ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਧਰਮ ਦੀ ਬੁਨਿਆਦ ਕੁੱਝ ਅਜਿਹੇ ਸਾਰਥਿਕ ਤੇ ਚਿਰਕਾਲੀ ਸਿਧਾਂਤਾਂ ‘ਤੇ ਰੱਖੀ ਹੈ ਜੋ ਲੋਕਾਈ ਨੂੰ ਨਾ ਸਿਰਫ਼ ਵਹਿਮਾਂ-ਭਰਮਾਂ ‘ਚ ਭਟਕਣ ਤੋਂ ਰੋਕਦਾ ਹੈ ਸਗੋਂ ਕਿਰਤ ਕਰਨ ਅਤੇ ਵੰਡ ਕੇ ਛਕਣ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ  ਕਰਨ ਦੀ ਜੀਵਨ-ਜੁਗਤ ਵੀ ਦੱਸਦਾ ਹੈ ।

ਇਸ ਸਰਬ ਕਲਿਆਣਕਾਰੀ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਗੁਰੂ ਸਾਹਿਬਾਨਾਂ ਨੇ ਆਪਣਾ ਜੀਵਨ ਅਤੇ ਪਰਿਵਾਰ ਸਮੇਤ ਸਭ ਕੁਝ ਕੁਰਬਾਨ ਕਰ ਕੇ ਪਰਮਾਤਮਾ ਦਾ ਭਾਣਾ  ਮਿੱਠਾ ਕਰ ਕੇ ਮੰਨਿਆ ਧਰਮ ਦੀ ਰਾਖੀ ਲਈ ਕੁਰਬਾਨੀ ਦੇਣ ਵਾਲੇ ਅਜਿਹੇ ਹੀ ਗੁਰੂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਜੋ ਸ਼ਹੀਦਾਂ ਦੇ ਸਰਤਾਜ ਵਜੋਂ ਜਾਣੇ ਜਾਂਦੇ ਹਨ ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਆਦਿ ਗ੍ਰੰਥ ਸਾਹਿਬ ਦੇ ਸੰਪਾਦਕ, ਜ਼ੁਲਮ ਦੀ ਅੱਗ ਨੂੰ ਸਿਦਕਦਿਲੀ ਨਾਲ ਠੰਢਿਆਂ ਕਰਨ ਵਾਲੇ ਸਾਹਿਬ ਸ੍ਰੀ ਗੁਰੁ ਅਰਜਨ ਦੇਵ ਜੀ ਦਾ ਜਨਮ 18 ਅਪਰੈਲ, ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ ਜਿਨ੍ਹਾਂ ਮਹਾਂਪੁਰਖਾਂ ਦੀ ਛਤਰ- ਛਾਇਆ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਪ੍ਰਵਾਨ ਚੜ੍ਹਿਆ ਉਹ ਮਹਾਨ ਹਸਤੀਆਂ ਸਨ ।

ਇਸ ਤੋਂ ਇਲਾਵਾ ਬਹੁਤ ਸਾਰੇ ਵਿਦਵਾਨ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੀ ਆਪਣੀ ਸੰਗਤ ਵਿਚ ਰਹਿੰਦੇ ਸਨ ਨਾਨਕੇ ਪਰਿਵਾਰ ‘ਚੋਂ ਮਿਲਿਆ ਵਾਤਾਵਰਣ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸੀਅਤ ਨੂੰ ਵਿਕਸਤ ਤੇ ਪ੍ਰਫੁੱਲਤ ਕਰਨ ‘ਚ ਬਹੁਤ ਲਾਹੇਵੰਦਾ ਸਾਬਤ ਹੋਇਆ ਨਾਨੇ ਦੇ ਪਿਆਰ ਦੀ ਬਾਦੌਲਤ ਹੀ ਉਨ੍ਹਾਂ ਅੰਦਰ ਉੱਚੇ-ਸੁੱਚੇ ਗੁਣਾਂ ਦੀ ਝਲਕ ਜੀਵਨ ਦੇ ਪਹਿਲੇ ਪੜਾਅ ‘ਚ ਹੀ ਦਿਖਾਈ ਦੇਣ ਲੱਗ ਪਈ ਸੀ ਇਸ ਝਲਕ ਨੂੰ ਦੇਖਣ ਤੋਂ ਬਾਅਦ ਹੀ ਨਾਨਾ ਗੁਰੂ ਨੇ ਉਨ੍ਹਾਂ ਨੂੰ ‘ਦੋਹਿਤਾ ਬਾਣੀ ਦਾ ਬੋਹਿਥਾ’ ਕਹਿ ਕੇ ਉਨ੍ਹਾਂ ਦੇ ਮਹਾਨ ਪੁਰਖ ਹੋਣ ਦੇ ਅਟੱਲ ਬਚਨ ਕਹੇ ਸਨ ।

