Land Pooling Policy Punjab: (ਗੁਰਪ੍ਰੀਤ ਪੱਕਾ) ਫਰੀਦਕੋਟ। ਕਿਰਤੀ ਕਿਸਾਨ ਯੂਨੀਅਨ ਨੇ ਅੱਜ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸੂਬਾ ਭਰ ’ਚ ਟਰੈਕਟਰ ਮਾਰਚ ਤਹਿਤ ਸਾਦਿਕ ਇਲਾਕੇ ਤੇ ਸਾਦਿਕ ਕਸਬੇ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ। ਟਰੈਕਟਰ ਮਾਰਚ ਵਿੱਚ ਸੈਂਕੜੇ ਟਰੈਕਟਰ ਅਤੇ ਕਿਸਾਨ ਸ਼ਾਮਲ ਹੋਏ ਜਿਨਾਂ ਨੇ ਪੰਜਾਬ ਸਰਕਾਰ ਦੀ ਕਿਸਾਨਾਂ ਤੋਂ ਡੇਢ ਲੱਖ ਕਿੱਲਾ ਜ਼ਮੀਨ ਖੋਹਣ ਅਤੇ ਸੈਂਕੜੇ ਪਿੰਡਾਂ ਨੂੰ ਉਜਾੜਨ ਦੀ ਲੈਂਡ ਪੋਲਿੰਗ ਪੋਲਸੀ ਨੂੰ ਰੱਦ ਕਰਨ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਕੀਤੀ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਕਿੰਗਰਾ ਅਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਸੰਗਰਾਹੂਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਮੋਦੀ ਦੇ ਤਿੰਨ ਖੇਤੀ ਕਾਨੂੰਨਾਂ ਦੀ ਤਰ੍ਹਾਂ ਹੈ ਪਰ ਮੋਦੀ ਦੇ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੀ ਜ਼ਮੀਨ ਹੋਲੀ-ਹੋਲੀ ਖੋਹਣਾ ਚਾਹੁੰਦੇ ਸਨ ਅਤੇ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਨੂੰ ਇੱਕੇ ਨੋਟੀਫਿਕੇਸ਼ਨ ਨਾਲ ਬੇਜ਼ਮੀਨੇ ਕਰ ਰਹੀ ਹੈ, ਜਿਸ ਤਰ੍ਹਾਂ ਲੁਧਿਆਣੇ ਜ਼ਿਲ੍ਹੇ ਦੇ 32 ਪਿੰਡਾਂ ਨੂੰ ਇੱਕ ਨੋਟੀਫਿਕੇਸ਼ਨ ਦੇ ਨਾਲ ਬੇਜ਼ਮੀਨੇ ਕਰਕੇ ਰੱਖ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਇਕ ਕਿਲਾ ਜ਼ਮੀਨ ਲੈ ਕੇ ਕਿਸਾਨਾਂ ਨੂੰ ਦੋ ਕਨਾਲ ਜ਼ਮੀਨ ਪਲਾਟਾਂ ਦੇ ਰੂਪ ’ਚ ਦੇਣੀ ਇਹ ਕਿਸੇ ਵੀ ਤਰ੍ਹਾਂ ਕਿਸਾਨ ਪੱਖੀ ਨੀਤੀ ਨਹੀਂ ਹੈ! ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਕਮਰਸ਼ੀਅਲ ਪਲਾਟ ਦੇ ਕੇ ਦੁਕਾਨਦਾਰ ਬਣਾਉਣ ਦੀ ਇਹ ਨੀਤੀ ਕਿੰਨੀ ਕੁ ਕਾਰਗਰ ਹੋਵੇਗੀ ਜਦੋਂਕਿ ਅੱਜ ਕਾਰਪੋਰੇਟ ਘਰਾਣਿਆਂ ਦੇ ਵੱਡੇ ਮਾਲ ਅਤੇ ਆਨਲਾਈਨ ਸ਼ਾਪਿੰਗ ਕਰਕੇ ਪਹਿਲਾਂ ਹੀ ਅੱਧ ਤੋਂ ਵੱਧ ਦੁਕਾਨਦਾਰਾਂ ਦੀ ਵਿਕਰੀ ਘੱਟ ਗਈ ਹੈ ਤੇ ਜੇਕਰ ਕਿਸਾਨਾਂ ਨੂੰ ਕਮਰਸ਼ੀਅਲ ਪਲਾਟ 15 ਤੋਂ 20 ਸਾਲਾਂ ਨੂੰ ਮਿਲਦੇ ਹਨ ਤਾਂ ਉਦੋਂ ਤੱਕ ਤਾਂ ਛੋਟੇ ਤੇ ਦਰਮਿਆਨੇ ਦੁਕਾਨਦਾਰ ਖ਼ਤਮ ਹੋਣ ਦਾ ਖਤਰਾ ਬਣ ਚੁੱਕਾ ਹੋਵੇਗਾ।
