Dera Sacha Sauda: ਫੈਕਟਰੀ ’ਚ ਲੱਗੀ ਭਿਆਨਕ ਅੱਗ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਪਾਇਆ ਕਾਬੂ

Dera-Sacha-Sauda
ਸਮਾਣਾ: ਭਿਆਨਕ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ।

ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਵੇਖ ਇਨ੍ਹਾਂ ਨੂੰ ਸਲੂਟ ਕਰਦਾ ਹਾਂ : ਪ੍ਰਧਾਨ ਜੀਵਨ ਗਰਗ

Dera Sacha Sauda: (ਸੁਨੀਲ ਚਾਵਲਾ) ਸਮਾਣਾ। ਪਟਿਆਲਾ ਰੋਡ ’ਤੇ ਸਥਿਤ ਅਯੋਧਿਆ ਕੋਟਸਪਿੰਨ ਪ੍ਰਾਈਵੇਟ ਲਿਮਟਿਡ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਜਾਣਕਾਰੀ ਜਿਵੇਂ ਹੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਮਿਲੀ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਫੈਕਟਰੀ ਵਿਚ ਲੱਗੀ ਅੱਗ ’ਤੇ ਕਾਬੂ ਪਾਉਣ ਲਈ ਜੱਦੋ ਜਹਿਦ ਸ਼ੁਰੂ ਕੀਤੀ। ਇਸ ਭਿਆਨਕ ਅੱਗ ’ਤੇ ਕਾਬੂ ਪਾਉਣ ’ਤੇ ਲੱਗਭਗ 8 ਘੰਟੇ ਦਾ ਸਮਾਂ ਲੱਗ ਗਿਆ।

ਪਟਿਆਲਾ ਅਯੋਧਿਆ ਕੋਟਸਪਿੰਨ ਦੇ ਮਾਲਕ ਰਾਜੀਵ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਕਟਰੀ ਵਿੱਚ ਕੰਮ ਕਰਦੇ ਵਰਕਰ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਫੈਕਟਰੀ ਵਿੱਚ ਪਏ ਧਾਗੇ ਨੂੰ ਅਚਾਨਕ ਅੱਗ ਲੱਗ ਗਈ ਹੈ ਤਾਂ ਉਹਨਾਂ ਮੌਕੇ ’ਤੇ ਹੀ ਫਾਇਰ ਬ੍ਰਿਗੇਡ ਦਫਤਰ ਵਿੱਚ ਫੋਨ ਕਰਕੇ ਅੱਗ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਤੇ ਪੂਰੀ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਹਨਾਂ ਕਿਹਾ ਕਿ ਫੈਕਟਰੀ ਵਿੱਚ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲਿਆ ਪਰ ਇਸ ਭਿਆਨਕ ਅੱਗ ਵਿੱਚ ਫੈਕਟਰੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਉਹਨਾਂ ਕਿਹਾ ਕਿ ਇਸ ਅੱਗ ਦੀ ਜਾਣਕਾਰੀ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਕਮੇਟੀ ਨੂੰ ਦਿੱਤੀ ਜਿਨ੍ਹਾਂ ਫੈਕਟਰੀ ਵਿੱਚ ਲੱਗੀ ਅੱਗ ’ਤੇ ਕਾਬੂ ਪਾਇਆ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਕਾਬਿਲੇ ਤਾਰੀਫ ਹੈ, ਜਿਸ ਨੂੰ ਬੋਲ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਇਸ ਸੇਵਾ ਨੂੰ ਮੈਂ ਸਲਾਮ ਕਰਦਾ ਹਾਂ ਜੋ ਨਿਸਵਾਰਥ ਹੋ ਕੇ ਕਾਰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਸ ਜਗ੍ਹਾ ’ਤੇ ਭਿਆਨਕ ਅੱਗ ਲੱਗੀ ਹੋਈ ਸੀ ਉਥੇ ਖੜ੍ਹਨਾ ਵੀ ਬਹੁਤ ਔਖੀ ਗੱਲ ਸੀ ਪਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਗ ਬੁਝਾਉਣ ਵਿੱਚ ਲਗਾਤਾਰ ਲੱਗੇ ਰਹੇ। ਉਹਨਾਂ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਤੇ ਪੂਜਨੀਕ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਹ ਵੀ ਪੜ੍ਹੋ: CNG Cylinder Blast: ਟਰੱਕ ’ਚ ਸੀਐਨਜੀ ਸਿਲੰਡਰ ਫੱਟਿਆ, ਡਰਾਈਵਰ ਜ਼ਿੰਦਾ ਸੜਿਆ

ਇਸ ਮੌਕੇ ਲਾਈਨ ਕਲੱਬ ਰੋਸ ਗੋਲਡ ਦੇ ਪ੍ਰਧਾਨ ਜੀਵਨ ਗਰਗ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਭਿਆਨਕ ਅੱਗ ਨੂੰ ਬੁਝਾਉਣ ਵਿੱਚ ਜਿਸ ਤਰ੍ਹਾਂ ਸੇਵਾਦਾਰ ਲੱਗੇ ਹੋਏ ਹਨ, ਉਨ੍ਹਾਂ ਦੀ ਸੇਵਾ ਭਾਵਨਾ ਨੂੰ ਸਲੂਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜਿਸ ਜਗ੍ਹਾ ’ਤੇ ਭਿਆਨਕ ਅੱਗ ਲੱਗੀ ਹੋਈ ਹੈ ਤੇ ਧੂੰਆਂ ਹੋਣ ਕਾਰਨ ਅੱਖਾਂ ਨਹੀਂ ਖੁੱਲ੍ਹ ਰਹੀਆਂ ਸਨ ਉੱਥੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕਿਸੇ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਅੱਗ ’ਤੇ ਕਾਬੂ ਪਾਉਣ ’ਤੇ ਲੱਗੇ ਹੋਏ ਹਨ।

Dera-Sacha-Sauda
Fire

ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਸੋਨੂੰ ਇੰਸਾਂ, ਸ਼ੰਟੀ ਇੰਸਾਂ ਤੇ ਸੰਨੀ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਮੇਸ਼ਾ ਹੀ ਮਾਨਵਤਾ ਭਲਾਈ ਦੇ ਕਾਰਜ ਕਰਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਇਹ ਸੇਵਾ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਸਦਕਾ ਹੀ ਕੀਤੇ ਜਾ ਰਹੇ ਹਨ। ਇਸ ਮੌਕੇ ਪਵਨ ਇੰਸਾਂ, ਅਮਿਤ ਇੰਸਾਂ, ਪਰਵੀਨ ਇੰਸਾਂ, ਜੀਵਨ ਇੰਸਾਂ, ਦਕਸ਼ ਇੰਸਾਂ ਤੇ ਡੇਵਿਡ ਇੰਸਾਂ, ਦੀਪਕ ਇੰਸਾਂ ਆਦਿ ਮੌਜੂਦ ਸਨ। Dera Sacha Sauda