ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਮੀਟਿੰਗ
ਲੌਂਗੋਵਾਲ (ਹਰਪਾਲ) | ਪੰਜਾਬ ਅੰਦਰ ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਖ਼ਿਲਾਫ਼ 13 ਨੂੰ ਮੋਤੀ ਮਹਿਲ ਪਟਿਆਲਾ ਦੇ ਘਿਰਾਓ ਦੇ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਵੱਖ- ਵੱਖ ਪਿੰਡਾਂ ਵਿੱਚ ਮੀਟਿੰਗਾਂ /ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਕੜੀ ਤਹਿਤ ਪਿੰਡ ਮਿਰਜ਼ਾ ਪੱਤੀ ਨਮੋਲ ਵਿਖੇ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਕਿਹਾ ਕਿ ਪੱਚੀ ਅਗਸਤ ਦੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਵੱਖ – ਵੱਖ ਮਹਿਕਮਿਆਂ ਦੇ ਡਾਇਰੈਕਟਰਾਂ/ ਅਧਿਕਾਰੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਚ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਪੈਨਲ ਮੀਟਿੰਗ ਵਿੱਚ ਪੂਰਨ ਭਰੋਸਾ ਦਿਵਾਇਆ ਗਿਆ ਸੀ ਕਿ ਬਿਜਲੀ ਦੇ ਕੱਟੇ ਕੁਨੈਕਸ਼ਨ ਤੁਰੰਤ ਜੋੜੇ ਜਾਣਗੇ , ਰਾਸ਼ਨ ਕਾਰਡ ਚੋਂ ਕੱਟੇ ਨਾਮ ਜੋੜੇ ਜਾਣਗੇ ਅਤੇ ਨਵੇਂ ਰਾਸ਼ਨ ਕਾਰਡ ਬਣਾਏ ਜਾਣਗੇ ,ਇਸ ਸਬੰਧੀ ਨਾਲ ਦੀ ਨਾਲ ਵੱਖ ਵੱਖ ਜ਼ਿਲ੍ਹਿਆਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰਨ ਦਾ ਫ਼ੈਸਲਾ ਸੁਣਾਇਆ ਗਿਆ ਸੀ ।
ਪਰ ਫ਼ੈਸਲੇ ਉੱਪਰ ਕੋਈ ਅਮਲ ਨਹੀਂ ਹੋਇਆ। ਵੱਖ ਵੱਖ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਹੇਠਾਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਪਿੰਡਾਂ ਦੇ ਵਿੱਚੋਂ ਧੜਾ ਧੜ ਮੀਟਰ ਕੁਨੈਕਸ਼ਨ ਕੱਟੇ ਜਾਣ ਲੱਗੇ ਜਿਸ ਕਾਰਨ ਲੋਕਾਂ ਅੰਦਰ ਅਥਾਹ ਗੁੱਸਾ ਵਧਦਾ ਗਿਆ । ਇਸ ਲਈ ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਖ਼ਿਲਾਫ਼ ਤੇਰਾਂ ਸਤੰਬਰ ਨੂੰ ਮੋਤੀ ਮਹਿਲ ਦੇ ਘਿਰਾਓ ਦਾ ਸਾਂਝੇ ਮਜ਼ਦੂਰ ਮੋਰਚੇ ਨੂੰ ਐਲਾਨ ਕਰਨਾ ਪਿਆ ।
ਜ਼ਿਕਰਯੋਗ ਹੈ ਕਿ ਇਸ ਦੇ ਨਾਲ ਬਾਕੀ ਮੰਗਾਂ ਪੰਜ – ਪੰਜ ਮਰਲੇ ਦੇ ਪਲਾਟ, ਡੰਮੀ ਬੋਲੀਆਂ ਖ਼ਿਲਾਫ਼,ਨਜ਼ੂਲ ਜ਼ਮੀਨ ਅਤੇ ਲਾਲ ਲਕੀਰ ਦੇ ਅੰਦਰ ਪੈਂਦੇ ਘਰਾਂ ਦੀ ਮਾਲਕੀ ਹੱਕ ਸਬੰਧੀ ਭਰਵੀਂ ਵਿਚਾਰ ਚਰਚਾ ਹੋਈ ਸੀ ਜਿਸ ਤਹਿਤ ਸੱਤ ਸਤੰਬਰ ਨੂੰ ਬਰਨਾਲਾ ਵਿਖੇ ਪੇਂਡੂ ਅਤੇ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਮਨਪ੍ਰੀਤ ਛਤਵਾਲ, ਡਿਪਟੀ ਡਾਇਰੈਕਟਰ ਜੋਗਿੰਦਰ ਸਿੰਘ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਏਡੀਸੀ (ਡੀ) ਅਤੇ ਡੀਡੀਪੀਓ ਨਾਲ ਸਾਂਝੇ ਮਜ਼ਦੂਰ ਮੋਰਚੇ ਦੀ ਪੈਨਲ ਮੀਟਿੰਗ ਹੋਈ ਸੀ,
ਜਿਸ ਵਿੱਚ ਉਨ੍ਹਾਂ ਨੇ ਆਪਣੇ ਮਹਿਕਮੇ ਨਾਲ ਸਬੰਧਤ ਮੰਗਾਂ ਨੂੰ ਮੰਨੇ ਜਾਣ ਸਬੰਧੀ ਭਰੋਸਾ ਦਿਵਾਇਆ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ, ਪਿੰਡ ਆਗੂ ਅਮਰੀਕ ਨਮੋਲ, ਪ੍ਰੀਤ ਕੌਰ ਅਨਮੋਲ, ਬੱਬੂ ਕੌਰ ਨੇ ਸੰਬੋਧਨ ਕਰਦਿਆਂ ਮਨਰੇਗਾ ਦਾ ਕੰਮ ਸਾਰਾ ਸਾਲ ਚਲਾਉਣ, ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ਼ ਕਰਵਾਉਣ , ਬੁਢਾਪਾ ਪੈਨਸ਼ਨ 5000 ਰੁ:ਕਰਨ , ਮਜ਼ਦੂਰਾਂ ਦੇ ਮੁਫ਼ਤ ਇਲਾਜ,ਸ਼ਗਨ ਸਕੀਮ ਆਦਿ ਮੰਗਾਂ ਦੀ ਪ੍ਰਾਪਤੀ ਲਈ 13 ਸਤੰਬਰ ਨੂੰ ਪਟਿਆਲਾ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ। ਰੈਲੀ ਦੀ ਸਮਾਪਤੀ ਜ਼ੋਰਦਾਰ ਆਕਾਸ਼ ਗੁੰਜਾਊ ਨਾਅਰਿਆਂ ਨਾਲ ਕੀਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