5 ਕਰੋੜ 700 ਰੁਪਏ, 3 ਰਾਇਫ਼ਲਾਂ, ਗੰਡਾਸਾ, ਕੰਪਨੀ ਦੀ ਵੈਨ, ਕਾਰ ਤੇ ਹਥੌੜਾ, ਸੈਣੀ, ਪਲਾਸ- ਪੇਚਕਸ ਆਦਿ ਕੀਤਾ ਬਰਾਮਦ | Ludhiana police
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ (Ludhiana police) ਦੇ ਰਾਜਗੁਰੂ ਨਗਰ ’ਚ 8.49 ਕਰੋੜ ਰੁਪਏ ਦੀ ਡਕੈਤੀ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਲੁਧਿਆਣਾ ਪੁਲਿਸ ਨੇ ਮਾਸਟਰਮਾਈਂਡ ਸਮੇਤ 5 ਜਣਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇੰਨਾਂ ਪਾਸੋਂ ਲੁੱਟ ਦੀ 5 ਕਰੋੜ 700 ਰੁਪਏ ਦੀ ਰਕਮ ਸਮੇਤ ਕੰਪਨੀ ਦੀ ਵੈਨ, ਪ੍ਰਾਈਵੇਟ ਕਰੂਜ ਕਾਰ, 3 ਰਾਈਫਲਾਂ, ਗੰਡਾਸਾ ਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ। ਪੁਲਿਸ ਮੁਤਾਬਕ ਲੁੱਟ ਦੀ ਯੋਜਨਾਂ ਦਾ ਮਾਸਟਰ ਮਾਈਂਡ ਜਲਦੀ ਅਮੀਰ ਹੋਣਾ ਚਾਹੁੰਦਾ ਸੀ।
ਪੁਲਿਸ ਲਾਈਨ ਵਿਖੇ ਪੈ੍ਰਸ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਨਾਂ ਪੰਜਾਬ ਦੀ ਸਭ ਤੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਹੱਲ ਕਰਦਿਆਂ ਨਾਮਜਦ 5 ਨੂੰ ਕਾਬੂ ਕਰ ਲਿਆ ਹੈ ਜਦਕਿ ਇੱਕ ਔਰਤ ਸਮੇਤ 6 ਜਣੇ ਹਾਲੇ ਪੁਲਿਸ ਦੀ ਗਿ੍ਰਫ਼ਤ ’ਚੋਂ ਬਾਹਰ ਹਨ। ਉਨਾਂ ਨੂੰ ਵੀ ਜਲਦ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ 9-10 ਦੀ ਦਰਮਿਆਨੀ ਰਾਤ ਵਾਪਰੀ ਘਟਨਾਂ ਨੂੰ ਸੁਲਝਾਉਣ ਲਈ ਜ਼ਿਲੇ ਦੀ ਪੁਲਿਸ ਸਮੇਤ ਵੱਖ ਵੱਖ ਸਪੋਟ ਵਿੰਗ ਵੀ ਸੁਹਿਰਦਤਾ ਨਾਲ ਕੰਮ ਕਰ ਰਹੇ ਸਨ। ਜਿੰਨਾਂ ਵੱਲੋਂ 13 ਜੂਨ ਨੂੰ ਪਿੰਡ ਢੱਟ ਨੇੜੇ ਜਗਰਾਓਂ ਫਲਾਈਓਵਰ ਦੇ ਪਾਸ ਮਨਦੀਪ ਸਿੰਘ ਉਰਫ ਵਿੱਕੀ ਅਤੇ ਹਰਵਿੰਦਰ ਸਿੰਘ ਉਰਫ਼ ਲੰਬੂ ਨੂੰ ਗਿ੍ਰਫ਼ਤਾਰ ਕੀਤਾ, ਜਿੰਨਾਂ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕੀਤਾ ਅਤੇ ਦੱਸਿਆ ਕਿ ਇਸ ਡਕੈਤੀ ਦਾ ਮਾਸਟਰ ਮਾਈਂਡ ਮਨਜਿੰਦਰ ਸਿੰਘ ਉਰਫ਼ ਮਨੀ ਹੈ।
1 ਕਰੋੜ ਰੁਪਏ ਬਰਾਮਦ ਕੀਤੇ
