ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body Donor )
(ਸੁਰਿੰਦਰ ਮਿੱਤਲ਼) ਤਪਾ। ਬਲਾਕ ਤਪਾ/ਭਦੌੜ ਦੇ ਪਿੰਡ ਅਸਪਾਲ ਕਲਾਂ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਰਿਵਾਰ ਵੱਲੋਂ ਆਪਣੀ ਬਜ਼ੁਰਗ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body Donor) ਕਰਕੇ ਇਨਸਾਨੀਅਤ ਪ੍ਰਤੀ ਬਣਦਾ ਫਰਜ ਨਿਭਾਇਆ ਗਿਆ। ਜਿਸ ਨੂੰ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਸਾਧ-ਸੰਗਤ ਨੇ ਨਮ ਅੱਖਾਂ ਨਾਲ ਮੈਡੀਕਲ ਖੋਜ ਕਾਰਜਾਂ ਵਾਸਤੇ ਰਵਾਨਾ ਕੀਤਾ।
ਪਰਿਵਾਰਕ ਮੈਂਬਰ ਰੁਲਦੂ ਸਿੰਘ ਇੰਸਾਂ, ਹਜਾਰਾਂ ਸਿੰਘ ਇੰਸਾਂ, ਸਰਦਾਰਾ ਸਿੰਘ ਇੰਸਾਂ ਤੇ ਬਿਹਾਰਾ ਸਿੰਘ ਇੰਸਾਂ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਨਿਹਾਲ ਕੌਰ ਇੰਸਾਂ (94) ਦਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਦੁਪਹਿਰ ਸਮੇਂ ਦਿਹਾਂਤ ਹੋ ਗਿਆ, ਜਿਨ੍ਹਾਂ ਨੇ ਜੀਉਂਦੇ ਜੀਅ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਸਦਕਾ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਤਹਿਤ ਮਰਨ ਉਪਰੰਤ ਆਪਣੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜ਼ ਕਾਰਜਾਂ ਵਾਸਤੇ ਦਾਨ ਕਰਨ ਦੇ ਫਾਰਮ ਭਰ ਰੱਖੇ ਸਨ।
ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਇਸੇ ਤਹਿਤ ਹੀ ਮਾਤਾ ਜੀ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦਾ ਮਿ੍ਰਤਕ ਸਰੀਰ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਜਿਸਨੂੰ ਮਹਾਂਰਿਸ਼ੀ ਮਾਰਕੰਡੇ ਮੈਡੀਕਲ ਇੰਸਟੀਚਿਊਟ ਅਤੇ ਰਿਸਰਚ ਸੈਂਟਰ ਅੰਬਾਲਾ ਨੂੰ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਮਾਤਾ ਨਿਹਾਲ ਕੌਰ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗਈ ਐਂਬੂਲੈਂਸ ਵਿੱਚ ਰੱਖ ਕੇ ਸਮੁੱਚੇ ਨਗਰ ’ਚ ‘ਮਾਤਾ ਨਿਹਾਲ ਕੌਰ ਇੰਸਾਂ, ਅਮਰ ਰਹੇ’, ‘ਸੱਚੇ ਸੌਦੇ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਦੀ ਗੂੰਜ ’ਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ- ਭੈਣਾਂ ਬਲਾਕ ਤੇ ਜਿੰਮੇਵਾਰਾਂ ਅਤੇ ਪਿੰਡ ਦੀ ਸਾਧ-ਸੰਗਤ ਦੀ ਅਗਵਾਈ ’ਚ ਰਵਾਨਾ ਕੀਤਾ ਗਿਆ।
ਇਸ ਮੌਕੇ ਬਲਾਕ ਭੰਗੀਦਾਸ ਅਸ਼ੋਕ ਕੁਮਾਰ ਇੰਸਾਂ ਨੇ ਦੱਸਿਆ ਕਿ ਮਾਤਾ ਨਿਹਾਲ ਕੌਰ ਪਿੰਡ ਅਸਪਾਲ ਕਲਾਂ ਦੀ 8ਵੀਂ ਅਤੇ ਬਲਾਕ ਤਪਾ/ਭਦੌੜ ਦੀ 136ਵੀਂ ਸਰੀਰਦਾਨੀ ਬਣੀ ਹੈ। ਜਿੰਨ੍ਹਾ ਦੇ ਪਰਿਵਾਰ ਦਾ ਸਮੁੱਚੀ ਬਲਾਕ ਕਮੇਟੀ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਇਸ ਮੌਕੇ ਪਰਿਵਾਰ ਦੇ ਸਮੁੱਚੇ ਰਿਸ਼ਤੇਦਾਰ, ਪਿੰਡ ਦੀ ਸਾਧ-ਸੰਗਤ, ਭੰਗੀਦਾਸ ਹਰਦੇਵ ਇੰਸਾਂ, ਬਲਾਕ ਭੰਗੀਦਾਸ ਅਸ਼ੋਕ ਇੰਸਾਂ, 25 ਮੈਂਬਰ ਬਸੰਤ ਰਾਮ ਇੰਸਾਂ, ਰਾਕੇਸ਼ ਬਬਲੀ ਇੰਸਾਂ, ਰਾਜਿੰਦਰ ਇੰਸਾਂ, ਸੁਖਵਿੰਦਰ ਭੋਲਾ ਇੰਸਾਂ,ਬਲਦੇਵ ਸਿੰਘ ਇੰਸਾਂ, ਲਾਭ ਸਿੰਘ ਇੰਸਾਂ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।
ਅਜਿਹੀ ਸੇਵਾ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ
ਪਿੰਡ ਦੇ ਸਰਪੰਚ ਪਿ੍ਰਤਪਾਲ ਸਿੰਘ, ਮੈਂਬਰ ਮਨਜੀਤ ਕਲੇਰ, ਸਾਬਕਾ ਸਰਪੰਚ ਮਿੱਠੂ ਸਿੰਘ ਤੇ ਬਿੱਕਰ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਅੱਜ ਡੇਰਾ ਪ੍ਰੇਮੀ ਪਰਿਵਾਰ ਨੇ ਆਪਣੀ ਬਜ਼ੁਰਗ ਮਾਤਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਕੇ ਆਪਣੇ ਸਤਿਗੁਰੂ ਦੀ ਦਿੱਤੀ ਸਿੱਖਿਆ ਅਮਲ ਕਰਦੇ ਹੋਏ ਇਨਸਾਨੀਅਤ ’ਤੇ ਬਹੁਤ ਵੱਡਾ ਉਪਕਾਰ ਕੀਤਾ ਹੈ। ਉਹਨਾਂ ਪਰਿਵਾਰ ਦੀ ਭਰਪੂਰ ਤਾਰੀਫ ਕਰਦਿਆਂ ਕਿਹਾ ਕਿ ਅਜਿਹੀ ਸੇਵਾ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