ ਜਗ੍ਹਾ ’ਤੇ ਸ਼ਹੀਦੀਆਂ ਦਾ ਜਾਮ ਪੀ ਗਏ ਸਨ। ਸ੍ਰੀ ਮੁਕਤਸਰ ਸਾਹਿਬ ਵਾਲੀ ਅੱਜ ਦੀ ਮੌਜੂਦਾ ਜਗ੍ਹਾ ਉਸ ਸਮੇਂ ਖਿਦਰਾਣੇ ਦੀ ਢਾਬ ਕਰਕੇ ਮਸ਼ਹੂਰ ਸੀ। (Mela Maghi)

ਮੁਕਤਸਰ ਆਖਿਆ ਜਾਣ ਲੱਗਾ

ਜਦੋਂ ਇਸ ਜਗ੍ਹਾ ’ਤੇ 40 ਸਿੰਘ ਮੁਗਲਾਂ ਦੇ ਜ਼ੁਲਮਾਂ ਖਿਲਾਫ ਲੜਦੇ ਹੋਏ ਜੰਗ ਵਿਚ ਸ਼ਹੀਦ ਹੋ ਗਏ ਤਾਂ, ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਿਦਰਾਣੇ ਦੀ ਢਾਬ ਕਹੀ ਜਾਣ ਵਾਲੀ ਇਸ ਜਗ੍ਹਾ ਦਾ ਨਾਂਅ 40 ਮੁਕਤਿਆਂ ਦੀ ਯਾਦ ਵਿਚ ਮੁਕਤੀਸਰ ਰੱਖਿਆ, ਜਿਸ ਨੂੰ ਬਾਅਦ ਵਿਚ ਮੁਕਤਸਰ ਆਖਿਆ ਜਾਣ ਲੱਗਾ ਤੇ ਹੁਣ ਸਰਕਾਰ ਵੱਲੋਂ ਇਸ ਜਗ੍ਹਾ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਮੁਗਲਾਂ ਦੇ ਜ਼ੁਲਮਾਂ ਖਿਲਾਫ ਝੂਜਦੇ ਸ਼ਹੀਦ ਹੋਏ 40 ਸਿੰਘਾਂ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ 40 ਮੁਕਤਿਆਂ ਦਾ ਖਿਤਾਬ ਦਿੱਤਾ, ਦੇ ਸਨਮਾਨ ਵਿਚ ਮੁਕਤਸਰ ਤੋਂ ਬਦਲਕੇ ਸ੍ਰੀ ਮੁਕਤਸਰ ਸਾਹਿਬ ਰੱਖ ਦਿੱਤਾ ਗਿਆ ਹੈ।

ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੀ ਫੌਜ ਦੇ ਹੌਂਸਲੇ ਪਸਤ ਹੋ ਚੁੱਕੇ ਸਨ

ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਬਾਰੇ, ਜੋ ਇਤਿਹਾਸ ਵਿੱਚੋਂ ਲਿਖਿਆ ਮਿਲਦਾ, ਅਨੁਸਾਰ ਗੁਰੂ ਸਾਹਿਬ ਉਨ੍ਹੀਂ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਆਪਣੇ ਦੁਸ਼ਮਣਾਂ ਵਿਰੁੱਧ ਲੜਾਈ ਲੜ ਰਹੇ ਸਨ। ਗੁਰੂ ਸਾਹਿਬ ਨੂੰ ਜੰਗ ਵਿਚ ਹਰਾਉਣ ਦੇ ਇਰਾਦੇ ਨਾਲ ਲਾਹੌਰ, ਸਰਹੰਦ ਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ।

