Patiala News: ਪਾਰਟੀ ਲਈ ਕੰਮ ਕਰਨ ਵਾਲੇ ਤਿੰਨ ਟਰੱਸਟੀ ਮੈਂਬਰ ਵੀ ਲਗਾਏ
- ਪਾਰਟੀ ਲਈ ਪਹਿਲਾ ਵਾਂਗ ਦਿਨ ਰਾਤ ਕੰਮ ਕਰਦਾ ਰਹਾਗਾਂ-ਮੇਘ ਚੰਦ ਸ਼ੇਰਮਾਜਰਾ
Patiala News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਪ ਦੇ ਟਕਸਾਲੀ ਆਗੂ ਮੇਘ ਚੰਦ ਸ਼ੇਰਮਾਜਰਾ ਨੂੰ ਮੁੜ ਇੰਪਰੂਵਮੈਂਟ ਟਰੱਸਟ ਪਟਿਆਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਪਹਿਲੀ ਵਾਰ ਤਿੰਨ ਨਵੇਂ ਟਰੱਸਟੀ ਮੈਂਬਰਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਪਹਿਲਾ ਵੀ ਇੰਪਰੂਪਮੈਂਟ ਟਰੱਸਟ ਤੇ ਚੇਅਰਮੈਨ ਦੇ ਅਹੁਦੇ ’ਤੇ ਸਨ ਅਤੇ ਲੰਘੇ ਦਿਨੀ ਪਾਰਟੀ ਵੱਲੋਂ ਮੁੜ ਰਿਵਿਊ ਕਰਦਿਆ ਉਨ੍ਹਾਂ ’ਤੇ ਭਰੋਸਾ ਜਿਤਾਉਂਦਿਆ ਮੁੜ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨੀ ਦੀ ਕਮਾਨ ਸੌਂਪੀ ਗਈ ਹੈ।
ਪਤਾ ਲੱਗਾ ਹੈ ਕਿ ਪਾਰਟੀ ਵੱਲੋਂ ਕਈ ਜ਼ਿਲ੍ਹਿਆਂ ਵਿੱਚ ਪਹਿਲਾ ਥਾਪੇ ਗਏ ਚੇਅਰਮੈਨਾਂ ਦੀ ਮਾੜੀ ਕਾਰਗੁਜ਼ਾਰੀ ਨੂੰ ਦੇਖਦਿਆ ਬਦਲੀ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਥਾਂ ਤੇ ਨਵੇਂ ਆਗੂਆਂ ਨੂੰ ਮੌਕਾ ਦਿੱਤਾ ਗਿਆ ਹੈ। ਮੇਘ ਚੰਦ ਸ਼ੇਰਮਾਜਰਾ ਵੱਲੋਂ ਪਾਰਟੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਸਦਕਾ ਮੁੜ ਚੇਅਰਮੈਨ ਦੀ ਕੁਰਸੀ ’ਤੇ ਬਿਠਾਇਆ ਗਿਆ ਹੈ। ਪਾਰਟੀ ਵੱਲੋਂ ਇਸ ਦੇ ਨਾਲ ਹੀ ਤਿੰਨ ਟਰੱਸਟੀ ਮੈਂਬਰ ਵੀ ਨਿਯੁਕਤ ਕੀਤੇ ਗਏ ਹਨ ਜੋ ਕਿ ਪਹਿਲੀ ਟਰਮ ਵਿੱਚ ਨਹੀਂ ਸਨ।
ਇਹ ਵੀ ਪੜ੍ਹੋ: Kisan Credit Card: ਕਿਸਾਨ ਕ੍ਰੈਡਿਟ ਕਾਰਡ ਦੀ ਰਕਮ 10 ਲੱਖ ਕਰੋੜ ਰੁਪਏ ਤੋਂ ਪਾਰ, 7.72 ਕਰੋੜ ਕਿਸਾਨਾਂ ਨੂੰ ਲਾਭ
ਨਿਯੁਕਤ ਕੀਤੇ ਟਰੱਸਟੀ ਮੈਂਬਰਾਂ ਵਿੱਚ ਗੁਲਜ਼ਾਰ ਪਟਿਆਲਵੀ, ਸਨੀ ਪਟਿਆਲਾ ਅਤੇ ਵੀਰਪਾਲ ਕੌਰ ਚਹਿਲ ਸ਼ਾਮਲ ਹਨ। ਨਿਯੁਕਤ ਕੀਤੇ ਇਨ੍ਹਾਂ ਟਰੱਸਟੀ ਮੈਂਬਰਾਂ ਵੱਲੋਂ ਵੀ ਪਾਰਟੀ ਲਈ ਮਿਹਨਤ ਕੀਤੀ ਜਾ ਰਹੀ ਹੈ, ਜਿਸ ਕਾਰਨ ਪਾਰਟੀ ਵੱਲੋਂ ਇਨ੍ਹਾਂ ਨੂੰ ਮੌਕਾ ਦਿੱਤਾ ਗਿਆ ਹੈ। ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸ਼ਹਿਰ ਅੰਦਰ ਵਿਕਾਸ ਕਾਰਜਾਂ ਸਮੇਤ ਪਟਿਆਲਾ ਦੇ ਲੋਕਾਂ ਦੇ ਹੋਣ ਵਾਲੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਕਰਵਾਇਆ ਜਾ ਰਿਹਾ ਹੈ। Patiala News
ਉਨ੍ਹਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਦੇ ਕੰਮਕਾਰ ਨੂੰ ਪਹਿਲਾ ਨਾਲੋਂ ਬਿਹਤਰ ਢੰਗ ਨਾਲ ਚਲਾਇਆ ਗਿਆ ਹੈ। ਪਾਰਟੀ ਵੱਲੋਂ ਰਿਵਿਊ ਕਰਦਿਆ ਉਨ੍ਹਾਂ ਨੂੰ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਿਸ ਸਬੰਧੀ ਉਹ ਪਾਰਟੀ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਵੱਡੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਪੂਰਾ ਉਤਸ਼ਾਹ ਹੈ। ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਰੋਧੀਆਂ ਕੋਲ ਸਰਕਾਰ ਨੂੰ ਭੰਡਣ ਤੋਂ ਸਿਵਾਏ ਹੋਰ ਕੁਝ ਨਹੀਂ ਹੈ, ਕਿਉਂਕਿ ਉਨ੍ਹਾਂ ਦੀ ਰਾਜਨੀਤੀ ਫਿੱਕੀ ਪੈ ਗਈ ਹੈ।