ਛੋਟੀ ਉਮਰੇ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ (ਪ੍ਰਿਥੀ ਚੰਦ ਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581 ਈ. (2 ਅਸੂ ਸੰਮਤ 1638) ਨੂੰ ਸ਼ੁੱਕਰਵਾਰ ਵਾਲੇ ਦਿਨ ਗੁਰਗੱਦੀ ਦਾ ਪੰਜਵਾਂ ਵਾਰਸ ਥਾਪ ਦਿੱਤਾ ਇਸ ਥਾਪਣਾ ਸਮੇਂ ਉਨ੍ਹਾਂ ਦੀ ਉਮਰ 14 ਸਾਲ 4 ਮਹੀਨੇ 14 ਦਿਨ ਸੀ ਚੌਥੇ ਪਾਤਸ਼ਾਹ ਦੀ ਇਸ ਚੋਣ ਨਾਲ ਪ੍ਰਿਥੀ ਚੰਦ ਦੀਆਂ ਉਮੀਦਾਂ ਦੇ ਮਹਿਲ ਢਹਿ ਢੇਰੀ ਹੋ ਗਏ ਉਹ ਗੁਰੂ ਜੀ ਨਾਲ ਬਹੁਤ ਲੋਹਾ-ਲਾਖਾ ਹੋਇਆ ਗੁਰੂ ਰਾਮਦਾਸ ਜੀ ਨੇ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀ ਸਮਝ ‘ਤੇ ਲਾਲਚ ਭਾਰੂ ਹੋ ਚੁੱਕਾ ਸੀ ।

ਲਾਲਚ ਤੇ ਬੇਸਮਝੀ ਕਾਰਨ ਹੀ ਉਸ ਨੇ ਧਰਮ ਨੂੰ ਢਾਹ ਲਾਉਣ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ ਇਨ੍ਹਾਂ ਕੋਸ਼ਿਸ਼ਾਂ ਤਹਿਤ ਉਸ ਨੇ ਜਿੱਥੇ ਸਿੱਖ ਸੰਗਤਾਂ ਨੂੰ ਵਕਤੀ ਤੌਰ ‘ਤੇ ਗੁੰਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਉਥੇ ਗੁਰੂ ਕੇ ਲੰਗਰ ਨੂੰ ਮਸਤਾਨਾ ਕਰਨ ‘ਚ ਵੀ ਆਪਣੀ ਨਾਂਹ-ਪੱਖੀ ਭੂਮਿਕਾ ਅਦਾ ਕੀਤੀ । ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ‘ਤੇ ਬੈਠਦਿਆਂ ਸਾਰ ਹੀ ਸਭ ਤੋਂ ਪਹਿਲਾਂ ਪਵਿੱਤਰ ਕਾਰਜ ਰਾਮਦਾਸ ਸਰੋਵਰ ਨੂੰ ਪੱਕਾ ਕਰਨ ਦਾ ਕੀਤਾ।