ਕਿਲ੍ਹੇ ਵਿੱਚ ਮੌਜੂਦ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਦੁਸ਼ਮਣ ਦੀਆਂ ਭਾਰੀ ਗਿਣਤੀ ਫੌਜਾਂ ਦਾ ਟਾਕਰਾ ਕੀਤਾ। ਖਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੀ ਫੌਜ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਆਖਰ ਵਿੱਚ ਪਹਾੜੀ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਉਸ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜੇਬ ਤੋਂ ਸਹਾਇਤਾ ਮੰਗੀ। ਔਰੰਗਜੇਬ ਨੇ ਪਹਾੜੀ ਰਾਜਿਆਂ ਦੀ ਮੱਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ। (Mela Maghi)

ਮਾਈ ਭਾਗੋ ਤੇ ਹੋਰ ਬੀਬੀਆਂ ਨੇ ਲਾਹਨਤਾਂ ਪਾਈਆਂ

ਇੱਧਰ ਕਿਲੇ੍ਹ ਵਿੱਚੋਂ ਵੀ ਹੌਲੀ-ਹੌਲੀ ਰਾਸ਼ਨ-ਪਾਣੀ ਮੱੁਕਦਾ ਜਾ ਰਿਹਾ ਸੀ ਉਸ ਵੇਲੇ ਕੁਝ ਸਿੱਖ ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ, ਅਤੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਸਲਾਹਾਂ ਦੇਣ ਲੱਗੇ। ਗੁਰੂ ਜੀ ਨੇ ਦੂਰ-ਅੰਦੇਸ਼ੀ ਨਾਲ ਸਿੱਖਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ, ਪਰੰਤੂ ਉਨ੍ਹਾਂ ਦਾ ਆਤਮਬਲ ਐਨਾ ਕਮਜ਼ੋਰ ਹੋ ਗਿਆ ਕਿ ਉਨ੍ਹਾਂ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ, ਕਿ ਅਸੀਂ ਤੇਰੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ, ਤੇ ਘਰਾਂ ਨੂੰ ਚਲੇ ਗਏ।

ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਇਹ ਸਿੱਖ ਜਦ ਆਪਣੇ ਘਰਾਂ ਵਿਚ ਪਹੁੰਚੇ ਤਾਂ ਮਾਈ ਭਾਗੋ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਲੱਖ-ਲੱਖ ਲਾਹਨਤਾਂ ਪਾਈਆਂ ਤੇ ਕਿਹਾ ਕਿ ਤੁਸੀਂ ਚੂੜੀਆਂ ਪਾ ਕੇ ਘਰ ਬੈਠੋ, ਅਸੀਂ ਜਾਂਦੀਆਂ ਹਾਂ ਜੰਗ ਦੇ ਮੈਦਾਨ ਵਿਚ ਗੁਰੂ ਜੀ ਦਾ ਸਾਥ ਦੇਣ ਮਾਈ ਭਾਗੋ ਅਤੇ ਹੋਰ ਬੀਬੀਆਂ ਤੋਂ ਖਰੀਆਂ ਤੇ ਸੱਚੀਆਂ ਗੱਲਾਂ ਸੁਣਨ ਤੋਂ ਬਾਅਦ ਜਦੋਂ ਇਨ੍ਹਾਂ ਬੇਦਾਵਾ ਲਿਖਣ ਵਾਲਿਆਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਮੁਗ਼ਲ ਫੌਜਾਂ ਬਾਰੇ ਪਤਾ ਚੱਲਿਆ ਤਾਂ ਇਨ੍ਹਾਂ ਸਿੱਖਾਂ ਦੀ ਜ਼ਮੀਰ ਨੇ ਹਲੂਣਾ ਖਾਧਾ, ਅਤੇ ਔਖੀ ਘੜੀ ਵਿਚ ਗੁਰੂ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ।

