ਅੱਖਾਂਦਾਨ ਤੇ ਸਰੀਰਦਾਨ ਕਰਕੇ ਅਮਰ ਹੋ ਗਈ ਮਾਤਾ ਮਨਜੀਤ ਕੌਰ ਇੰਸਾਂ

Body Donation
ਸਰਸਾ: ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਡੇਰਾ ਸ਼ਰਧਾਲੂ।

ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ ਉਨਾਂ ਦੀਆਂ ਅੱਖਾਂ ( Body Donation)

  • ਮ੍ਰਿਤਕ ਮੈਡੀਕਲ ਖੋਜਾਂ ਲਈ ਦਾਨ

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਜਸਪਾਲ ਸਿੰਘ ਇੰਸਾਂ ਦੀ ਧਰਮ ਪਤਨੀ ਤੇ ਸੱਚ ਕਹੂੰ ਵੈੱਬ ਨਿਊਜ਼ ਐਡੀਟਰ ਰਵਿੰਦਰ ਰਿਆਜ ਦੀ ਮਾਤਾ ਮਨਜੀਤ ਕੌਰ ਇੰਸਾਂ (47) ਸ਼ੁੱਕਰਵਾਰ ਨੂੰ ਆਪਣੀ ਸੁਆਸਾਂ ਰੂਪੀ ਜੀਵਨ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ( Body Donation) ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀਆਂ ਅੱਖਾਂ ਤੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਮਾਤਾ ਮਨਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਨੈਸ਼ਨਲ ਕੈਪੀਟਲ ਰੀਜਨ ਆਫ਼ ਮੈਡੀਕਲ ਸਾਇੰਸ ਨਾਲਪੁਰ ਹਾਪੁੜ ਰੋਡ ਮੇਰਠ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ ਗਿਆ।

ਮਾਤਾ ਮਨਜੀਤ ਕੌਰ ਇੰਸਾਂ ਨੇ ਜਿਉਂਦੇ ਜੀਅ ਕੀਤਾ ਸੀ ਸਰੀਰਦਾਨ ਦਾ ਪ੍ਰਣ

ਜਾਣਕਾਰੀ ਮੁਤਾਬਕ ਪ੍ਰੀਤ ਨਗਰ ਨਿਵਾਸੀ ਮਾਤਾ ਮਨਜੀਤ ਕੌਰ ਇੰਸਾਂ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਸ਼ੁੱਕਰਵਾਰ ਸਵੇਰੇ ਉਹ ਆਪਣੀ ਸੁਆਸਾਂ ਰੂਪੀ ਪੁੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਤਾ ਮਨਜੀਤ ਕੌਰ ਇੰਸਾਂ ਨੇ ਜਿਉਂਦੇ ਜੀਅ ਹੀ ਦੇਹਾਂਤ ਤੋਂ ਬਾਅਦ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਸੀ। ਮਾਤਾ ਮਨਜੀਤ ਕੌਰ ਇੰਸਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦੇ ਨਾਲ-ਨਾਲ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਦੌਰਾਨ ਇਸ ਤੋਂ ਪਹਿਲਾਂ ਸੱਚਖੰਡ ਵਾਸੀ ਦੀ ਰਿਹਾਇਸ਼ ’ਤੇ ਅਰਦਾਸ ਤੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਗਾ ਕੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ’ਚ ਰੱਖਿਆ ਗਿਆ। ਇਸ ਤੋਂ ਬਾਅਦ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਰਾ-ਭੈਣਾਂ ਨੇ ਰਿਹਾਇਸ਼ ਤੋਂ ਲੈ ਕੇ ਸ਼ਾਹ ਮਸਤਾਨਾ ਜੀ ਧਾਮ ਤੱਕ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ। ਇਸ ਦੌਰਾਨ ਸਾਧ-ਸੰਗਤ ਨੇ ਸਰੀਰਦਾਨੀ ‘ਮਨਜੀਤ ਕੌਰ ਇੰਸਾਂ ਅਮਰ ਰਹੇ’, ‘ਜਦ ਤੱਕ ਸੂਰਜ ਚਾਂਦ ਰਹੇਗਾ, ਮਨਜੀਤ ਕੌਰ ਇੰਸਾਂ ਤੇਰਾ ਨਾਂਅ ਰਹੇਗਾ’ ਦੇ ਨਾਅਰੇ ਲਾਏ। ( Body Donation)

 Body Donation

ਇਸ ਤੋਂ ਬਾਅਦ ਸੱਚਖੰਡਵਾਸੀ ਮਾਤਾ ਮਨਜੀਤ ਕੌਰ ਇੰਸਾਂ ਦੀ ਮ੍ਰ੍ਰਿਤਕ ਦੇਹ ਨੂੰ ਸ਼ਾਹ ਮਸਤਾਨਾ ਜੀ ਧਾਮ ਤੋਂ ਨੈਸ਼ਨਲ ਕੈਪੀਟਲ ਰੀਜਨ ਆਫ਼ ਮੈਡੀਕਲ ਸਾਇੰਸ ਨਾਲਪੁਰ ਹਾਪੁੜ ਰੋਡ ਮੇਰਠ (ਉੱਤਰ ਪ੍ਰਦੇਸ਼) ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਬਲਾਕ ਕਲਿਆਣ ਨਗਰ, ਪ੍ਰੀਤ ਨਗਰ ਸਮੇਤ ਆਸ-ਪਾਸ ਦੇ ਬਲਾਕਾਂ ਤੋਂ ਵੱਡੀ ਗਿਣਤੀ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ, ਸੱਚ ਕਹੂੰ ਮੈਨੇਜਮੈਂਟ ਤੇ ਸਟਾਫ਼ ਮੈਂਬਰ ਤੇ ਸ਼ਹਿਰ ਦੇ ਪਤਵੰਤਿਆਂ ਨੇ ਮਾਤਾ ਮਨਜੀਤ ਕੌਰ ਇੰਸਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਇਸ ਦੌਰਾਨ ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰਾਂ ਤੇ ਸੱਚ ਕਹੂੰ ਪਰਿਵਾਰ ਦੇ ਮੈਂਬਰਾਂ ਨੇ ਜਸਪਾਲ ਸਿੰਘ ਇੰਸਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਹੌੱਸਲਾ ਦਿੱਤਾ ਤੇ ਸਤਿਗੁਰੂ ਜੀ ਦੇ ਚਰਨਾਂ ’ਚ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ।

ਬੇਟੀ ਤੇ ਨੂੰਹ ਨੇ ਦਿੱਤਾ ਅਰਥੀ ਨੂੰ ਮੋਢਾ

ਸੱਚਖੰਡਵਾਸੀ ਮਨਜੀਤ ਕੌਰ ਇੰਸਾਂ ਦੀ ਅੰਤਿਮ ਵਿਦਾਈ ਸਮੇਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਪਰਿਵਾਰਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਬੇਟਾ-ਬੇਟੀ ਇੱਕ ਸਮਾਨ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸੱਚਖੰਡਵਾਸੀ ਦੀ ਬੇਟੀ ਪਰਵਿੰਦਰ ਕੌਰ ਇੰਸਾਂ, ਨੂੰਹ ਸੁਮਨ ਇੰਸਾਂ, ਬੇਟੇ ਰਵਿੰਦਰ ਰਿਆਜ ਇੰਸਾਂ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇ ਕੇ ਸਮਾਜ ਨੂੰ ਇੱਕ ਮਜ਼ਬੂਤ ਸੰਦੇਸ਼ ਦਿੱਤਾ।