ਮਾਸਟਰਾਂ ਨੂੰ ਖੁਲ੍ਹਵਾਉਣੇ ਪੈਣਗੇ ਐੱਚਡੀਐੱਫਸੀ ‘ਚ ਖਾਤੇ, ਭੜਕੇ ਰੰਧਾਵਾ ਨੇ ਕਿਹਾ, ਵਿਜੈਇੰਦਰ ਸਿੰਗਲਾ ਦੀ ਕਰਾਂਗਾ ਮੁੱਖ ਮੰਤਰੀ ਕੋਲ ਸ਼ਿਕਾਇਤ

Masters Open Accounts HDFC, Randhawa Says, Vijayinder Singla, Complain CM

ਸਿੱਖਿਆ ਵਿਭਾਗ ਨੇ ਕੀਤਾ ਪ੍ਰਾਈਵੇਟ ਬੈਂਕ ਨਾਲ ਸਮਝੌਤਾ, ਦੇਣੇ ਪੈਣਗੇ ਵੱਡੀ ਗਿਣਤੀ ‘ਚ ਅਧਿਆਪਕਾਂ ਦੇ ਖਾਤੇ

  • ਸਰਕਾਰ ਦੀ ਪਾਲਿਸੀ ਤੋਂ ਬਾਹਰ ਹੋਇਆ ਸਮਝੌਤਾ, ਸਰਕਾਰ ਨੇ 10 ਬੈਂਕਾਂ ਨੂੰ ਦਿੱਤੀ ਹੋਈ ਸੀ ਮਾਨਤਾ
  • ਫੈਸਲੇ ਤੋਂ ਕੋਆਪਰੇਟਿਵ ਵਿਭਾਗ ਦੇ ਮੰਤਰੀ ਸੁਖਜਿੰਦਰ ਰੰਧਾਵਾ ਭੜਕੇ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਰਕਾਰੀ ਸਕੂਲਾਂ ਨੂੰ ਪਰਮੋਟ ਕਰਨ ਵਾਲੇ ਸਿੱਖਿਆ ਵਿਭਾਗ ਨੇ ਹੀ ਸਰਕਾਰੀ ਬੈਂਕਾਂ ਨੂੰ ਨੁੱਕਰੇ ਲਾਉਂਦੇ ਹੋਏ ਪ੍ਰਾਈਵੇਟ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਨਾਲ ਕਰਾਰ ਕਰਦੇ ਹੋਏ ਆਪਣੇ ਸਾਰੇ ਅਧਿਆਪਕਾਂ ਨੂੰ ਐੱਚ. ਡੀ. ਐੱਫ. ਸੀ. ਬੈਂਕ ‘ਤੇ ਖਾਤੇ ਖੁੱਲ੍ਹਵਾਉਣ ਲਈ ਕਹਿਣ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਇਸ ਫੈਸਲੇ ਨਾਲ ਸਰਕਾਰੀ ਬੈਂਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਏਗਾ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਇਸ ਫੈਸਲੇ ਤੋਂ ਸਖ਼ਤ ਨਰਾਜ਼ ਹੁੰਦੇ ਹੋਏ ਕੋਆਪਰੇਟਿਵ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਧਮਕੀ ਦੇ ਦਿੱਤੀ ਹੈ ਕਿ ਉਹ ਇਸ ਸਬੰਧੀ ਸ਼ਿਕਾਇਤ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਜਾਣਗੇ।

ਸਿੱਖਿਆ ਵਿਭਾਗ ਅਤੇ ਐੱਚ. ਡੀ. ਐੱਫ. ਸੀ. ਬੈਂਕ ਵਿੱਚ ਸ਼ੁੱਕਰਵਾਰ ਨੂੰ ਸਮਝੌਤੇ ‘ਤੇ ਦਸਤਖ਼ਤ ਹੋ ਗਏ ਹਨ, ਜਿਸ ਤੋਂ ਬਾਅਦ ਹੁਣ ਮਾਸਟਰਾਂ ਨੂੰ ਤਨਖ਼ਾਹ ਲੈਣ ਲਈ ਇਸੇ ਬੈਂਕ ਵਿੱਚ ਖਾਤਾ ਖੁੱਲ੍ਹਵਾਉਣਾ ਪਏਗਾ। ਹਾਲਾਂਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਬੈਂਕ ‘ਚ ਖਾਤਾ ਖੁੱਲ੍ਹਵਾਉਣਾ ਜਰੂਰੀ ਨਹੀਂ ਦੱਸ ਰਹੇ ਹਨ ਪਰ ਐੱਚ. ਡੀ. ਐੱਫ. ਸੀ. ਬੈਂਕ ਆਪਣੇ ਪੱਧਰ ‘ਤੇ ਅਧਿਆਪਕਾਂ ਕੋਲ ਜਾ ਕੇ ਖਾਤੇ ਖੋਲ੍ਹਣ ਦੀ ਤਿਆਰੀ ਵਿੱਚ ਹੈ ਕਿਉਂਕਿ ਇਸ ਤੋਂ ਪਹਿਲਾਂ ਪੁਲਿਸ ਵਿਭਾਗ ਵਿੱਚ ਵੀ ਇਹੋ ਜਿਹਾ ਕਰਾਰ ਕਰਦੇ ਹੋਏ ਐੱਚ. ਡੀ. ਐੱਫ. ਸੀ. ਬੈਂਕ ਨੇ ਸਾਰੇ ਪੁਲਿਸ ਮੁਲਾਜ਼ਮਾਂ ਦੇ ਖਾਤੇ ਆਪਣੇ ਬੈਂਕ ਵਿੱਚ ਟਰਾਂਸਫ਼ਰ ਕਰਵਾ ਲਏ ਸਨ।

ਸਿੱਖਿਆ ਵਿਭਾਗ ਦੇ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਸ ਸਮਝੌਤੇ ਨੂੰ ਨਾ ਸਿਰਫ਼ ਚੰਗਾ ਦੱਸਿਆ ਸਗੋਂ ਪ੍ਰਾਈਵੇਟ ਐੱਚ. ਡੀ. ਐੱਫ. ਸੀ. ਬੈਂਕ ਦੀ ਜੰਮ ਕੇ ਤਾਰੀਫ਼ ਕਰਦੇ ਹੋਏ ਸਰਕਾਰੀ ਬੈਂਕਾਂ ਦੀਆਂ ਸੇਵਾਵਾਂ ਨੂੰ ਹੀ ਕਟਹਿਰੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਅਜਬ ਜਿਹਾ ਤਰਕ ਦਿੰਦੇ ਹੋਏ ਕਿਹਾ ਕਿ ਮਾਰਕਿਟ ਵਿੱਚ ਜਿੱਥੋਂ ਜਿਆਦਾ ਆਫਰ ਮਿਲਣਗੇ ਤਾਂ ਉੱਥੇ ਹੀ ਸਮਾਨ ਖ਼ਰੀਦੀਆ ਜਾਂਦਾ ਹੈ, ਇਸ ਐੱਚ. ਡੀ. ਐੱਫ. ਸੀ. ਬੈਂਕ ਨੇ ਕਰਮਚਾਰੀਆਂ ਲਈ ਬਿਹਤਰ ਲੋਨ ਤੇ ਐਕਸੀਡੈਂਟ ਪਲਾਨ ਦੀ ਆਫਰ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਨੇ ਇਸ ਬੈਂਕ ਨਾਲ ਸਮਝੌਤਾ ਕਰਾਰ ਕੀਤਾ ਹੈ। ਜਦੋਂ ਸ੍ਰੀ ਸਿੰਗਲਾ ਨੂੰ ਪੁੱਛਿਆ ਗਿਆ

ਕਿ ਤੁਸੀਂ ਹੋਰ ਬੈਂਕਾਂ ਤੋਂ ਵੀ ਆਫਰ ਦੀ ਲਿਸਟ ਮੰਗਵਾਈ ਸੀ ਜਾਂ ਫਿਰ ਸਿੱਧਾ ਇਸੇ ਬੈਂਕ ਨਾਲ ਹੀ ਕਰਾਰ ਕਰ ਲਿਆ ਤਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਕੋਈ ਜਵਾਬ ਹੀ ਨਹੀਂ ਆਇਆ। ਸ੍ਰੀ ਸਿੰਗਲਾ ਸਿਰਫ਼ ਐੱਚ. ਡੀ. ਐੱਫ. ਸੀ. ਬੈਂਕ ਦੀਆਂ ਤਾਰੀਫ਼ਾਂ ਦੇ ਪੁਲ ਹੀ ਬੰਨ੍ਹਦੇ ਰਹੇ। ਇੱਥੇ ਹੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਹ ਮਾਸਟਰਾਂ ਜਾਂ ਫਿਰ ਅਧਿਕਾਰੀਆਂ ਨੂੰ ਧੱਕੇ ਨਾਲ ਖਾਤੇ ਖੁੱਲ੍ਹਵਾਉਣ ਲਈ ਨਹੀਂ ਕਹਿਣਗੇ, ਜੇਕਰ ਕੋਈ ਖਾਤਾ ਨਹੀਂ ਖੁੱਲ੍ਹਵਾਉਣਾ ਚਾਹੁੰਦਾ ਹੈ ਤਾਂ ਇਹ ਉਸ ਦੀ ਮਰਜ਼ੀ ਹੋਏਗੀ, ਇਸ ਵਿੱਚ ਭਾਵੇਂ ਐੱਚ. ਡੀ. ਐੱਫ. ਸੀ. ਬੈਂਕ ਨਾਲ ਕੀਤਾ ਹੋਇਆ ਸਮਝੌਤਾ ਟੁੱਟ ਜਾਵੇ।