ਜਦਕਿ ਉਨਾਂ ਸਮੇਤ ਕੁੱਲ 11 ਜਣੇ ਇਸ ਮਾਮਲੇ ਵਿੱਚ ਸਾਮਲ ਸਨ। ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਮਨਦੀਪ ਸਿੰਘ ਉਰਫ ਵਿੱਕੀ ਦੇ ਘਰੋਂ 50 ਲੱਖ ਰੁਪਏ ਤੇ ਹਰਵਿੰਦਰ ਸਿੰਘ ਉਰਫ਼ ਲੰਬੂ ਦੇ ਘਰੋਂ 75 ਲੱਖ ਰੁਪਏ ਬਰਾਮਦ ਕਰਨ ਪਿੱਛੋਂ ਪੁੱਛਗਿੱਛ ਦੇ ਅਧਾਰ ’ਤੇ ਬਾਕੀ ਨਾਮਜਦ ਵਿਅਕਤੀਆਂ ਨੂੰ ਕਾਬੂ ਕਰਨ ਲਈ ਵੱਖ ਵੱਖ ਪਾਰਟੀਆਂ ਬਣਾਈਆਂ। ਜਿੰਨਾਂ ’ਚੋਂ ਸੀਆਈਏ -1 ਲੁਧਿਆਣਾ ਦੀ ਟੀਮ ਨੇ ਮਨਜਿੰਦਰ ਸਿੰਘ ਉਰਫ਼ ਮਨੀ ਵਾਸੀ ਅੱਬੂਵਾਲ ਨੂੰ ਗਿ੍ਰਫ਼ਤਾਰ ਕਰਦਿਆਂ ਉਸ ਦੇ ਕਬਜੇ ’ਚੋਂ 1 ਕਰੋੜ ਰੁਪਏ ਬਰਾਮਦ ਕੀਤੇ।
ਨਾਲ ਹੀ ਸੀਆਈਏ-3 ਦੀ ਟੀਮ ਨੇ ਪਰਮਜੀਤ ਸਿੰਘ ਉਰਫ਼ ਪੰਮਾ, ਵਾਸੀ ਕਾਉਂਕੇ ਨੂੰ ਕਾਬੂ ਕਰਕੇ 25 ਲੱਖ ਰੁਪਏ, ਸੀਆਈਏ-2 ਦੀ ਟੀਮ ਨੇ ਹਰਪ੍ਰੀਤ ਸਿੰਘ ਵਾਸੀ ਡੇਹਲੋਂ ਹਾਲ ਆਬਾਦ ਭਾਈ ਸਾਹਿਬ ਸਿੰਘ ਨਗਰ ਸੰਘੇੜਾ ਦੇ ਘਰੋਂ 25 ਲੱਖ ਰੁਪਏ ਅਤੇ ਇਸਦੀ ਨਿਸਾਨਦੇਹੀ ’ਤੇ ਵਾਰਦਾਤ ’ਚ ਵਰਤੀ ਗਈ ਕਰੂਜ ਨੰਬਰ ਪੀਬੀ- 13 ਬੀਕੇ- 18181 ਵੀ ਬਰਾਮਦ ਕੀਤੀ ਜੋ ਹਰਪ੍ਰੀਤ ਸਿੰਘ ਦੀ ਭੈਣ ਮਨਦੀਪ ਕੌਰ ਅਤੇ ਜੀਜਾ ਜਸਵਿੰਦਰ ਸਿੰਘ ਨੇ ਹਮ- ਮਸਵਰਾ ਹੋ ਕੇ ਅਰੁਣ ਕੁਮਾਰ ਉਰਫ਼ ਕੋਚ ਦੇ ਘਰ ਕੋਲ ਤਰਪਾਲ ਨਾਲ ਢਕ ਕੇ ਖੜੀ ਕੀਤੀ ਹੋਈ ਸੀ। ਜਿਸ ਵਿੱਚੋਂ 2 ਕਰੋੜ 25 ਲੱਖ 700 ਰੁਪਏ ਬਰਾਮਦ ਹੋਏ।
ਕਮਿਸ਼ਨਰ ਸਿੱਧੂ ਨੇ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਮਾਸਟਰ ਮਾਈਂਡ ਮਨਜਿੰਦਰ ਸਿੰਘ ਉਰਫ਼ ਮਨੀ, ਮਨਦੀਪ ਸਿੰਘ ਉਰਫ ਵਿੱਕੀ ਅਤੇ ਹਰਵਿੰਦਰ ਸਿੰਘ ਉਰਫ਼ ਲੰਬੂ ਵਾਸੀਆਨ ਕੋਠੇ ਹਰੀ ਸਿੰਘ ਅਗਵਾੜ ਲੋਪੋ ਜਗਰਾਓਂ (ਕ੍ਰਮਵਾਰ ਰੰਗ ਰੋਗਨ ਕਰਨ ਅਤੇ ਲੱਕੜ ਦਾ ਮਿਸਤਰੀ), ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਕਾਉਂਕੇ ਕਲਾਂ (ਪੱਲੇਦਾਰੀ) ਤੇ ਹਰਪ੍ਰੀਤ ਸਿੰਘ (ਏ.ਸੀ./ਇਨਵਰਟਰ ਮਕੈਨਿਕ) ਵਾਸੀ ਡੇਹਲੋਂ ਹਾਲ ਅਬਾਦ ਸੰਘੇੜਾ (ਬਰਨਾਲਾ) ਨੂੰ ਗਿ੍ਰਫ਼ਤਾਰ ਕੀਤਾ ਹੈ। ਜਦਕਿ ਨਰਿੰਦਰ ਸਿੰਘ ਉਰਫ਼ ਹੈਪੀ ਵਾਸੀ ਕੋਠੇ ਹਰੀ ਸਿੰਘ ਅਗਵਾੜ ਲੋਪੋ ਜਗਰਾਓਂ, ਮਨਦੀਪ ਕੌਰ ਤੇ ਉਸਦਾ ਪਤੀ ਜਸਵਿੰਦਰ ਸਿੰਘ ਤੇ ਅਰੁਣ ਕੁਮਾਰ ਉਰਫ ਕੋਚ ਵਾਸੀਆਨ ਰਾਮਗੜੀਆ ਰੋਡ ਬਰਨਾਲਾ ਤੋਂ ਇਲਾਵਾ ਨੰਨੀ ਅਤੇ ਗੁਲਸ਼ਲ ਦੀ ਗਿ੍ਰਫ਼ਤਾਰੀ ਹਾਲੇ ਬਾਕੀ ਹੈ।