ਖੂਨ ਹੋਰ ਵੀ ਖੌਲਣ ਲੱਗ ਪਿਆ

ਇਹ ਸਿੱਖ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿਚ ਮੁਗ਼ਲ ਫੌਜਾਂ ਨਾਲ ਲੜਨ-ਮਰਨ ਲਈ ਚੱਲ ਪਏ। ਇਸ ਮੌਕੇ ਮਾਈ ਭਾਗੋ ਵੀ ਮਰਦਾਵੇਂ ਭੇਸ ਵਿਚ ਉਨ੍ਹਾਂ ਦੇ ਨਾਲ ਸੀ। ਰਸਤੇ ਵਿਚ ਇਨ੍ਹਾਂ ਨੂੰ ਗੁਰੂ ਜੀ ਦੇ ਆਨੰਦਪੁਰ ਸਾਹਿਬ ਛੱਡਣ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ ਤਾਂ ਇਨ੍ਹਾਂ ਦਾ ਖੂਨ ਹੋਰ ਵੀ ਖੌਲਣ ਲੱਗ ਪਿਆ। ਉਹ ਸਾਰੇ ਪੁੱਛਦੇ-ਪਛਾਂਦੇ ਜਿਧਰ ਨੂੰ ਗੁਰੂ ਜੀ ਗਏ ਸਨ, ਉੱਧਰ ਨੂੰ ਚੱਲ ਪਏ। ਉੱਧਰ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਏਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪਹੁੰਚੇ ਤਾਂ ਪਤਾ ਲੱਗਾ ਕਿ ਸੂਬਾ ਸਰਹੰਦ ਵਜ਼ੀਦ ਖਾਨ ਭਾਰੀ ਲਾਮ-ਲਸ਼ਕਰ ਨਾਲ ਉਨ੍ਹਾਂ ਦਾ ਪਿੱਛਾ ਕਰਦਾ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ।

ਮੁਗ਼ਲ ਫੌਜ ਵੀ ਉਸੇ ਪਾਸੇ ਝੁਕ ਗਈ

ਇੱਧਰ ਮਾਝੇ ਦੇ ਸਿੱਖਾਂ ਦਾ ਜਥਾ ਜਦੋਂ ਗੁਰੂ ਸਾਹਿਬ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ’ਤੇ ਪਹੁੰਚਿਆ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਫੌਜ ਦੇ ਇੱਥੇ ਪਹੁੰਚਣ ਦੀ ਖਬਰ ਮਿਲੀ, ਤਾਂ ਇਨ੍ਹਾਂ ਮੁਗ਼ਲ ਫੌਜ ਦੇ ਖਿਲਾਫ ਲੜਨ ਲਈ ਮੋਰਚੇ ਸੰਭਾਲ ਲਏ। ਇਸ ਸਮੇਂ ਗੁਰੂ ਜੀ ਵੱਲੋਂ ਅਪਣਾਈ ਯੁੱਧ ਨੀਤੀ ਪੂਰੀ ਤਰ੍ਹਾਂ ਸਫ਼ਲ ਰਹੀ, ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਸਾਰੀ ਮੁਗ਼ਲ ਫੌਜ ਵੀ ਉਸੇ ਪਾਸੇ ਝੁਕ ਗਈ। ਦੂਸਰੇ ਪਾਸੇ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਇੱਕਦਮ ਅਚਾਨਕ ਮੁਗ਼ਲ ਫੌਜਾਂ ’ਤੇ ਹਮਲਾ ਬੋਲ ਦਿੱਤਾ।

ਇਸ ਹਮਲੇ ਵਿਚ ਮੁਗਲ ਫੌਜ ਦੇ ਸੈਂਕੜੇ ਸੈਨਿਕ ਮਾਰੇ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਫੌਜ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਂਟ ਚੜ੍ਹਦੇ ਗਏ। ਸਿੰਘ ਅਜਿਹੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਦੀ ਫੌਜ ਵਿਚ ਖਲਬਲੀ ਮੱਚ ਗਈ। ਦੁਸ਼ਮਣ ਹਾਰ ਖਾ ਕੇ ਭੱਜ ਉੱਠੇ ਤੇ ਖਾਲਸੇ ਨੇ ਜੰਗ ਦਾ ਮੈਦਾਨ ਫਤਿਹ ਕਰ ਲਿਆ।

