ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨਾਲ 12 ਹੋਰ ਮਿਊੰਸੀਪਲ ਕੌਂਸਲਰ ਵੀ ਮੁੜ ਪਾਰਟੀ ਵਿੱਚ ਹੋਏ ਸ਼ਾਮਲ
- ਅਕਾਲੀ ਦਲ ਵਿੱਚ ਕੋਈ ਵੀ ਆਵੇ ਮੈ ਕਿਉਂ ਹੋਣਾ ਨਰਾਜ਼ ਪਰ ਮੈਨੂੰ ਜਾਣਕਾਰੀ ਨਹੀਂ ਸੀ : ਚੰਦੂਮਾਜਰਾ
ਚੰਡੀਗੜ, (ਅਸ਼ਵਨੀ ਚਾਵਲਾ)। ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਣੇ 12 ਹੋਰ ਮਿਊਂਸੀਪਲ ਕੌਂਸਲਰਾਂ ਦੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਪਰ ਹੈਰਾਨਗੀ ਵਾਲੀ ਗਲ ਤਾਂ ਇਹ ਹੈ ਕਿ ਇਸ ਮੌਕੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜ਼ਰਾ ਹੀ ਗੈਰ ਹਾਜ਼ਰ ਰਹੇ।
ਮੁਹਾਲੀ ਪ੍ਰੇਮ ਸਿੰਘ ਚੰਦੂਮਾਜਰਾ ਦੀ ਸੰਸਦੀ ਸੀਟ ਵਿੱਚ ਆਉਣ ਦੇ ਨਾਲ ਹੀ ਮੁਹਾਲੀ ਨਾਲ ਜੁੜੇ ਪਾਰਟੀ ਦੇ ਹਰ ਫੈਸਲੇ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਦਾ ਦਖ਼ਲ ਰਹਿੰਦਾ ਹੈ ਪਰ ਮੁਹਾਲੀ ਦੇ ਮੇਅਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਵਿਸ਼ਵਾਸ ਵਿੱਚ ਹੀ ਨਹੀਂ ਲਿਆ। ਪਰ ਇਸ ਉਹ ਫਿਲਹਾਲ ਆਪਣੀ ਨਰਾਜ਼ਗੀ ਜ਼ਾਹਰ ਨਹੀਂ ਕਰ ਰਹੇ ਹਨ। ਇਸੇ ਨਰਾਜ਼ਗੀ ਦੇ ਕਾਰਨ ਉਨਾਂ ਨੇ ਨਾ ਤਾਂ ਕੁਲਵੰਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦੀ ਵਧਾਈ ਦਿੱਤੀ ਅਤੇ ਨਾ ਹੀ ਸੁਖਬੀਰ ਬਾਦਲ ਨਾਲ ਇਸ ਸਬੰਧੀ ਗੱਲਬਾਤ ਕੀਤੀ। ਮੇਅਰ ਕੁਲਵੰਤ ਸਿੰਘ ਦੇ ਨਾਲ ਹੀ 12 ਕੌਂਸਲਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੇ ਕਾਰਨ ਇਹ ਸਮਾਗਮ ਪ੍ਰੇਮ ਸਿੰਘ ਚੰਦੂਮਾਜਰਾ ਲਈ ਕਾਫ਼ੀ ਜਿਆਦਾ ਅਹਿਮ ਸੀ ਪਰ ਉਨਾਂ ਨੂੰ ਤਾਂ ਇਸ ਸਬੰਧੀ ਕੋਈ ਜਾਣਕਾਰੀ ਦੇਣਾ ਵੀ ਠੀਕ ਨਹੀਂ ਸਮਝਿਆ ਗਿਆ, ਉਨਾਂ ਨਾਲ ਇਸ ਸਬੰਧੀ ਸਲਾਹ ਕਰਨਾ ਤਾਂ ਦੂਰ ਦੀ ਗਲ ਹੈ।
ਇਹ ਵੀ ਪੜ੍ਹੋ : ਵਾਟਰ ਸਾਇੰਸ ਵਿੱਚ ਸੰਭਾਵਨਾਵਾਂ
ਪ੍ਰੇਮ ਸਿੰਘ ਚੰਦੂਮਾਜਰਾ ਨਾਲ ਜਦੋਂ ਕੁਲਵੰਤ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਬਾਰੇ ਗੱਲਬਾਤ ਕੀਤੀ ਗਈ ਤਾਂ ਉਨਾਂ ਹੈਰਾਨੀ ਭਰੇ ਸ਼ਬਦਾਂ ਵਿੱਚ ਪੁੱਛਿਆ ਕਿ ਕੁਲਵੰਤ ਸਿੰਘ ਸ਼ਾਮਲ ਹੋ ਗਿਆ ਹੈ! ਉਨਾਂ ਅੱਗੇ ਕਿਹਾ ਕਿ ਜੇਕਰ ਪਾਰਟੀ ਵਿੱਚ ਕੋਈ ਆਏਗਾ ਤਾਂ ਉਨਾਂ ਨੂੰ ਖ਼ੁਸ਼ੀ ਹੀ ਹੋਵੇਗੀ ਪਰ ਉਨਾਂ ਨੂੰ ਜਾਣਕਾਰੀ ਨਹੀਂ ਸੀ, ਕਿਉਂਕਿ ਉਸ ਸੰਸਦ ਦੀ ਕਾਰਵਾਈ ਵਿੱਚ ਭਾਗ ਲੈਣ ਲਈ ਦਿੱਲੀ ਵਿਖੇ ਹੀ ਹਨ। ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੇਰ ਸ਼ਾਮ ਤੱਕ ਇਹ ਜਾਣਕਾਰੀ ਤੱਕ ਨਹੀਂ ਮਿਲੀ ਕਿ ਉਨਾਂ ਨੂੰ ਕੁਲਵੰਤ ਸਿੰਘ ਨੂੰ ਚੰਡੀਗੜ ਵਿਖੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ ਜਾਂ ਫਿਰ ਸੁਖਬੀਰ ਬਾਦਲ ਮੁਹਾਲੀ ਵਿਖੇ ਜਾ ਕੇ ਕੁਲਵੰਤ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਕੇ ਆਏ ਹਨ, ਕਿਉਂਕਿ ਇਸ ਸਬੰਧੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਖ਼ੁਦ ਇਸ ਪੱਤਰਕਾਰ ਤੋਂ ਸਾਰੀ ਜਾਣਕਾਰੀ ਲਈ ਕਿ ਸ਼ਾਮਲ ਕਰਨ ਲਈ ਸਮਾਗਮ ਕਿਥੇ ਰੱਖਿਆ ਗਿਆ ਸੀ।