ਇਹ ਵੀ ਪੜ੍ਹੋ: Jasprit Bumrah: ਓਵਲ ਟੈਸਟ ਤੋਂ ਬੁਮਰਾਹ ਨੂੰ ਆਰਾਮ, ਆਕਾਸ਼ਦੀਪ ਦੀ ਵਾਪਸੀ
ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਜਗ੍ਹਾ ਜ਼ਮੀਨ ਐਕਵਾਇਰ ਕਰਨ ਲਈ ਸਮਾਜਿਕ ਅਤੇ ਵਾਤਾਵਰਨ ਦੇ ਪ੍ਰਭਾਵਾਂ ਬਾਰੇ ਇੱਕ ਸਰਵੇ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਜਨਤਕ ਹਿੱਤ ਲਈ ਜ਼ਮੀਨ ਲੈਣ ਦੇ ਲਈ ਕਿਸਾਨਾਂ ਨੂੰ ਮਾਰਕੀਟ ਤੋਂ ਚਾਰ ਗੁਣਾ ਵੱਧ ਰੇਟ ਦਿੱਤਾ ਜਾਂਦਾ ਹੈ। ਪਰ ਪੰਜਾਬ ਸਰਕਾਰ ਨੇ ਭੂਮੀ ਐਕਵਾਇਰ ਕਾਨੂੰਨ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਲੈਂਡ ਪੂਲਿੰਗ ਪਾਲਸੀ ਤਹਿਤ ਕਿਸਾਨਾਂ ਦੀ ਜ਼ਮੀਨਾਂ ਮੁਫ਼ਤ ਵਿੱਚ ਲੈਣ ਦਾ ਫੈਸਲਾ ਕੀਤਾ ਹੈ ਤੇ ਉੱਪਰੋਂ ਇਸ ਨੀਤੀ ਨੂੰ ਕਿਸਾਨ ਪੱਖੀ ਕਿਹਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪੋਲਸੀ ਨੂੰ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਪੰਜਾਬ ਦੀ ਇੱਕ ਇੰਚ ਜ਼ਮੀਨ ਵੀ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਨਹੀਂ ਜਾਣ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਪੂਰੇ ਪੰਜਾਬ ਦੇ ਵਿੱਚ ਇਸ ਦੇ ਖਿਲਾਫ ਜ਼ੋਰਦਾਰ ਅੰਦੋਲਨ ਵਿੱਢੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇ ਟਰੈਕਟਰ ਮਾਰਚ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਟਾਇਰਾਂ ਹੇਠ ਦਰੜ ਦਿੱਤਾ ਹੈ ਲੈ ਤੇ ਜੇਕਰ ਪੰਜਾਬ ਸਰਕਾਰ ਨੇ ਇਸ ਨੂੰ ਜਲਦੀ ਰੱਦ ਨਾ ਕੀਤਾ ਤਾਂ ਪੰਜਾਬ ਸਰਕਾਰ ਨੂੰ ਇਸ ਦੀ ਭਾਰੀ ਸਿਆਸੀ ਕੀਮਤ ਦੇਣੀ ਹੋਵੇਗੀ। ਹੋਰਨਾਂ ਤੋਂ ਇਲਾਵਾ ਗੁਰਜੀਤ ਬਰਾੜ ਦੀਪ ਸਿੰਘ ਵਾਲਾ, ਜਗਦੀਪ ਬਰਾੜ, ਨਿਸ਼ਾਨ ਭੁੱਲਰ, ਜੋਗਿੰਦਰ ਕਾਉਂਣੀ, ਜਸਕਰਨ ਸੰਗਰਾਹੂਰ, ਸਤਿੰਦਰ ਕਿਲੀ ਆਦਿ ਆਗੂਆਂ ਵੀ ਸੰਬੋਧਨ ਕੀਤਾ।