ਬਠਿੰਡੇ ਤੋਂ ਚੋਰੀ ਕਰਕੇ ਲਿਜਾਂਦਾ ਸੀ ਗਿੱਦੜਬਾਹਾ
Punjab Vehicle Theft News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਕਾਰਾਂ ਚੋਰੀ ਕਰਕੇ ਵੇਚਣ ਵਾਲੇ ਇੱਕ ਮਕੈਨਿਕ ਸਣੇ ਦੋ ਕਬਾੜੀਏ ਕਾਬੂ ਕਰ ਲਏ। ਪੁਲਿਸ ਵੱਲੋਂ ਇਨ੍ਹਾਂ ਤੋਂ ਚੋਰੀ ਕੀਤੀਆਂ ਕਾਰਾਂ ਦੇ ਪੁਰਜੇ, ਬਾਡੀਆਂ ਅਤੇ ਚੈਸੀਆਂ ਬਰਾਮਦ ਕਰਨ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਅੱਜ ਸਿਵਲ ਲਾਈਨ ਪੁਲਿਸ ਦੇ ਮੁੱਖ ਅਫਸਰ ਇੰਸਪੈਕਟਰ ਹਰਜੋਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ ਮਹੀਨੇ ’ਚ ਇੱਥੇ ਅਜੀਤ ਰੋਡ ਤੋਂ ਤਿੰਨ ਕਾਰਾਂ ਚੋਰੀ ਹੋ ਗਈਆਂ ਸਨ ਜਿਨ੍ਹਾਂ ਸਬੰਧੀ ਸਿਵਲ ਲਾਈਨ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਸੀ। ਪੁਲਿਸ ਵੱਲੋਂ ਇਨ੍ਹਾਂ ਚੋਰਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਮਾਮਲੇ ਵਿੱਚ ਤਿੰਨ ਵਿਅਕਤੀ ਕਾਬੂ ਕਰ ਲਏ। ਇੰਸਪੈਕਟਰ ਹਰਜੋਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਗੁਰਜੀਤ ਸਿੰਘ ਉਰਫ ਕਾਲਾ, ਰਾਜੇਸ ਕੁਮਾਰ ਅਤੇ ਵੈਦ ਪ੍ਰਕਾਸ਼ ਵਾਸੀ ਗਿੱਦੜਬਾਹਾ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: Canal Accident: ਆਪਸ ’ਚ ਭਿੜੀਆਂ ਦੋ ਕਾਰਾਂ, ਕਾਰ ਬੇਕਾਬੂ ਹੋ ਕੇ ਨਹਿਰ ’ਚ ਡਿੱਗੀ
ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਉਰਫ ਕਾਲਾ ਕਾਰਾਂ ਦਾ ਮਕੈਨਿਕ ਹੈ ਜੋ ਗਿੱਦੜਬਾਹਾ ਤੋਂ ਰਾਤ ਨੂੰ ਰੇਲ ਗੱਡੀ ਰਾਹੀਂ ਬਠਿੰਡਾ ਵਿਖੇ ਆਉਂਦਾ ਸੀ ਅਤੇ ਗਲੀਆਂ ਵਿੱਚ ਖੜ੍ਹੀਆਂ ਪੁਰਾਣੀਆਂ ਕਾਰਾਂ ਚੋਰੀ ਕਰਕੇ ਲੈ ਜਾਂਦਾ ਸੀ । ਇਸ ਤੋਂ ਬਾਅਦ ਉਹ ਕਾਰਾਂ ਦੇ ਪੁਰਜੇ, ਚੈਸੀਆਂ ਅਤੇ ਬਾਡੀਆਂ ਅੱਗੇ ਕਬਾੜੀਏ ਰਾਜੇਸ ਕੁਮਾਰ ਅਤੇ ਵੈਦ ਪ੍ਰਕਾਸ਼ ਨੂੰ ਵੇਚ ਦਿੰਦਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਹੋਰ ਅਹਿਮ ਖੁਲਾਸੇ ਹੋ ਸਕਣ।
ਉਨ੍ਹਾਂ ਨੇ ਕਬਾੜੀਆਂ ਨੂੰ ਚੇਤਾਵਨੀ ਦਿੰਦੇ ਹੋਏ ਆਖਿਆ ਕਿ ਪੁਲਿਸ ਵੱਲੋਂ ਚੈਕਿੰਗ ਦੌਰਾਨ ਜੇਕਰ ਕਿਸੇ ਕਬਾੜੀਏ ਤੋਂ ਚੋਰੀ ਦਾ ਸਮਾਨ ਬਰਾਮਦ ਹੋਇਆ ਤਾਂ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਸ ਲਈ ਉਹ ਪੁਰਾਣੇ ਸਮਾਨ ਨੂੰ ਖਰੀਦਣ ਲਈ ਪੂਰੇ ਸਬੂਤਾਂ ਨਾਲ ਛਾਣ-ਬੀਣ ਕਰਨ ਤਾਂ ਕਿ ਚੋਰੀਆਂ ਨੂੰ ਠੱਲ ਪੈ ਸਕੇ। ਦੱਸ ਦਈਏ ਪਿਛਲੇ ਮਹੀਨੇ ਵਿੱਚ ਸ਼ਹਿਰ ਅੰਦਰੋਂ ਕਾਫੀ ਕਾਰਾਂ ਚੋਰੀ ਹੋ ਗਈਆਂ ਸਨ ਜਿਸ ਤੇ ਲੋਕਾਂ ਅੰਦਰ ਕਾਫੀ ਸਹਿਮ ਸੀ। Punjab Vehicle Theft News