ਚਰਨਾਂ ਵਿਚ ਆਪਣਾ ਸੀਸ ਨਿਵਾਇਆ

ਪਰ ਇਸ ਜੰਗ ਵਿਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੰਘ, ਜਿਨ੍ਹਾਂ ਨੂੰ ਬਾਅਦ ਵਿਚ ਆਪਣੀ ਕੀਤੀ ਬੱਜਰ ਗਲਤੀ ਦਾ ਅਹਿਸਾਸ ਹੋਇਆ, ਨੇ ਵੀ ਗੁਰੂ ਸਾਹਿਬ ਦੀ ਅਗਵਾਈ ਵਿਚ ਜੰਗ ਦੇ ਮੈਦਾਨ ਵਿਚ ਜੋ ਮੁਗਲ ਫੌਜ ਦਾ ਡਟ ਕੇ ਮੁਕਾਬਲਾ ਕੀਤਾ, ਬਹੁਤ ਸਾਰੇ ਸਿੰਘਾਂ ਸਮੇਤ ਇਹ 40 ਸਿੰਘ ਵੀ ਲੜਾਈ ਦੇ ਮੈਦਾਨ ਵਿਚ ਜੂਝਦੇ ਹੋਏ ਸ਼ਹੀਦ ਹੋ ਗਏ। ਮੁਗ਼ਲਾਂ ਦੇ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਣ ਤੋਂ ਬਾਅਦ ਗੁਰੂ ਜੀ ਨੇ ਰਣਭੂਮੀ ਵਿਚ ਦੇਖਿਆ ਕਿ ਢਾਬ ਕੰਢੇ ਜਖ਼ਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜਖ਼ਮਾਂ ਨੂੰ ਧੋ ਰਹੀ ਸੀ।

ਮਾਤਾ ਭਾਗੋ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਚਰਨਾਂ ਵਿਚ ਆਪਣਾ ਸੀਸ ਨਿਵਾਇਆ। ਉਸ ਨੇ ਦਸ਼ਵੇਂ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਗੁਰੂ ਸਾਹਿਬ ਨੇ ਜੰਗ ਵਿਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜਾਰੀ, ਸੱਤ ਹਜਾਰੀ ਤੇ ਦਸ ਹਜਾਰੀ ਦਾ ਖਿਤਾਬ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ-ਕਮਲਾਂ ਨਾਲ ਪਲੋਸਿਆ।

ਅੰਤਿਮ ਸਮੇਂ ਆਪ ਜੀ ਦੇ ਦੀਦਾਰ ਹੋ ਗਏ

ਜੰਗ ਦੇ ਮੈਦਾਨ ਵਿਚ ਪਈਆਂ ਸਿੰਘਾਂ ਦੀਆਂ ਦੇਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰ ਨਾਲ ਨਿਹਾਰਿਆ ਅਤੇ ਹਰ ਇੱਕ ਨੂੰ ਛਾਤੀ ਨਾਲ ਲਾ ਕੇ ਅਤਿਅੰਤ ਸਨੇਹ ਨਾਲ ਅਨੇਕਾਂ ਬਖ਼ਸ਼ਿਸ਼ਾਂ ਕੀਤੀਆਂ। ਐਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੇ ਨਜ਼ਰੀਂ ਪੈ ਗਿਆ। ਗੁਰੂ ਸਾਹਿਬ ਜੀ ਨੇ ਉਸ ਦੇ ਸਿਰ ਨੂੰ ਆਪਣੀ ਗੋਦ ਵਿਚ ਲੈ ਕੇ ਉਸ ਦੇ ਮੂੰਹ ਨੂੰ ਸਾਫ ਕੀਤਾ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ।

