ਮਰੀਜ਼ ਬਾਹਰੋਂ ਖਰੀਦ ਰਹੇ ਨੇ ਮਹਿੰਗੇ ਭਾਅ ਦੀਆਂ ਦਵਾਈਆਂ
- ਫਾਰਮਾਸਿਸਟ ਦੀ ਝਾੜ ਝੰਬ ਸਬੰਧੀ ਵਾਇਰਲ ਵੀਡੀਓ ਨੇ ਸਰਕਾਰ ਦੇ ਦਵਾਈਆਂ ਮੁਫਤ ਦੇਣ ਦੇ ਦਾਅਵੇ ਦਾ ਭਾਂਡਾ ਭੰਨਿਆ
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ‘ਚ ਮਾਲਵੇ ਦੇ 8 ਜ਼ਿਲ੍ਹਿਆਂ ਨਾਲ ਸਬੰਧਿਤ ਡਰੱਗ ਵੇਅਰ ਹਾਊਸ ਹੋਣ ਦੇ ਬਾਵਜ਼ੂਦ ਸਿਵਲ ਹਸਪਤਾਲ ਦਵਾਈਆਂ ਦੀ ਘਾਟ ਨਾਲ ਜੂਝ ਰਿਹਾ ਹੈ ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਵਿਧਾਇਕ ਵੱਲੋਂ ਹਸਪਤਾਲ ਦੇ ਕੀਤੇ ਦੌਰੇ ਦੌਰਾਨ ਦਵਾਈ ਨਾ ਮੁਹੱਈਆ ਕਰਵਾਉਣ ਉਪਰੰਤ ਇੱਕ ਫਾਰਮਾਸਿਸਟ ਦੀ ਝਾੜ ਝੰਬ ਸਬੰਧੀ ਵਾਇਰਲ ਹੋਈ ਵੀਡੀਓ ਨੇ ਸਰਕਾਰ ਦੇ ਦੋ ਸੌ ਤੋਂ ਵੱਧ ਦਵਾਈਆਂ ਮੁਫਤ ਦੇਣ ਦੇ ਦਾਅਵਿਆਂ ਦਾ ਭਾਂਡਾ ਭੰਨ ਦਿੱਤਾ ਹੈ ਪਿਛਲੇ ਦਿਨੀ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਸਾਰੇ ਵਿਧਾਇਕਾਂ ਨੂੰ ਹਸਪਤਾਲਾਂ ਦੀ ਚੈਕਿੰਗ ਕਰਨ ਦੀ ਅਪੀਲ ਇਹ ਦਲੀਲ ਦੇ ਕੇ ਕੀਤੀ ਸੀ।
ਕਿ ਸਟਾਕ ‘ਚ ਦਵਾਈਆਂ ਹੋਣ ਦੇ ਬਾਵਜੂਦ ਸਟਾਫ ਦਵਾਈ ਨਹੀਂ ਦਿੰਦਾ ‘ਸੱਚ ਕਹੂੰ ਵੱਲੋਂ ਕੀਤੀ ਪੜਤਾਲ ‘ਚ ਵੀ ਇਹੋ ਸਾਹਮਣੇ ਆਇਆ ਹੈ ਕਿ ਦਵਾਈਆਂ ਵੀ ਉਹ ਮੌਜੂਦ ਨਹੀਂ ਜਿਨ੍ਹਾਂ ਦੀ ਮਰੀਜ਼ਾਂ ਦੇ ਇਲਾਜ ਲਈ ਡਾਕਟਰਾਂ ਨੂੰ ਅਕਸਰ ਲੋੜ ਰਹਿੰਦੀ ਹੈ। ਸਿਵਲ ਹਸਪਤਾਲ ਕੈਂਪਸ ਦੇ ਅੰਦਰ ਖੇਤਰੀ ਡਰੱਗ ਵੇਅਰ ਹਾਊਸ ਬਣਿਆ ਹੋਇਆ ਹੈ ਇਸ ਗੁਦਾਮ ‘ਚੋਂ ਬਠਿੰਡਾ ਜ਼ਿਲ੍ਹੇ ਤੋਂ ਇਲਾਵਾ ਮਾਨਸਾ, ਬਰਨਾਲਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਮੋਗਾ ਤੇ ਫਰੀਦਕੋਟ ਜ਼ਿਲ੍ਹਿਆਂ ਨੂੰ ਦਵਾਈਆਂ ਸਪਲਾਈ ਕੀਤੀਆਂ ਜਾਂਦੀਆਂ ਹਨ ਹਾਲਾਂਕਿ ਇਸ ਵੇਅਰ ਹਾਊਸ ਦਾ ਮਕਸਦ ਹਸਪਤਾਲਾਂ ਦੀ ਜਰੂਰਤ ਮੁਤਾਬਕ ਤੁਰੰਤ ਦਵਾਈਆਂ ਭੇਜਣਾ ਮਿਥਿਆ ਗਿਆ ਸੀ।
ਪਰ ਕਈ ਕਈ ਮਹੀਨੇ ਦਵਾਈ ਨਾ ਪੁੱਜਣੀ ਸਵਾਲ ਖੜ੍ਹੇ ਕਰਦੀ ਹੈ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਸਿਵਲ ਸਰਜਨ ਨੂੰ ਸਥਾਨਕ ਪੱਧਰ ‘ਤੇ ਦਵਾਈਆਂ ਖਰੀਦਣ ਦੀ ਖੁੱਲ੍ਹ ਦਿੱਤੀ ਹੋਈ ਹੈ ਫਿਰ ਵੀ ਸਿਵਲ ਹਸਪਤਾਲ ‘ਚ ਤੋਟ ਬਣੀ ਹੋਈ ਹੈ ਗੌਰਤਲਬ ਹੈ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ‘ਚ ਮਰੀਜ਼ਾਂ ਨੂੰ ਕਰੀਬ 225 ਤਰ੍ਹਾਂ ਦੀ ਦਵਾਈ ਮੁਫਤ ਮੁਹੱਈਆ ਕਰਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਜ਼ਿਲ੍ਹਾ ਹੈੱਡ ਕੁਆਰਟਰ ਵਿਖੇ ਸਥਿਤ ਸਿਵਲ ਹਸਪਤਾਲ ‘ਚ ਇਲਾਜ ਲਈ ਰੋਜ਼ਾਨਾ ਵੱਡੀ ਗਿਣਤੀ ਲੋਕ ਆਉਂਦੇ ਹਨ ਜਦੋਂ ਸਰਕਾਰੀ ਤੌਰ ‘ਤੇ ਕੋਈ ਦਵਾਈ ਨਹੀਂ ਮਿਲਦੀ ਤਾਂ ਮਰੀਜ਼ ਨੂੰ ਮਜਬੂਰੀ ‘ਚ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਦਵਾਈ ਲੈਣੀ ਪੈਂਦੀ ਹੈ।
ਹੰਗਾਮੀ ਹਾਲਾਤਾਂ ਵਾਲੇ ਟੀਕੇ ਤੱਕ ਨਹੀਂ
ਪੀਸੀਐੱਮਐੱਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਹਸਪਤਾਲ ‘ਚ ਹੰਗਾਮੀ ਹਾਲਾਤਾਂ ਲਈ ਦਰਦ ਨਿਵਾਰਕ ਟੀਕੇ ਤੱਕ ਨਹੀਂ ਹਨ ਐਸੋਸੀਏਸ਼ਨ ਨੇ ਪ੍ਰਬੰਧਕਾਂ ਨੂੰ ਦਵਾਈਆਂ ਮੁਹੱਈਆਂ ਕਰਵਾਉਣ ਲਈ ਕਿਹਾ ਹੈ ਪਰ ਉਹ ਉੱਪਰੋਂ ਨਾ ਆਉਣ ਦੀ ਦਲੀਲ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਬਾਹਰ ਦੀ ਦਵਾਈ ਲਿਖਦੇ ਹਨ ਤਾਂ ਇਸ ਲਈ ਉਨ੍ਹਾਂ ਨੂੰ ਭਾਂਤ ਭਾਂਤ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿਵਲ ਸਰਜਨ ਨੇ ਕਬੂਲੀ ਘਾਟ
ਸਰਕਾਰ ਦਾ ਦਾਅਵਾ ਹੈ ਕਿ ਮਰੀਜ਼ਾਂ ਨੂੰ ਕਿਸੇ ਵੀ ਦਵਾਈ ਦੀ ਘਾਟ ਨਹੀਂ ਆਵੇਗੀ ਫਿਰ ਵੀ ਬਠਿੰਡਾ ‘ਚ ਲੋਕ ਬੁਖਾਰ ਲਈ ਸੰਜੀਵਨੀ ਮੰਨੀ ਜਾਂਦੀ ‘ਪੈਰਾਸੀਟਾਮੋਲ’ ਨੂੰ ਤਰਸ ਰਹੇ ਹਨ ਇਸ ਤੋਂ ਬਿਨਾਂ ਦਰਦ ਨਿਵਾਰਕ ਗੋਲੀਆਂ ‘ਡਿਕਲੋਵਿਨ’ ਤੇ ‘ਬਰੂਫਨ’ ਸਮੇਤ ਕਰੀਬ ਰੋਜ਼ਾਨਾ ਲੋੜੀਂਦੇ ਟੀਕੇ ਤੇ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਪਿਛਲੇ ਤਿੰਨ ਮਹੀਨਿਆਂ ਤੋਂ ਗਾਇਬ ਹਨ ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਨੇ ਮੰਨਿਆ ਹੈ ਕਿ ਪੰਜ ਅਗਸਤ ਤੱਕ ਉਨ੍ਹਾਂ ਕੋਲ ਸਰਕਾਰ ਵੱਲੋਂ ਸੂਚੀਬੱਧ ਦਵਾਈਆਂ ‘ਚੋਂ ਕਰੀਬ ਦੋ ਦਰਜਨ ਮੌਜ਼ੂਦ ਨਹੀਂ ਹਨ।
ਮੈਨੂੰ ਤਾਂ ਕਰੋਸੀਨ ਵੀ ਬਾਹਰੋਂ ਲੈਣੀ ਪਈ
ਸਿਵਲ ਹਸਪਤਾਲ ‘ਚ ਆਏ ਮਰੀਜ਼ ਉਜਾਗਰ ਸਿੰਘ ਵਾਸੀ ਮਹਿਰਾਜ ਨੇ ਦੱਸਿਆ ਕਿ ਡਾਕਟਰ ਵੱਲੋਂ ਜੋ ਵੀ ਦਵਾਈ ਲਿਖੀ ਗਈ ਸੀ ਉਸ ‘ਚੋਂ ਇੱਕ ਹੀ ਮਿਲੀ ਹੈ ਬਠਿੰਡਾ ਦੀ ਲਾਲ ਸਿੰਘ ਬਸਤੀ ਦੀ ਮਹਿਲਾ ਬਲਵੰਤ ਕੌਰ ਨੇ 500 ਰੁਪਏ ਦੀਆਂ ਦਵਾਈਆਂ ਪ੍ਰਾਈਵੇਟ ਮੈਡੀਕਲ ਸਟੋਰ ਤੋਂ ਖਰੀਦੀਆਂ ਹਨ ਆਪਣੇ ਮਰੀਜ ਰਿਸ਼ਤੇਦਾਰ ਦਾ ਪਤਾ ਲੈਣ ਲਈ ਆਏ ਗਿੱਦੜਬਾਹਾ ਦੇ ਗੁਰਚਰਨ ਸਿੰਘ ਨੇ ਕਿਹਾ ਕਿ ਉਸ ਨੂੰ ਤਾਂ ਬੁਖਾਰ ਵਾਲੀ ਕਰੋਸੀਨ ਵੀ ਬਾਹਰੋਂ ਮੁੱਲ ਲੈਣੀ ਪਈ ਹੈ।