ਹੁਣ ਨਹੀਂ ਜਾਣਗੇ 489 ਸਿਹਤ ਸੈਂਟਰਾਂ ਵਿੱਚ ਡਾਕਟਰ
- ਸਿਹਤ ਸੈਂਟਰਾਂ ਨੂੰ ਮਿਲਣਗੇ ਹੈਲਥ ਅਫ਼ਸਰ, ਜਿਨ੍ਹਾਂ ਕੋਲ ਨਹੀਂ ਐ ਦਵਾਈ ਲਿਖਣ ਦੀ ਵੀ ਸ਼ਕਤੀ
- ਪੰਚਾਇਤ ਵਿਭਾਗ ਤੋਂ ਸਿਹਤ ਵਿਭਾਗ ’ਚ ਤਬਦੀਲ ਹੋਏ 489 ਸਬਸਿਡਰੀ ਹੈਲਥ ਸੈਂਟਰ
- ਪੰਜਾਬ ਦੇ ਕਰੀਬ 3 ਹਜ਼ਾਰ ਪਿੰਡਾਂ ਦੇ ਲੋਕਾਂ ਨੂੰ ਨਹੀਂ ਮਿਲੇਗੀ ਮਾਹਿਰ ਡਾਕਟਰਾਂ ਦੀ ਸਹੂਲਤ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਦੇ ਪਿੰਡਾਂ ਵਿੱਚ ਸਿਹਤ ਸਹੂਲਤਾਂ ’ਚ ਸੁਧਾਰ ਕਰਨ ਦੇ ਨਾਲ ਹੀ ਚੰਗੇ ਡਾਕਟਰਾਂ ਦੀ ਡਿਊਟੀ ਲਗਾਉਣ ਦੀ ਥਾਂ ’ਤੇ ਕਾਂਗਰਸ ਸਰਕਾਰ ਵੱਲੋਂ ਕਰੀਬ 3 ਹਜ਼ਾਰ ਪਿੰਡਾਂ ਤੋਂ ਐਮਬੀਬੀਐਸ ਡਾਕਟਰ ਦੀ ਸਹੂਲਤ ਹੀ ਖੋਹ ਲਈ ਗਈ ਹੈ। ਹੁਣ ਸੂਬੇ ਦੇ ਲਗਭਗ 3 ਹਜ਼ਾਰ ਪਿੰਡਾਂ ਵਿੱਚ ਚੈਕਅਪ ਅਤੇ ਦਵਾਈ ਦੇਣ ਲਈ ਕੋਈ ਵੀ ਐਮਬੀਬੀਐਸ ਡਾਕਟਰ ਡਿਊਟੀ ਦੇਣ ਲਈ ਨਹੀਂ ਜਾਏਗਾ, ਕਿਉਂਕਿ ਪੰਚਾਇਤ ਵਿਭਾਗ ਦੇ ਅਧੀਨ ਆਉਂਦੇ 489 ਸਬਸਿਡਰੀ ਹੈਲਥ ਸੈਂਟਰਾਂ ਨੂੰ ਸਿਹਤ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਇਨ੍ਹਾਂ 489 ਸਬਸਿਡਰੀ ਹੈਲਥ ਸੈਂਟਰਾਂ ਵਿੱਚ ਸਿਹਤ ਵਿਭਾਗ ਡਾਕਟਰ ਭੇਜਣ ਦੀ ਸਹੂਲਤ ਦੇਣ ਦੀ ਥਾਂ ’ਤੇ ਕਮਿਊਨਿਟੀ ਹੈਲਥ ਅਫ਼ਸਰ ਨੂੰ ਲਗਾਉਣ ਜਾ ਰਿਹਾ ਹੈ। ਜਿਹੜੇ ਕਿ ਪਿੰਡਾਂ ਦੇ ਲੋਕਾਂ ਦਾ ਚੈਕਅੱਪ ਤਾਂ ਕਰ ਸਕਣਗੇ ਪਰ ਉਨ੍ਹਾਂ ਨੂੰ ਨਾ ਹੀ ਦਵਾਈ ਦੇ ਸਕਣਗੇ ਅਤੇ ਨਾ ਹੀ ਦਵਾਈ ਲਿਖ ਕੇ ਪਰਚੀ ਦੇ ਪਾਉਣਗੇ, ਕਿਉਂਕਿ ਉਨ੍ਹਾਂ ਕੋਲ ਨਿਯਮਾਂ ਅਨੁਸਾਰ ਕਿਸੇ ਵੀ ਮਰੀਜ਼ ਨੂੰ ਦਵਾਈ ਲਿਖ ਕੇ ਦੇਣ ਦੀ ਤਾਕਤ ਹੀ ਨਹੀਂ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ 2016 ਦੌਰਾਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਡਾਕਟਰੀ ਸਹੂਲਤਾਂ ਦੇਣ ਲਈ ਪਿੰਡਾ ਵਿੱਚ 1186 ਦੇ ਕਰੀਬ ਸਬਸਿਡਰੀ ਹੈਲਥ ਸੈਂਟਰਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇੱਕ ਸਬਸਿਡਰੀ ਹੈਲਥ ਸੈਂਟਰ ਲਗਭਗ 5 ਤੋਂ 7 ਪਿੰਡਾਂ ਨੂੰ ਕਵਰ ਕਰਦਾ ਹੈ। ਜੇਕਰ ਪਿੰਡਾਂ ’ਚ ਜਨ-ਸੰਖਿਆ ਜ਼ਿਆਦਾ ਹੋਵੇ ਤਾਂ ਸਬਸਿਡਰੀ ਹੈਲਥ ਸੈਂਟਰ ਨੂੰ 5 ਪਿੰਡ ਹੀ ਮਿਲਦੇ ਹਨ। ਪਿਛਲੇ 15 ਸਾਲ ਤੋਂ ਪਿੰਡਾਂ ਵਿੱਚ ਚਲ ਰਹੇ ਇਹ ਸਬਸਿਡਰੀ ਹੈਲਥ ਸੈਂਟਰਾਂ ਵਿੱਚ ਪੰਚਾਇਤ ਵਿਭਾਗ ਵੱਲੋਂ ਐਮਬੀਬੀਐਸ ਅਤੇ ਮਾਹਰ ਡਾਕਟਰ ਲਗਾਏ ਹੋਏ ਹਨ।
MBBS doctor’s facility lost from 3000 villages
ਪਿਛਲੇ 5-7 ਸਾਲਾਂ ਤੋਂ ਪੰਚਾਇਤ ਵਿਭਾਗ ਵਲੋਂ ਕੋਈ ਡਾਕਟਰਾਂ ਦੀ ਭਰਤੀ ਨਾ ਕਰਨ ਦੇ ਕਰ ਹੁਣ ਇਨਾਂ 1186 ਸਬਸਿਡਰੀ ਹੈਲਥ ਸੈਂਟਰਾਂ 697 ਦੇ ਕਰੀਬ ਡਾਕਟਰ ਹੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਕਈ ਡਾਕਟਰਾਂ ਨੂੰ ਇੱਕ ਤੋਂ ਵੱਧ ਸਬਸਿਡਰੀ ਹੈਲਥ ਸੈਂਟਰ ਦਾ ਚਾਰਜ ਦੇਣ ਦੇ ਨਾਲ ਹੀ ਹਰ ਸਬਸਿਡਰੀ ਹੈਲਥ ਸੈਂਟਰ ਵਿੱਚ ਡਾਕਟਰ ਲਗਭਗ ਡਿਊਟੀ ਦੇ ਰਹੇ ਸਨ।
ਪਿੰਡਾਂ ਵਿੱਚ ਚੰਗੀ ਸਿਹਤ ਸਹੂਲਤ ਦੇ ਰਹੇ ਪੰਚਾਇਤ ਵਿਭਾਗ ਵਿੱਚ ਚਲ ਰਹੇ ਇਨ੍ਹਾਂ ਸਬਸਿਡਰੀ ਹੈਲਥ ਸੈਂਟਰਾਂ ਨੂੰ ਸਿਹਤ ਵਿਭਾਗ ਵਿੱਚ ਮਰਜ਼ ਕਰਨ ਸਬੰਧੀ ਪਿਛਲੇ 5-7 ਸਾਲਾਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ ਪਰ ਪਿੰਡਾਂ ਵਿੱਚ ਮਿਲ ਰਹੀ ਇਸ ਸਹੂਲਤ ਨੂੰ ਬੰਦ ਕਰਨ ਨਾਲ ਪੈਦਾ ਹੋਣ ਵਾਲੇ ਵਿਵਾਦ ਦੇ ਕਰਕੇ ਇਹ ਫੈਸਲਾ ਨਹੀਂ ਲਿਆ ਜਾ ਸਕਿਆ।
