ਮੇਅਰ ਬਦਲਣ ਦੀ ਮੁਹਿੰਮ ’ਚ ਮੇਅਰ ਬਿੱਟੂ ਨੇ ਤੋੜੀ ਚੁੱਪੀ
ਕਿਹਾ, ਪਹਿਲਾਂ ਕੌਂਸਲਰਾਂ ਦੇ ਸੰਵਿਧਾਨਕ ਹੱਕ ਖੋਹੇ, ਕੁਰਸੀ ਦੀ ਵਰਤੀ ਜਾ ਰਹੀ ਐ ਤਾਕਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਅੰਦਰ ਮੇਅਰ ਬਦਲਣ ਕਰਕੇ ਛਿੜੀ ਜੰਗ ਹੁਣ ਹੋਰ ਭਖ ਗਈ ਹੈ। ਹੁਣ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਆਪਣੀ ਚੁੱਪੀ ਤੋੜਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਖਿਲਾਫ਼ ਵੱਡਾ ਹੱਲਾ ਬੋਲਿਆ ਗਿਆ ਹੈ। ਉਨ੍ਹਾਂ ਬ੍ਰਹਮ ਮਹਿੰਦਰਾ ’ਤੇ ਇੱਥੋਂ ਤੱਕ ਦੋਸ਼ ਲਗਾ ਦਿੱਤੇ ਹਨ ਕਿ ਉਹ ਆਪਣੇ ਬੇਟੇ ਨੂੰ ਐਮ.ਐਲ.ਏ ਬਣਾਉਣ ਲਈ ਹੀ ਸਾਰੀ ਗੇਮ ਖੇਡ ਰਹੇ ਹਨ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਬ੍ਰਹਮ ਮਹਿੰਦਰਾ ਨੇ ਤਾਂ ਚੁਣੇ ਹੋਏ ਕੌਂਸਲਰਾਂ ਤੋਂ ਵੀ ਉਨ੍ਹਾਂ ਦੇ ਹੱਕ ਖੋਹ ਲਏ ਹਨ। ਬ੍ਰਹਮ ਮਹਿੰਦਰਾ ਦਾ ਪਟਿਆਲਾ ਦੇ ਲੋਕਾਂ ਦੀ ਨਹੀਂ, ਸਗੋਂ ਆਪਣੇ ਪੁੱਤ ਨੂੰ ਵਿਧਾਇਕ ਦੀ ਕੁਰਸੀ ’ਤੇ ਬਿਠਾਉਣ ਲਈ ਜ਼ੋਰ ਲੱਗਿਆ ਹੋਇਆ ਹੈ, ਪਰ ਲੋਕ ਸਭ ਕੁਝ ਦੇਖ ਰਹੇ ਹਨ।
ਦੱਸਣਯੋਗ ਹੈ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਮੋਤੀ ਮਹਿਲ ਧੜ੍ਹੇ ਦੇ ਹਨ ਅਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਦੇ ਸਭ ਤੋਂ ਨੇੜਲਿਆ ’ਚੋਂ ਹਨ। ਅਮਰਿੰਦਰ ਸਿੰਘ ਦੀ ਸਰਕਾਰ ਖੁੱਸਣ ਤੋਂ ਬਾਅਦ ਮੋਤੀ ਮਹਿਲ ਨਾਲ ਜੁੜੇ ਅਹੁਦੇਦਾਰਾਂ ਨੂੰ ਅਹੁਦਿਆ ਤੋਂ ਛਾਂਗਣ ਦੀ ਮੁਹਿੰਮ ਆਰੰਭੀ ਹੋਈ ਹੈ, ਪਰ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਅਹੁਦੇ ਤੋਂ ਹਟਾਉਣਾ ਸਰਕਾਰ ਅਤੇ ਬ੍ਰਹਮ ਮਹਿੰਦਰਾ ਲਈ ਟੇਢੀ ਖੀਰ ਬਣਿਆ ਹੋਇਆ ਹੈ। ਇੱਧਰ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬ੍ਰਹਮ ਮਹਿੰਦਰਾ ਦਾ ਮਕਸਦ ਸਿਰਫ਼ ਆਪਣੇ ਪੁੱਤ ਮੋਹਿਤ ਮਹਿੰਦਰਾ ਨੂੰ ਵਿਧਾਇਕ ਬਣਾਉਣਾ ਹੈ, ਇਸੇ ਲਈ ਤਾਂ ਉਨ੍ਹਾਂ ਵੱਲੋਂ ਸਾਲ 2019-20 ਵਿੱਚ ਆਪਣੇ ਹਲਕੇ ਪਟਿਆਲਾ ਦਿਹਾਤੀ ਅਧੀਨ 28 ਵਾਰਡਾਂ ਦੇ ਕੌਂਸਲਰਾਂ ਦਾ ਅਧਿਕਾਰ ਖੋਹ ਕੇ ਇੰਪਰੂਵਮੈਂਟ ਟਰੱਸਟ ਦੇ ਹਵਾਲੇ ਕਰ ਦਿੱਤਾ ਗਿਆ, ਕਿਉਂਕਿ ਟਰੱਸਟ ਦਾ ਚੇਅਰਮੈਨ ਬ੍ਰਹਮ ਮਹਿੰਦਰਾ ਵੱਲੋਂ ਬਿਠਾਇਆ ਗਿਆ ਹੈ। ਇਨ੍ਹਾਂ ਦਾ ਮਕਸਦ ਹਲਕਾ ਪਟਿਆਲਾ ਦਿਹਾਤੀ ਅਧੀਨ ਆਉਂਦੇ ਵਿਕਾਸ ਦੇ ਕੰਮ ਆਪਣੇ ਤਰੀਕੇ ਨਾਲ ਕਰਵਾਉਣਾ ਸੀ ਤਾਂ ਜੋ ਪੁੱਤ ਲਈ ਰਾਜਨੀਤਿਕ ਲਾਭ ਦਿੱਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਬ੍ਰਹਮ ਮਹਿੰਦਰਾ ਵੱਲੋਂ ਕੈਬਨਿਟ ਮੰਤਰੀ ਵਾਲੀ ਤਾਕਤ ਵਰਤ ਕੇ ਹੀ ਕੌਂਸਲਰਾਂ ਨੂੰ ਡਰਾ ਧਮਕਾ ਜਾਂ ਲਾਲਚ ਦੇ ਕੇ ਇਹ ਸਾਰਾ ਪਰਪੱਚ ਰਚਿਆ ਗਿਆ। ਮੇਅਰ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਵੱਲੋਂ ਸਥਾਨਕ ਸਰਕਾਰਾਂ ਮੰਤਰੀ ਹੁੰਦਿਆਂ ਵੀ ਪਟਿਆਲਾ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਗਿਆ। ਹੁਣ ਤਾਂ ਲੋਕਾਂ ਦੇ ਕੰਮਾਂ ਲਈ ਨਹੀਂ, ਸਗੋਂ ਵੋਟਾਂ ਇਕੱਠੀਆਂ ਕਰਨ ਲਈ ਹੀ ਸਾਰੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਦੇ ਬੇਟੇ ਵੱਲੋਂ ਲੋਕ ਸਭਾ ਟਿਕਟ ਲਈ ਵੀ ਅਪਲਾਈ ਕੀਤੀ ਗਈ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਸਰਕਾਰੀ ਕੋਠੀ ’ਤੇ ਕਾਂਗਰਸ ਦੇ ਇੰਚਾਰਜ਼ ਹਰੀਸ ਚੌਧਰੀ ਦੀ ਹਾਜਰੀ ’ਚ ਪਟਿਆਲਾ ਦੇ 42 ਕੌਂਸਲਰਾਂ ਵੱਲੋਂ ਸਾਈਨ ਕਰਕੇ ਮੇਅਰ ਨੂੰ ਆਪਣਾ ਬਹੁਮੱਤ ਸਾਬਤ ਕਰਨ ਲਈ ਨੋਟਿਸ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਮੇਅਰ ਕਦੋਂ ਹਾਊਸ ਦੀ ਮੀਟਿੰਗ ਸੱਦਦੇ ਹਨ।
ਮੇਅਰ ਨੇ ਆਪਣੇ ਆਪ ਨੂੰ ਦੱਸਿਆ ਸਾਦਾ ਘਾਹ
ਮੇਅਰ ਸੰਜੀਵ ਬਿੱਟੂ ਨੇ ਆਪਣੀ ਤੁਲਨਾ ਆਮ ਸਾਦੇ ਘਾਹ ਨਾਲ ਕੀਤੀ, ਪਰ ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਪੁੱਤਰ ਨੂੰ ਆਸਟਰੇਲੀਅਨ, ਸਿਲੈਕਸਨ ਵਨ ਜਾਂ ਬਾਹਰ ਵਾਲਾ ਘਾਹ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵੱਖਰੇ ਤਰੀਕੇ ਨਾਲ ਪਾਲਿਆ ਜਾਂਦਾ ਹੈ, ਪਿੱਚ ਬਣਾਈ ਜਾਂਦੀ ਹੈ, ਫਿਲਡਿੰਗ ਲਾਈ ਜਾਂਦੀ ਹੈ। ਚੰਗੀ ਖਾਦ ਪਾਈ ਜਾਂਦੀ ਹੈ, ਗਮਲੇ ਵਿੱਚ ਲਾਇਆ ਜਾਂਦਾ ਹੈ ਤਾਂ ਜੋਂ ਪ੍ਰਫੁੱਲਤ ਹੋਕੇ ਚੰਗਾ ਲੀਡਰ ਬਣਾਇਆ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