ਹਰਜੀਤ ਕਾਤਿਲ
ਸਾਡੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਨੌਜਵਾਨ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਕੁਝ ਅਰਸਾ ਪਹਿਲਾਂ ਦੇਖਿਆ ਹੁੰਦਾ ਹੈ, ਪਰ ਹੁਣ ਉਹ ਪਹਿਚਾਣੇ ਵੀ ਨਹੀਂ ਜਾ ਸਕਦੇ । ਕਿੱਥੇ ਅਲੋਪ ਹੋ ਜਾਂਦਾ ਹੈ ਉਨ੍ਹਾਂ ਦਾ ਦਗ-ਦਗ ਕਰਦਾ ਸੂਰਜ ਦੀ ਭਾਹ ਮਾਰਦਾ ਚਿਹਰਾ? ਤੇ ਕਿਉਂ ਨਿਰਬਲ ਹੋ ਜਾਂਦੀ ਹੈ ਸਰੂ ਵਰਗੀ ਜਵਾਨੀ? ਕਾਰਨ ਦਿਨੋ-ਦਿਨ ਵਧ ਰਹੀ ਨਸ਼ਿਆਂ ਦੀ, ਨਸ਼ੀਲੀਆਂ ਦਵਾਈਆਂ ਦੀ ਲਤ ਹੈ। ਇਸ ਦਲਦਲ ਵਿੱਚ ਦੇਖਾ-ਦੇਖੀ, ਰੀਸੋ- ਰੀਸ ਸਾਡੀ ਨੌਜਵਾਨ ਪੀੜ੍ਹੀ ਇਸ ਹੱਦ ਤੱਕ ਖੁਭ ਗਈ ਹੈ ਕਿ ਹਾਲ ਦੀ ਘੜੀ ਇਸ ਵਿੱਚੋਂ ਨਿੱਕਲਣ ਦੇ ਆਸਾਰ ਬੜੇ ਘੱਟ ਨਜ਼ਰ ਆ ਰਹੇ ਹਨ, ਮਾਪੇ ਰੋਕਣਾ ਚਾਹੁੰਦੇ ਹੋਏ ਵੀ ਸਬਰਾਂ ਦਾ ਘੁੱਟ ਪੀ ਕੇ ਰਹਿ ਜਾਂਦੇ ਹਨ।
ਕੀ ਹਨ ਨਸ਼ੀਲੀਆਂ ਦਵਾਈਆਂ? ਆਮ ਤੌਰ ‘ਤੇ ਇਨ੍ਹਾਂ ਵਿੱਚ ਮਾਰਫੀਨ ਦੇ ਟੀਕੇ, ਐਲਕੋਹਲ, ਦਰਦ ਨਿਵਾਰਕ ਗੋਲੀਆਂ, ਕੈਪਸੂਲ ਤੇ ਖੰਘ ਦੀਆਂ ਦਵਾਈਆਂ, ਆਇਓਡੈਕਸ ਆਦਿ ਆਉਂਦੀਆਂ ਹਨ। ਇਨ੍ਹਾਂ ਦਵਾਈਆਂ ‘ਚੋਂ ਕੁਝ ਕੁ ਤਾਂ ਸਿਹਤ ਨੂੰ ਠੀਕ ਕਰਨ ਪੱਖੋਂ ਡਾਕਟਰਾਂ ਦੁਆਰਾ ਸੁਝਾਈਆਂ ਜਾਂਦੀਆਂ ਹਨ ਜਿਵੇਂ ਕਿ ਖੰਘ, ਜ਼ੁਕਾਮ, ਦਮੇ ਤੇ ਸਾਹ ਆਦਿ ਦੇ ਪੱਕੇ ਰੋਗੀਆਂ ਲਈ ਦਿੱਤੀਆਂ ਜਾਂਦੀਆਂ ਹਨ, ਪਰ ਨਸ਼ੱਈ ਇਨ੍ਹਾਂ ਦੀ ਗਲਤ ਵਰਤੋਂ ਕਰਦੇ ਹਨ।