ਹੁਣ ਬੀਤੀ ਕੈਬਨਿਟ ਮੰਤਰੀ ਵਿੱਚ 489 ਸਬਸਿਡਰੀ ਹੈਲਥ ਸੈਂਟਰਾਂ ਨੂੰ ਸਿਹਤ ਵਿਭਾਗ ਵਿੱਚ ਮਰਜ਼ ਕਰਨ ਸਬੰਧੀ ਫੈਸਲਾ ਕਰ ਲਿਆ ਗਿਆ ਤਾਂ ਬੀਤੇ ਮਹੀਨੇ ਸਿਹਤ ਵਿਭਾਗ ਵੱਲੋਂ ਇਨਾਂ 489 ਸਬਸਿਡਰੀ ਹੈਲਥ ਸੈਂਟਰਾਂ ਨੂੰ ਆਪਣੇ ਅਧੀਨ ਵੀ ਲੈ ਲਿਆ ਗਿਆ ਪਰ ਇਨ੍ਹਾਂ ਨੂੰ ਸਬਸਿਡਰੀ ਹੈਲਥ ਸੈਂਟਰਾਂ ਵਿੱਚ ਐਮਬੀਬੀਐਸ ਡਾਕਟਰਾਂ ਦੀ ਸਹੂਲਤ ਦੇਣ ਦੀ ਥਾਂ ’ਤੇ ਕਮਿਊਨਿਟੀ ਹੈਲਥ ਅਫ਼ਸਰ ਦੀ ਹੀ ਸਹੂਲਤ ਦਿੱਤੀ ਜਾਵੇਗੀ। ਜਿਨ੍ਹਾਂ ਕੋਲ ਨਾ ਹੀ ਦਵਾਈ ਦੇਣ ਦੀ ਸ਼ਕਤੀ ਹੈ ਅਤੇ ਨਾ ਹੀ ਉਹ ਮਰੀਜ਼ ਨੂੰ ਦਵਾਈ ਲਿਖ ਕੇ ਦੇ ਸਕਣਗੇ।
ਰੈਫਰ ਕਰਕੇ ਭੇਜਣਗੇ ਸ਼ਹਿਰੀ ਹਸਪਤਾਲਾਂ ’ਚ, ਨਹੀਂ ਮਿਲੇਗਾ ਇਲਾਜ
ਪੰਜਾਬ ਦੇ ਇਨ੍ਹਾਂ ਕਰੀਬ 3 ਹਜ਼ਾਰ ਪਿੰਡਾਂ ਵਿੱਚ ਐਮਬੀਬੀਐਸ ਡਾਕਟਰ ਨਹੀਂ ਹੋਣ ਕਰਕੇ ਕਮਿਊਨਿਟੀ ਹੈਲਥ ਅਫ਼ਸਰ ਵੱਲੋਂ ਹੀ ਪਿੰਡਾਂ ਦੇ ਲੋਕਾਂ ਨੂੰ ਦੇਖਿਆ ਜਾਏਗਾ। ਪਿੰਡਾਂ ਦੇ ਲੋਕਾਂ ਨੂੰ ਲੈਪਟਾਪ ਨਾਲ ਆਨਲਾਈਨ ਡਾਕਟਰ ਨਾਲ ਗੱਲਬਾਤ ਕਰਵਾਈ ਜਾਵੇਗੀ, ਜੇਕਰ ਆਨ ਲਾਈਨ ਡਾਕਟਰ ਦੀ ਸਮਝ ਵਿੱਚ ਆ ਗਿਆ ਤਾਂ ਮੌਕੇ ਕੋਈ ਦਵਾਈ ਦੇਣ ਦੇ ਆਦੇਸ਼ ਦਿੱਤੇ ਜਾਣਗੇ ਨਹੀਂ ਤਾਂ ਨੇੜਲੇ ਸ਼ਹਿਰੀ ਹਸਪਤਾਲ ਵਿੱਚ ਰੈਫਰ ਜਾਂ ਫਿਰ ਭੇਜਣ ਲਈ ਕਹਿ ਦਿੱਤਾ ਜਾਵੇਗਾ। ਜਿਸ ਕਾਰਨ ਚੰਗਾ ਅਤੇ ਤੁਰੰਤ ਇਲਾਜ ਇਨ੍ਹਾਂ ਸਬਸਿਡਰੀ ਹੈਲਥ ਸੈਂਟਰਾਂ ਵਿੱਚ ਮਿਲਣ ਦੇ ਆਸਾਰ ਘੱਟ ਹੀ ਹੋਣਗੇ।
ਡਾਕਟਰ ਭੇਜਣਾ ਮੁਸ਼ਕਲ, ਸੀ.ਐਚ.ਓ. ਤੋਂ ਹੀ ਚਲਾਉਣਾ ਪਵੇਗਾ ਕੰਮ : ਹੁਸਨ ਲਾਲ
ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਮਰਜ਼ ਹੋਏ 489 ਸਬਸਿਡਰੀ ਹੈਲਥ ਸੈਂਟਰਾਂ ਵਿੱਚ ਮਾਹਿਰ ਡਾਕਟਰ ਭੇਜਣਾ ਮੁਸ਼ਕਲ ਹੈ। ਇਨ੍ਹਾਂ ਸਬਸਿਡਰੀ ਹੈਲਥ ਸੈਂਟਰਾਂ ਵਿੱਚ ਕਮਿਊਨਿਟੀ ਹੈਲਥ ਅਫ਼ਸਰ (ਸੀ.ਐਚ.ਓ.) ਹੀ ਭੇਜੇ ਜਾਣਗੇ। ਇਨ੍ਹਾਂ ਸੀਐਚਓ ਰਾਹੀਂ ਹੀ ਪਿੰਡਾਂ ਦੇ ਲੋਕਾਂ ਨੂੰ ਡਾਕਟਰੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਨੂੰ ਸ਼ਹਿਰਾਂ ਵਿੱਚ ਹੀ ਲਗਾਇਆ ਜਾ ਸਕਦਾ ਹੈ।
ਪੰਚਾਇਤ ਵਿਭਾਗ ਅਧੀਨ 697 ਸਬਸਿਡਰੀ ਹੈਲਥ ਸੈਂਟਰਾਂ ਨੂੰ ਮਿਲਦੀ ਰਹੇਗੀ ਡਾਕਟਰੀ ਸਹੂਲਤ
ਪੰਚਾਇਤ ਵਿਭਾਗ ਅਧੀਨ ਅਜੇ ਵੀ ਰਹਿ ਗਏ 697 ਸਬਸਿਡਰੀ ਹੈਲਥ ਸੈਂਟਰਾਂ ਨੂੰ ਐਮਬੀਬੀਐਸ ਡਾਕਟਰਾਂ ਦੀ ਸਹੂਲਤ ਮਿਲਦੀ ਰਹੇਗੀ। ਪੰਚਾਇਤ ਵਿਭਾਗ ਨੇ ਇਨਾਂ 697 ਸਬਸਿਡਰੀ ਹੈਲਥ ਸੈਂਟਰਾਂ ਨੂੰ ਸਿਹਤ ਵਿਭਾਗ ਦੇ ਹਵਾਲੇ ਨਹੀਂ ਕੀਤਾ ਹੈ ਅਤੇ ਇਨ੍ਹਾਂ ਸਾਰੇ ਸਬਸਿਡਰੀ ਹੈਲਥ ਸੈਂਟਰਾਂ ਵਿੱਚ ਡਾਕਟਰ ਵੀ ਤੈਨਾਤ ਹਨ, ਜਿਹੜੇ ਕਿ ਪਿੰਡਾਂ ਦੇ ਲੋਕਾਂ ਨੂੰ ਆਪਣੀ ਸੇਵਾ ਦਿੰਦੇ ਰਹਿਣਗੇ। ਇਸ ਅਨੁਸਾਰ ਪੰਜਾਬ ਦੇ 5 ਹਜ਼ਾਰ ਦੇ ਕਰੀਬ ਪਿੰਡਾਂ ਨੂੰ ਮਾਹਿਰ ਡਾਕਟਰ ਆਪਣੇ ਹੀ ਪਿੰਡ ਵਿੱਚ ਮਿਲੇਗਾ, ਜਦੋਂ ਕਿ ਸਿਹਤ ਵਿਭਾਗ ਵਿੱਚ ਮਰਜ਼ ਹੋਏ 3 ਹਜ਼ਾਰ ਦੇ ਪਿੰਡਾਂ ਨੂੰ ਇਹ ਸਹੂਲਤ ਤੋਂ ਵਾਂਝਾ ਹੋਣਾ ਪੈ ਗਿਆ ਹੈ।
ਕਿਹੜੇ ਜ਼ਿਲ੍ਹੇ ਦੇ ਕਿੰਨੇ ਸਿਹਤ ਸੈਂਟਰ ਤੋਂ ਖੋਹੀ ਜਾਵੇਗੀ ਡਾਕਟਰੀ ਸਹੂਲਤ
ਜਿਲ੍ਹਾ ਮਰਜ਼ ਹੈਲਥ ਸੈਂਟਰ
ਅੰਮ੍ਰਿਤਸਰ 4
ਬਰਨਾਲਾ 16
ਬਠਿੰਡਾ 14
ਫਰੀਦਕੋਟ 5
ਫਾਜ਼ਿਲਕਾ 22
ਫਿਰੋਜ਼ਪੁਰ 30
ਫਤਿਹਗੜ੍ਹ ਸਾਹਿਬ 2
ਗੁਰਦਾਸਪੁਰ 39
ਹੁਸ਼ਿਆਰਪੁਰ 46
ਜਲੰਧਰ 25
ਕਪੂਰਥਲਾ 22
ਲੁਧਿਆਣਾ 40
ਮਾਨਸਾ 28
ਮੋਗਾ 38
ਮੁਕਤਸਰ 29
ਪਠਾਨਕੋਟ 7
ਪਟਿਆਲਾ 15
ਰੋਪੜ 18
ਸੰਗਰੂਰ 38
ਮੁਹਾਲੀ 1
ਐਸਬੀਐਸ ਨਗਰ 18
ਤਰਨਤਾਰਨ 32
ਕੁੱਲ 489
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।