Free Cancer Screening Camp: (ਅਨਿਲ ਲੁਟਾਵਾ) ਅਮਲੋਹ। ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਦੀ ਮੀਟਿੰਗ ਪ੍ਰਧਾਨ ਬ੍ਰਿਜ ਭੂਸਨ ਗਰਗ ਦੀ ਪ੍ਰਧਾਨਗੀ ‘ਚ ਹੋਈ। ਜਿਸ ਵਿੱਚ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਕਈ ਅਹਿਮ ਵਿਚਾਰਾਂ ਹੋਈਆਂ ਤੇ 1 ਫਰਵਰੀ ਦਿਨ ਐਤਵਾਰ ਨੂੰ ਕੈਂਸਰ ਦੀ ਸ਼ੁਰਆਤੀ ਪਹਿਚਾਣ ਕਰਨ ਲਈ ਇੱਕ ਕੈਂਪ ਲਾਉਣ ਦਾ ਫੈਂਸਲਾ ਕੀਤਾ ਗਿਆ। ਇਸ ਕੈਂਪ ‘ਚ ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਐਨਆਰਆਈ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬ੍ਰਿਜ ਭੂਸਨ ਗਰਗ ਨੇ ਕਿਹਾ ਕਿ ਜਦੋਂ ਕਿਸੇ ਘਰ ਵਿੱਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਸਤਕ ਦਿੰਦੀ ਹੈ, ਤਾਂ ਸਿਰਫ਼ ਸਰੀਰ ਹੀ ਨਹੀਂ ਟੁੱਟਦਾ, ਸਗੋਂ ਉਸ ਪਰਿਵਾਰ ਦੇ ਹਾਸੇ ਅਤੇ ਉਮੀਦਾਂ ਵੀ ਦਮ ਤੋੜਨ ਲੱਗਦੀਆਂ ਹਨ। ਇਸੇ ਦਰਦ ਨੂੰ ਮਹਿਸੂਸ ਕਰਦਿਆਂ ਅਤੇ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਨੂੰ ਮੁੱਖ ਰੱਖਦਿਆਂ, ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੈਂਸਰ ਵਿਰੁੱਧ ਜੰਗ ਵਿੱਚ ਸਭ ਤੋਂ ਵੱਡਾ ਹਥਿਆਰ ‘ਸਮੇਂ ਸਿਰ ਜਾਂਚ’ ਹੈ, ਕਿਉਂਕਿ ਅਵੇਸਲਾਪਨ ਅਕਸਰ ਜਾਨਲੇਵਾ ਸਾਬਤ ਹੁੰਦਾ ਹੈ। ਇਸੇ ਮਨੋਰਥ ਦੀ ਪੂਰਤੀ ਲਈ ਆਉਂਦੀ 1 ਫਰਵਰੀ ਨੂੰ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਵਰਲਡ ਕੈਂਸਰ ਕੇਅਰ ਚੈਰਿਟੇਬਲ ਸੋਸਾਇਟੀ ਦੇ ਮਾਹਰ ਡਾਕਟਰਾਂ ਦੀ ਦੇਖ-ਰੇਖ ਹੇਠ, ਐਸ.ਬੀ.ਆਈ. ਕਾਰਡਸ ਅਤੇ ਪੇਮੈਂਟ ਸਰਵਿਸ ਲਿਮਟਿਡ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ’ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ
ਇਹ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮਨੁੱਖੀ ਸੇਵਾ ਨੂੰ ਸਮਰਪਿਤ ਰਹੇਗਾ, ਜਿਸ ਵਿੱਚ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਲੋਕਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਔਰਤਾਂ ਵਿੱਚ ਵੱਧ ਰਹੇ ਬ੍ਰੈਸਟ ਕੈਂਸਰ ਦੀ ਪਛਾਣ ਲਈ ਮੈਮੋਗ੍ਰਾਫੀ ਵਰਗੀ ਮਹਿੰਗੀ ਸਹੂਲਤ ਸਮੇਤ ਮੂੰਹ, ਗਲੇ ਅਤੇ ਬਲੱਡ ਕੈਂਸਰ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਕੈਂਪ ਵਿੱਚ ਆਉਣ ਵਾਲੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਮਾਰਗਦਰਸ਼ਨ ਵੀ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਇਨਸਾਨ ਇਕੱਲਾਪਨ ਜਾਂ ਲਾਚਾਰੀ ਮਹਿਸੂਸ ਨਾ ਕਰੇ।
ਸੋਸਾਇਟੀ ਦੇ ਪ੍ਰੈਸ ਸਕੱਤਰ ਜਰਨੈਲ ਸਿੰਘ ਸਹੋਤਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਸਰ ਜਾਣਕਾਰੀ ਦੀ ਘਾਟ ਕਾਰਨ ਸਾਡੇ ਆਪਣੇ ਉਦੋਂ ਹਸਪਤਾਲ ਪਹੁੰਚਦੇ ਹਨ ਜਦੋਂ ਹੱਥਾਂ ਵਿੱਚੋਂ ਰੇਤ ਵਾਂਗ ਵੇਲਾ ਨਿਕਲ ਚੁੱਕਿਆ ਹੁੰਦਾ ਹੈ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਇਸ ਕੈਂਪ ਨੂੰ ਸਿਰਫ਼ ਇੱਕ ਸਰਕਾਰੀ ਕਾਰਵਾਈ ਨਾ ਸਮਝਣ, ਸਗੋਂ ਆਪਣੇ ਅਤੇ ਆਪਣੇ ਪਰਿਵਾਰ ਦੀ ਸਲਾਮਤੀ ਲਈ ਇਸ ਦਾ ਹਿੱਸਾ ਜ਼ਰੂਰ ਬਣਨ। ਇਹ ਉਪਰਾਲਾ ਉਨ੍ਹਾਂ ਮਾਸੂਮ ਚਿਹਰਿਆਂ ਦੀ ਮੁਸਕਰਾਹਟ ਬਚਾਉਣ ਲਈ ਹੈ ਜੋ ਕੈਂਸਰ ਦੇ ਖ਼ੌਫ਼ ਹੇਠ ਜੀਅ ਰਹੇ ਹਨ। ਇਸ ਮੌਕੇ ਚਰਨਜੀਤ ਕੁਮਾਰ, ਡਾ. ਜਸਵੰਤ ਸਿੰਘ, ਜੋਗਿੰਦਰ ਸਿੰਘ ਨਰੂਲਾ, ਸ਼ਿਵ ਕੁਮਾਰ ਗਰਗ ਆਦਿ ਮੌਜੂਦ ਸਨ।