ਕਲਗ਼ੀਧਰ ਪਾਤਸ਼ਾਹ ਨੇ ਗੋਦੀ ਵਿਚ ਲਏ ਭਾਈ ਮਹਾਂ ਸਿੰਘ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਕੇ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ਕਿ ‘ਉਤਮ ਭਾਗ ਹਨ’ ਕਿ ਅੰਤਿਮ ਸਮੇਂ ਆਪ ਜੀ ਦੇ ਦੀਦਾਰ ਹੋ ਗਏ, ਸਭ ਇੱਛਾਵਾਂ ਪੂਰੀਆਂ ਹੋ ਗਈਆਂ। ਪਰੰਤੂ ਜੇ ਆਪ ਤੁੱਠੇ ਹੋ ਤਾਂ ਸਮੇਂ ਦੇ ਗੇੜ ਤੇ ਬਿੱਖੜੇ ਹਾਲਾਤਾਂ ਕਾਰਨ ਉਸ ਸਮੇਤ ਜੋ 40 ਸਿੰਘ ਆਪ ਜੀ ਨੂੰ ਗੁਰਸਿੱਖੀ ਤੋਂ ਬੇਦਾਵਾ ਲਿਖ ਕੇ ਦੇ ਆਏ ਸਨ, ਉਸ ਨੂੰ ਨਾ ਚਿਤਾਰਦੇ ਹੋਏ ਉਹ ਬੇਦਾਵੇ ਵਾਲਾ ਕਾਗਜ਼ ਪਾੜ ਕੇ ਟੁੱਟੀ ਗੰਢੋ।

ਬੇਦਾਵੇ ਵਾਲਾ ਕਾਗਜ਼ ਪਾੜ ਕੇ ਟੁੱਟੀ ਗੰਢੀ

ਭਾਈ ਸਾਹਿਬ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਬੜੇ ਹੀ ਪ੍ਰਸੰਨ ਹੋਏ ਉਨ੍ਹਾਂ ਭਾਈ ਮਹਾਂ ਸਿੰਘ ਦੀ ਅੰਤਿਮ ਇੱਛਾ ਨੂੰ ਪੁੂਰਾ ਕਰਦਿਆਂ ਆਪਣੇ ਕਮਰਕੱਸੇ ਵਿਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਟੁਕੜੇ-ਟੁਕੜੇ ਕਰ ਦਿੱਤਾ। ਇਸ ਜਗ੍ਹਾ ਦਾ ਨਾਂਅ ਖਿਦਰਾਣੇ ਦੀ ਢਾਬ ਤੋਂ ਬਦਲ ਕੇ ਮੁਕਤਸਰ ਰੱਖਿਆ, ਜਿਸ ਨੂੰ ਹੁਣ ਸ੍ਰੀ ਮੁਕਤਸਰ ਸਾਹਿਬ ਆਖਿਆ ਜਾਂਦਾ। ਇਸ ਤੋਂ ਬਾਅਦ ਜਦੋਂ ਭਾਈ ਮਹਾਂ ਸਿੰਘ ਸਰੀਰ ਤਿਆਗ ਗਏ ਤਾਂ ਗੁਰੂ ਸਾਹਿਬ ਨੇ ਰਣਭੂਮੀ ਵਿਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਦੇ ਮਿ੍ਰਤਕ ਸਰੀਰਾਂ ਨੂੰ ਇਕੱਠਾ ਕਰਨ ਤੋਂ ਬਾਅਦ ਉਸੇ ਥਾਂ ਲੱਕੜੀਆਂ ਇਕੱਠੀਆਂ ਕਰਕੇ ਇੱਕ ਵੱਡੀ ਚਿਖਾ ਬਣਾ ਕੇ ਆਪਣੇ ਹੱਥੀ ਅੰਤਿਮ ਸਸਕਾਰ ਕੀਤਾ।