ਮੁੱਖ ਮੰਤਰੀ ਕੋਲ ਵਿਜੈਇੰਦਰ ਸਿੰਗਲਾਂ ਦੀ ਕਰਾਂਗਾ ਸ਼ਿਕਾਇਤ, ਕਿਸ ਤੋਂ ਪੁੱਛ ਕੇ ਕੀਤਾ ਐ ਕਰਾਰ: ਰੰਧਾਵਾ

ਕੋਆਪਰੇਟਿਵ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਜੈਇੰਦਰ ਸਿੰਗਲਾ ਨੇ ਇਹ ਐੱਚ. ਡੀ. ਐੱਫ. ਸੀ. ਬੈਂਕ ਨਾਲ ਸਮਝੌਤਾ ਕਿਸ ਤੋਂ ਪੁੱਛ ਕੇ ਕੀਤਾ ਹੈ, ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲ ਕੇ ਜਲਦ ਹੀ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੋਨ ਦਿੰਦੇ ਹੋਏ ਘਾਟਾ ਸਾਡਾ ਕੋਆਪਰੇਟਿਵ ਵਿਭਾਗ ਸਹਿਣ ਕਰੇ, ਜਦੋਂ ਕਿ ਬੈਂਕ ਖਾਤਿਆਂ ਰਾਹੀਂ ਹੋਣ ਵਾਲੀ ਕਮਾਈ ਪ੍ਰਾਈਵੇਟ ਬੈਂਕ ਖਾਣ, ਇਹ ਕਿੱਥੋਂ ਦਾ ਇਨਸਾਫ਼ ਹੈ। ਉਨ੍ਹਾਂ ਕਿਹਾ ਕੋਆਪਰੇਟਿਵ ਬੈਂਕ ‘ਚ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਬੈਂਕ ਖਾਤੇ ਤਬਦੀਲ ਕਰਵਾਉਣ ਲਈ ਉਨ੍ਹਾਂ ਨੇ 6 ਮਹੀਨੇ ਪਹਿਲਾਂ ਸਾਰੇ ਵਿਭਾਗਾਂ ਨੂੰ ਪੱਤਰ ਵੀ ਲਿਖਿਆ ਸੀ ਪਰ ਕਿਸੇ ਨੇ ਜਵਾਬ ਦੇਣ ਦੀ ਥਾਂ ‘ਤੇ ਇਸ ਤਰ੍ਹਾਂ ਪ੍ਰਾਈਵੇਟ ਬੈਂਕ ਨੂੰ ਫਾਇਦੇ ਦੇਣ ਵਿੱਚ ਲੱਗੇ ਹੋਏ ਹਨ।

ਆਖ਼ਰ ਇਹੋ ਜਿਹਾ ਕੀ ਦੇ ਦਿੱਤਾ ਐ ਐੱਚਡੀਐੱਫਸੀ ਬੈਂਕ ਨੇ

ਸ੍ਰ. ਰੰਧਾਵਾ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਚਾਹੁਣਗੇ ਕਿ ਇਸ ਮਾਮਲੇ ਵਿੱਚ ਪੜਤਾਲ ਹੋਣੀ ਚਾਹੀਦੀ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਐੱਚ. ਡੀ. ਐੱਫ. ਸੀ. ਬੈਂਕ ਨੇ ਅਜਿਹਾ ਕੀ ਕੁਝ ਦੇ ਦਿੱਤਾ, ਜਿਹੜਾ ਕਿ ਉਹ ਇਸ ਪ੍ਰਾਈਵੇਟ ਬੈਂਕ ਵੱਲ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਤੁਸੀਂ ਜਾ ਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਜਾਂ ਫਿਰ ਉਨ੍ਹਾਂ ਦੇ ਅਧਿਕਾਰੀਆਂ ਨੂੰ ਜ਼ਰੂਰ ਪੁੱਛੋ ਕਿ ਅਜਿਹਾ ਕੀ ਦਿੱਤਾ ਗਿਆ ਹੈ।