ਹੁਣ ਤਾਂ ਆਮ ਹੀ ਦੇਖਣ ਵਿੱਚ ਆਉਂਦੈ ਕਿ ਕਾਲਜਾਂ ਦੇ ਵਿਦਿਆਰਥੀ ਨਸ਼ਾ ਲੈਣ ਲਈ ਆਇਓਡੈਕਸ ਵਰਗੀ ਦਵਾਈ ਘੋਲ ਕੇ ਪੀਂਦੇ ਹਨ ਜਾਂ ਡਬਲਰੋਟੀ ‘ਤੇ ਜੈਮ ਵਾਂਗ ਲਾ ਕੇ ਖਾਂਦੇ ਹਨ। ਇਸੇ ਤਰ੍ਹਾਂ ਹੀ ਕੈਮਿਸਟਾਂ ਦੀਆਂ ਦੁਕਾਨਾਂ ਤੋਂ ਖੰਘ-ਜ਼ੁਕਾਮ ਦੀਆਂ ਦਵਾਈਆਂ ਖਰੀਦ ਕੇ ਇਨ੍ਹਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਭਾਰਤ ਵਰਗੇ ਦੇਸ਼ ਵਿੱਚ ਕੋਈ ਵੀ ਦਵਾਈ ਬਿਨਾਂ ਰਜਿਸਟ੍ਰਡ ਪ੍ਰੈਕਟੀਸ਼ਨਰ ਦੇ ਆਮ ਮਿਲ ਜਾਂਦੀ ਹੈ। ਇੱਥੇ ਹੀ ਬੱਸ ਨਹੀਂ ਪਿੱਛੇ ਜਿਹੇ ਇੱਕ ਅਖ਼ਬਾਰ ਦੇ ਮੁੱਖ ਸਫ਼ੇ ‘ਤੇ ‘ਵੱਡਿਆਂ ਘਰਾਂ ਦੇ ਕਾਕੇ’ ਸਿਰਲੇਖ ਹੇਠ ਲੂੰ-ਕੰਡੇ ਖੜ੍ਹੇ ਕਰਨ ਵਾਲੀ ਖ਼ਬਰ ਛਪੀ ਸੀ। ਜਿਸ ਨਾਲ ਕਾਫੀ ਹਲਚਲ ਮੱਚੀ ਸੀ।
ਇਸੇ ਤਰ੍ਹਾਂ ਹੀ ਜਰਮਨੀ ਵਿੱਚ ਫ੍ਰੇਮ ਫਰੰਟ ਵਿਖੇ ਰੇਲਵੇ ਸਟੇਸ਼ਨ ਦੇ ਨਾਲ ਇੱਕ ਅਜਿਹਾ ਅਹਾਤਾ ਹੈ ਜਿੱਥੇ ਕੋਈ ਵੀ ਨਸ਼ੱਈ ਬਿਨਾਂ ਕਿਸੇ ਰੋਕ-ਟੋਕ ਦੇ ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਖੁੱਲ੍ਹੇਆਮ ਕਰ ਸਕਦਾ ਹੈ। ਯੂਨਾਈਟਿਡ ਨੇਸ਼ਨ ਕਾਨਫਰੰਸ ਆਨ ਡਰੱਗਸ ਵਿੱਚ ਇਸ ਦੀ ਡਟ ਕੇ ਵਿਰੋਧਤਾ ਕੀਤੀ ਗਈ ਸੀ ਤੇ ਸੰਸਾਰ ਭਰ ਦੇ ਦੇਸ਼ਾਂ ਨੂੰ ਇਸ ਦੇ ਮਾੜੇ ਅਸਰਾਂ ਤੋਂ ਚੁਕੰਨਾ ਕੀਤਾ ਗਿਆ ਸੀ ਕਿਉਂਕਿ ਇਹ ਗੈਰ-ਕਾਨੂੰਨੀ ਹੈ ਸਰਕਾਰੀ ਅੰਕੜੇ ਦੱਸਦੇ ਹਨ ਕਿ ਸਿਰਫ਼ ਜਰਮਨੀ ਵਿੱਚ ਡੇਢ-ਦੋ ਲੱਖ ਨਸ਼ੀਲੀਆਂ ਦਵਾਈਆਂ ਦੇ ਆਦੀ ਹਨ ਜਿਨ੍ਹਾਂ ਵਿੱਚ ਸੰਨ 1993 ਵਿੱਚ 1738 ਤੇ 1994 ਵਿੱਚ 2099 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏ।
ਗੈਰ-ਕਾਨੂੰਨੀ ਦਵਾਈਆਂ ਦੀ ਖਪਤ ਦਾ ਸਭ ਤੋਂ ਵੱਡਾ ਅੱਡਾ ਨੀਦਰਲੈਂਡ ਹੈ, ਜਿੱਥੇ ਵਿਸ਼ਵ ਦੀ 90% ਕਾਨਾਬਿਸ, 76 % ਹੈਰੋਇਨ ਅਤੇ 60% ਕੋਕੀਨ ਦੀ ਸਮਗਲਿੰਗ ਕੀਤੀ ਜਾਂਦੀ ਹੈ। ਭਾਰਤ-ਪਾਕਿਸਤਾਨ ਬਾਰਡਰ ‘ਤੇ 27 ਫਰਵਰੀ 1995 ਨੂੰ ਐਸਟਿਕ ਐਨ ਹਾਈਡ੍ਰਾਇਡ ਤਸਕਰੀ ਦਾ ਮਾਮਲਾ ਸਭ ਦੇ ਸਾਹਮਣੇ ਆਇਆ ਜਦੋਂ 7 ਬੋਰੀ ਆਲੂਆਂ ਹੇਠ 19 ਜਰੀਕੇਨ ਇਸ ਰਸਾਇਣ ਪਦਾਰਥ ਦੇ ਫੜ੍ਹੇ ਗਏ ਜਿਨ੍ਹਾਂ ਵਿੱਚ 760 ਲੀਟਰ ਕੈਮੀਕਲ ਸੀ। ਇਹ ਭਾਰਤ ਵਿੱਚ 3-4 ਸੌ ਰੁਪਏ ਤੇ ਪਾਕਿਸਤਾਨ ਵਿੱਚ 4000 ਰੁਪਏ ਦੇ ਭਾਅ ਵਿਕਦਾ ਹੈ। ਇਸ ਦੀ ਵਰਤੋਂ ਹੈਰੋਇਨ ਤੇ ਅਫੀਮ ਬਣਾਉਣ ਵਿੱਚ ਕੀਤੀ ਜਾਂਦੀ ਹੈ। ਸਮਝਿਆ ਜਾਂਦਾ ਹੈ ਕਿ ਇਸ ਦੀ ਕੁੱਲ ਕੀਮਤ 1 ਲੱਖ 90 ਹਜ਼ਾਰ ਰੁਪਏ ਸੀ। ਵਾੜ ਦੇ ਦੂਜੇ ਪਾਸੇ 30 ਜਰੀਕੇਨ ਇਸੇ ਤਰ੍ਹਾਂ ਦੇ ਪਏ ਸਨ ਜਿਨ੍ਹਾਂ ਵਿੱਚ 35 ਲੀਟਰ ਪ੍ਰਤੀ ਜਰੀਕੇਨ ਰਸਾਇਣ ਮੌਜੂਦ ਸੀ ਇਸ ਮਾਮਲੇ ਦੀ ਪੜਤਾਲ ਦਾ ਕੰਮ ਬੀਐਸਐਫ ਨੇ ਸੀਬੀਆਈ ਦੇ ਹਵਾਲੇ ਕੀਤਾ ਸੀ। ਇਸ ਤਰ੍ਹਾਂ ਦੀਆਂ ਖ਼ਬਰਾਂ ਹਰ ਰੋਜ਼ ਅਸੀਂ ਰੇਡੀਓ ਟੀਵੀ ਅਤੇ ਅਖਬਾਰਾਂ ਰਾਹੀਂ ਆਮ ਪੜ੍ਹਦੇ-ਸੁਣਦੇ ਹਾਂ ਤੇ ਦਿਨੋਂ-ਦਿਨ ਅਜਿਹੇ ਮਾਮਲੇ ਹੋਰ ਗੰਭੀਰ ਤੇ ਪੇਚੀਦਾ ਹੁੰਦੇ ਜਾ ਰਹੇ ਹਨ ਕਿਉਂਕਿ ਸਮਗਲਿੰਗ ਦੇ ਵੀ ਨਵੇਂ-ਨਵੇਂ ਢੰਗ ਤਰੀਕੇ ਈਜਾਦ ਕੀਤੇ ਜਾਂਦੇ ਹਨ ।
ਇਹ ਮੰਨਣ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ ਕਿ ਅੱਜ ਸੰਸਾਰ ਭਰ ਦੇ ਸਮਾਜਿਕ, ਰਾਜਨੀਤਕ ਤੇ ਵਿਗਿਆਨਕ ਚਿਕਿਤਸਕ ਨਸ਼ੀਲੀਆਂ ਦਵਾਈਆਂ ਦੇ ਰੂਪ ਵਿੱਚ ਪ੍ਰਚਾਰੇ, ਵੰਡੇ ਅਤੇ ਖਾਧੇ ਜਾਂਦੇ ਨਸ਼ੇ ਤੋਂ ਚਿੰਤਤ ਹਨ। ਪਿਛਲੇ ਦੋ ਦਹਾਕਿਆਂ ਤੋਂ ਗਲੋਬ ਦੇ ਹਰ ਹਿੱਸੇ ਵਿੱਚ ਇਹ ਬਿਮਾਰੀ ਤੇਜ਼ੀ ਨਾਲ ਵਧੀ ਹੈ 33 ਚੋਣਵੇਂ ਸ਼ਹਿਰਾਂ ਦੇ ਕੀਤੇ ਅਧਿਐਨ ਅਨੁਸਾਰ ਘੱਟ ਆਮਦਨੀ ਵਾਲੇ ਲੋਕ ਇਸ ਵਿੱਚ ਵਧੇਰੇ ਰੁਚਿਤ ਹਨ ਕਿਉਂਕਿ ਉਨ੍ਹਾਂ ਨੂੰ ਵਪਾਰਕ ਕੰਪਨੀਆਂ ਦੁਆਰਾ ਪ੍ਰਚਾਰ ਮਾਧਿਅਮ ਦੇ ਤੌਰ ‘ਤੇ ਵਰਤ ਕੇ ਗੁੰਮਰਾਹ ਕੀਤਾ ਜਾਂਦਾ ਹੈ ਇਹ ਸਮੱਸਿਆ ਹਰ ਵਰਗ ਦੇ ਭਵਿੱਖ ਨੂੰ ਤੇ ਸਾਡੇ ਸਮਾਜ ਤੇ ਸੱਭਿਆਚਾਰ ਨੂੰ ਘੁਣ ਵਾਂਗ ਖਾ ਰਹੀ ਹੈ। ਯੂਨਾਈਟਿਡ ਨੈਸ਼ਨਲ ਡਰੱਗ ਕੰਟਰੋਲ ਗਤੀਵਿਧੀਆਂ ਅਨੁਸਾਰ ਸਾਰੇ ਸੰਸਾਰ ਵਿੱਚ 40 ਕਰੋੜ ਨਸ਼ੀਲੀਆਂ ਦਵਾਈਆਂ ਦੇ ਆਦੀ ਲੋਕ ਹਨ। ਭਾਰਤ ਸਰਕਾਰ ਨੇ 1985 ਵਿੱਚ ਐੱਨ ਡੀ ਐੱਮ ਐਕਟ ਪਾਸ ਕਰਕੇ ਨਸ਼ੀਲੀਆਂ ਦਵਾਈਆਂ ਦਾ ਵਪਾਰ ਕਰਨਾ, ਵਿਅਕਤੀਗਤ ਵਰਤੋਂ ਕਰਨਾ ਕਾਨੂੰਨਨ ਜੁਰਮ ਕਰਾਰ ਦਿੱਤਾ ਹੈ ਜਿਸ ਦੀ ਉਲੰਘਣਾ ਕਰਨ ਵਾਲੇ ਨੂੰ 10 ਤੋਂ 30 ਸਾਲ ਤੱਕ ਸਖਤ ਕੈਦ ਅਤੇ 1 ਲੱਖ ਰੁਪਏ ਤੋਂ 3 ਲੱਖ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ, ਪਰ ਅਮਲ ਦੀ ਕਮੀ ਕਾਰਨ ‘ਮਰਜ਼ ਬੜਤਾ ਗਿਆ ਜਿਉਂ-ਜਿਉਂ ਦਵਾ ਕੀ’ ਵਾਲਾ ਹਾਲ ਰਿਹਾ ਹੈ। ਦਿਨ-ਪ੍ਰਤੀਦਿਨ ਰਾਤ ਦੇ ਸਾਏ ਹੇਠ ਇਨ੍ਹਾਂ ਨਸ਼ੀਲੀਆਂ ਦਵਾਈਆਂ ਦਾ ਵਪਾਰ ਤੇ ਸਮਗਲਿੰਗ ਤਰੱਕੀ ਕਰ ਰਿਹਾ ਹੈ ਇਹੀ ਨਹੀਂ ਰਜਿਸਟਰਡ ਨੰਬਰਾਂ ਹੇਠ ਰੂਪ ਬਦਲ ਕੇ ਵੀ ਇਨ੍ਹਾਂ ਦੇ ਵਪਾਰ ਤੇ ਵਰਤੋਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ ।
ਉਪਰੋਕਤ ਦਵਾਈਆਂ ਦੀ ਵਰਤੋਂ ਕਰਨ ਵਾਲੇ ਰੋਗੀ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ, ਉਹ ਭੁਲੱਕੜ ਬਣ ਜਾਂਦਾ ਹੈ, ਝੂਠ ਬੋਲਦਾ ਹੈ ਅਤੇ ਆਪਣੇ ਮਾਂ-ਬਾਪ, ਸਕੇ-ਸਬੰਧੀਆਂ ਨੂੰ ਗੁੰਮਰਾਹ ਕਰਦਾ ਹੈ। ਅਜੀਬ ਕਿਸਮ ਦੇ ਵਹਿਮ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਹੀਣ ਭਾਵਨਾ ਅਧੀਨ ਚਿੜਚਿੜਾ ਹੋ ਜਾਂਦਾ ਹੈ ਬਿਨਾਂ ਕਿਸੇ ਕਾਰਨ ਗੁੱਸੇ ਵਿੱਚ ਆ ਜਾਂਦਾ ਹੈ ਸੁਸਤੀ ਅਤੇ ਉਨੀਂਦਰੇ ਵਿੱਚ ਰਹਿਣਾ ਇਸ ਇੱਲਤ ਦੀਆਂ ਨਿਸ਼ਾਨੀਆਂ ਹਨ। ਉਹ ਲੜਖੜਾ ਕੇ ਤੁਰਦਾ ਹੈ, ਥਥਲਾ ਕੇ ਬੋਲਦਾ ਹੈ ਜਾਂ ਫਿਰ ਬਿਲਕੁਲ ਹੀ ਚੁੱਪ ਹੋ ਜਾਂਦਾ ਹੈ ਅਤੇ ਇਕੱਲਿਆਂ ਰਹਿਣਾ ਪਸੰਦ ਕਰਦਾ ਹੈ। ਭੁੱਖ ਘਟ ਜਾਂਦੀ ਹੈ ਆਮ ਤੌਰ ‘ਤੇ ਅਚਾਨਕ ਸਿਹਤ ਦਾ ਖ਼ਰਾਬ ਹੋਣਾ ਅਜਿਹੇ ਨਸ਼ੱਈ ਵਿਅਕਤੀਆਂ ਦੀਆਂ ਨਿਸ਼ਾਨੀਆਂ ਹਨ । ਕਈ ਵਾਰ ਮਨ ਆਏ ਅਜੀਬੋ-ਗਰੀਬ ਖਿਆਲ ਕਿ ਮੈਂ ਅਸਮਾਨ ਵਿੱਚ ਉੱਡ ਸਕਦਾ ਹਾਂ, ਚਲਦੀ ਗੱਡੀ ‘ਚੋਂ ਛਾਲ ਮਾਰ ਸਕਦਾ ਹਾਂ ਆਦਿ ਘਟਨਾਵਾਂ ਨੂੰ ਜਨਮ ਦਿੰਦੇ ਹਨ ਐਕਸੀਡੈਂਟ ਆਦਿ ਵਜ੍ਹਾ ਕਰਕੇ ਰੋਗੀ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋ ਬੈਠਦਾ ਹੈ।
ਭਾਰਤ ਵਿੱਚ ਮਨੀਪੁਰ, ਮਿਜ਼ੋਰਮ, ਨਾਗਾਲੈਂਡ ਦੀ ਕੁੱਲ ਆਬਾਦੀ ਦੇ 2% ਵਿਅਕਤੀ ਇਸ ਬਿਮਾਰੀ ਤੋਂ ਪੀੜਤ ਹਨ। 55.76% ਏਡਜ਼ ਦੇ ਮਰੀਜ਼ ਨਸ਼ੀਲੀਆਂ ਦਵਾਈਆਂ ਦੇ ਆਦੀ ਹਨ। ਡਾ. ਮਨਜੀਤ ਸਿੰਘ ਸੈਣੀ, ਜੋ ਕਿ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਨਿਊਰੋ ਸਰਜਨ ਤੇ ਡੀ ਅਡਿਕਸ਼ਨ ਐਕਸਪਰਟ ਵੀ ਰਹੇ ਹਨ, ਦਾ ਕਹਿਣਾ ਹੈ ਕਿ 18 ਤੋਂ 70 ਸਾਲ ਦੀ ਉਮਰ ਦੇ ਵਿਚਕਾਰ ਰੋਜ਼ 70 ਮਰੀਜ਼ ਉਨ੍ਹਾਂ ਕੋਲ ਨਸ਼ਾ ਛੱਡਣ ਲਈ ਆਉਂਦੇ ਹਨ, ਜਦ ਕਿ ਦੂਜੇ ਡਾਕਟਰਾਂ ਕੋਲ ਗਿਣਤੀ ਇਸ ਤੋਂ ਕਿਤੇ ਵੱਧ ਹੈ।
ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਕੋਈ ਵੀ ਨਸ਼ੱਈ ਕਦੇ ਵੀ ਇਹ ਮੰਨਦਾ ਹੀ ਨਹੀਂ ਕਿ ਉਹ ਨਸ਼ੇ ਦਾ ਆਦੀ ਹੈ ਇਸ ਦੇ ਹੱਲ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨੀ ਤੌਰ ‘ਤੇ ਅਜਿਹੀਆਂ ਖਤਰਨਾਕ ਦਵਾਈਆਂ ‘ਤੇ ਬੰਦਿਸ਼ ਲਾਵੇ ਖੰਘ-ਜ਼ੁਕਾਮ ਆਦਿ ਦੀਆਂ ਨਸ਼ੀਲੀਆਂ ਦਵਾਈਆਂ ਕੇਵਲ ਡਾਕਟਰ ਦੀ ਸਲਾਹ ‘ਤੇ ਹੀ ਵੇਚੀਆਂ ਜਾਣ । ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ ਦੇਸ਼ ਦਵਾਈਆਂ ਪ੍ਰਤੀ ਆਪਣੀ ਪਾਲਿਸੀ ਬਣਾਏ, ਪੁਲਿਸ ਵਿਭਾਗ ਆਪਣਾ ਕਿਰਦਾਰ ਅਮਲੀ ਰੂਪ ਵਿੱਚ ਉੱਚਾ ਉਠਾਏ ਦੋਸ਼ੀ ਵਿਅਕਤੀ ਨੂੰ ਸਜ਼ਾ ਦਿੱਤੀ ਜਾਵੇ ਅਤੇ ਨਸ਼ੱਈ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਇਆ ਜਾਵੇ ਉਸ ਦੇ ਮਨੋਬਲ ਨੂੰ ਉੱਚਾ ਚੁੱਕ ਕੇ ਇਲਾਜ ਲਈ ਪ੍ਰੇਰਿਆ ਜਾਵੇ ਅਤੇ ਇਲਾਜ ਉਪਰੰਤ ਵੀ ਉਸ ਦਾ ਧਿਆਨ ਰੱਖਿਆ ਜਾਵੇ ਪੁਲਿਸ ਅਫ਼ਸਰਾਂ ਵੱਲੋਂ ਫ਼ੜ੍ਹੀਆਂ ਗਈਆਂ ਪਾਬੰਦੀਸ਼ੁਦਾ ਦਵਾਈਆਂ, ਨਸ਼ੀਲੇ ਪਦਾਰਥ ਬਣਾਉਣ ਵਾਲੇ ਰਸਾਇਣਾਂ ਨੂੰ ਅਪਰਾਧੀਆਂ ਸਮੇਤ ਮੈਜਿਸਟ੍ਰੇਟ ਅੱਗੇ ਪੇਸ਼ ਕਰਨਾ ਚਾਹੀਦਾ ਹੈ ਜਿਸ ਨੂੰ ਕਿ ਗਵਾਹੀ ਦੇ ਤੌਰ ‘ਤੇ ਮੰਨਿਆ ਜਾਵੇ ‘ਸੌ ਹੱਥ ਰੱਸਾ ਸਿਰੇ ‘ਤੇ ਗੰਢ’ ਬੱਸ ਸਾਨੂੰ ਸਭ ਨੂੰ ਮਿਲ ਕੇ ਅਮਲੀ ਤੌਰ ‘ਤੇ ਆਪਣੇ ਪਰਿਵਾਰ, ਸਮਾਜ, ਦੇਸ਼ ਅਤੇ ਵਿਸ਼ਵ ਦੇ ਹਿੱਤ ਲਈ ਅਮਲੀ ਕਦਮ ਉਠਾਉਣੇ ਚਾਹੀਦੇ ਹਨ।
ਸ਼ੇਰਪੁਰ, ਸੰਗਰੂਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।