ਜਿਸ ਜਗ੍ਹਾ ’ਤੇ ਗੁਰੂ ਸਾਹਿਬ ਨੇ ਮਹਾਂ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਬੇਦਾਵੇ ਵਾਲਾ ਕਾਗਜ਼ ਪਾੜ ਕੇ ਟੁੱਟੀ ਗੰਢੀ, ਉੱਥੇ ਅੱਜ-ਕੱਲ੍ਹ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਇਸੇ ਤਰ੍ਹਾਂ ਜਿੱਥੇ 40 ਮੁਕਤੇ ਸ਼ਹੀਦ ਹੋਏ ਉਸ ਜਗਾ ਦਾ ਨਾਂਅ ਉਸ ਸਮੇ ਤੋਂ ਮੁਕਤਸਰ ਅਤੇ ਜਿਸ ਜਗ੍ਹਾ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਉਸ ਜਗ੍ਹਾ ’ਤੇ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਦੇ ਨਾਂਅ ਨਾਲ ਮਸ਼ਹੂਰ ਹੈ।

ਸੱਚ ਦੇ ਪ੍ਰਕਾਸ਼ ਨਾਲ ਮਿਲਾਉਂਦਾ ਹੈ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੀਆਂ ਜੰਗਾਂ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼, ਕੌਮ, ਹੱਕ, ਸੱਚ ਅਤੇ ਧਰਮ ਦੀ ਰੱਖਿਆ ਖਾਤਰ ਲੜੀਆਂ ਤੇ ਹਰ ਵਾਰ ਚੜ੍ਹਦੀ ਕਲਾ ਵਿਚ ਉਸ ਅਕਾਲਪੁਰਖ ਦੇ ਭਾਣੇ ਵਿਚ ਰਹਿੰਦਿਆਂ ਗਰੀਬਾਂ, ਨਿਆਸਰਿਆਂ, ਮਜ਼ਲੂਮਾਂ ਨੂੰ ਲਤਾੜਨ ਵਾਲੇ ਜਾਬਰਾਂ ਦਾ ਬਹਾਦਰੀ ਨਾਲ ਡਟ ਕੇ ਸਾਹਮਣਾ ਕੀਤਾ। ਉਨ੍ਹਾਂ ਦੇ ਜੀਵਨ ਦਾ ਹਰ ਝਲਕਾਰਾ ਮਨੁੱਖ ਨੂੰ ਹਨ੍ਹੇਰੀਆਂ ਖੱਡਾਂ ਵਿੱਚੋਂ ਕੱਢ ਕੇ ਸੱਚ ਦੇ ਪ੍ਰਕਾਸ਼ ਨਾਲ ਮਿਲਾਉਂਦਾ ਹੈ। ਇਹੀ ਪ੍ਰਕਾਸ਼ ਇਨਸਾਨ ਨੂੰ ਅੱਗੇ ਇਨਸਾਨੀਅਤ ਦੇ ਰਸਤੇ ਚੱਲਣ ਲਈ ਰਾਹ-ਦਸੇਰਾ ਬਣਦਾ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ 40 ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾਂ ਨੂੰ ਦਿ੍ਰੜ ਕਰਵਾੳਂਦਾ ਹੈ। ਮਾਘੀ ਦਾ ਜੋੜ ਮੇਲਾ ਦੇਸੀ ਮਹੀਨੇ ਦੀ ਸੰਗਰਾਂਦ ਅਤੇ ਲੋਹੜੀ ਦੇ ਤਿਉਹਾਰ ਤੋਂ ਦੂਸਰੇ ਦਿਨ ਸੀ੍ਰ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਨਾਇਆ ਜਾਂਦਾ। ਇਸ ਦਿਨ ਦੇਸ਼ ਤੇ ਵਿਦੇਸ਼ ਤੋਂ ਸੰਗਤਾਂ ਆ ਕੇ 40 ਮੁਕਤਿਆਂ ਦੀ ਲਹੂ ਭਿੱਜੀ ਧਰਤੀ ਨੂੰ ਸਜਦਾ ਕਰਦੀਆਂ ਹਨ।

ਮੇਵਾ ਸਿੰਘ
ਅਬੁੱਲਖੁਰਾਣਾ, ਸ੍ਰੀ ਮੁਕਤਸਰ ਸਾਹਿਬ
ਮੋ. 98726-00923

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