ਇਸ ਕਾਰਜ ਦੀ ਸਪੂੰਰਨਤਾ ਨਾਲ ਉਨ੍ਹਾਂ ਦੇ ਮਨ ਦੀ ਤਸੱਲੀ ਨਹੀਂ ਹੋਈ ਇਸ ਮੁਕੱਦਸ ਸਰੋਵਰ ਦੇ ਵਿਚਾਲੇ ਉਨ੍ਹਾਂ ਨੇ ਇੱਕ ਅਜਿਹਾ ਮੰਦਰ ਉਸਾਰਨ ਦੀ ਵਿਉਂਤਬੰਦੀ ਕੀਤੀ ਜੋ ਬਾਕੀ ਮੰਦਰਾਂ ਨਾਲੋਂ ਵਿਲੱਖਣਤਾ ਭਰਪੂਰ ਹੋਵੇ ਇਸ ਮੰਦਰ (ਹਰਿਮੰਦਰ ਸਾਹਿਬ) ਦੀ ਤਮੀਰ ਕਰਵਾਉਣੀ ਆਪਣੇ ਆਪ ‘ਚ ਇੱਕ ਮਹਾਨ ਕਾਰਜ ਸੀ, ਕਿਉਂਕ ਇਸ ਦੇ ਚਾਰ ਦਰਵਾਜ਼ਿਆਂ ਵਿਚਲਾ ਪ੍ਰਵੇਸ਼ ਧਰਮ, ਨਸਲ, ਜਾਤ, ਰੰਗ, ਦੇਸ਼ ਤੇ ਕੌਮ ਨੂੰ ਆਧਾਰ ਮੰਨ ਕੇ ਕੀਤੇ ਜਾਣ ਵਾਲੇ ਵਿਤਕਰਿਆਂ ਤੋਂ ਰਹਿਤ ਸੀ ।

ਦੂਜੇ ਧਰਮਾਂ ਦੇ ਧਾਰਮਿਕ ਸਥਾਨ ਆਮ ਤੌਰ ‘ਤੇ ਆਲੇ ਦੁਆਲੇ ਦੇ ਬਾਕੀ ਮਕਾਨਾਂ ਤੋਂ ਕੁਝ ਉੱਚੀ ਪੱਧਰ ‘ਤੇ ਉਸਾਰੇ ਜਾਂਦੇ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਾਉੜੀਆਂ ਉਪਰ ਵੱਲ ਜਾਣ ਦੀ ਬਜਾਏ ਹੇਠਾਂ ਵੱਲ ਨੂੰ ਜਾਂਦੀਆਂ ਹਨ ਜੋ ਗੁਰੂ ਅਰਜਨ ਦੇਵ ਜੀ ਦੀ ਦੂਰਦ੍ਰਿਸ਼ਟੀ ਦਾ  ਪ੍ਰਮਾਣ ਹਨ ਇਸ ਦ੍ਰਿਸ਼ਟੀ ਦੇ ਅਨੁਸਾਰ ਜੋ ਵੀ ਕੋਈ ਸ਼ਰਧਾਲੂ ਆਪਣੇ ਇਸ਼ਟ ਦੇ ਸਨਮੁਖ ਹੋਣ ਲਈ ਆਵੇ ਉਹ ਹਉਮੈਂ ਦੇ ਰੋਗ ਤੋਂ ਮੁਕਤ ਹੋ ਕੇ ਆਵੇ।

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਗਏ ਜਿਨ੍ਹਾਂ ਨੇ  ਧਰਮ ਪ੍ਰਚਾਰ ਤੇ ਸਿਧਾਂਤਾਂ ਦੇ ਨਿਭਾਅ ਹਿੱਤ ਇੱਕ ਅਹਿਮਤਰੀਨ ਭੂਮਿਕਾ ਅਦਾ ਕੀਤੀ ਇਨ੍ਹਾਂ ਕਾਰਜਾਂ ‘ਚੋਂ ਪ੍ਰਮੱਖ ਤੇ ਵਡੇਰੇ ਸਤਿਕਾਰ ਵਾਲਾ ਕਾਰਜ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ ਇਸ ਵੱਡਮੁਲੇ ਕਾਰਜ ਨੂੰ ਉਨ੍ਹਾਂ ਦੀ ਇੱਕ ਸ੍ਰੋਮਣੀ ਪ੍ਰਾਪਤੀ ਵਜੋਂ ਲਿਆ ਜਾਂਦਾ ਹੈ ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਗੁਰੂ ਅਰਜਨ ਦੇਵ ਜੀ ਇੱਕ ਪ੍ਰਤਿਭਾਸ਼ਾਲੀ ਵਿਦਵਾਨ ਵੀ ਸਨ ।

ਜਿੱਥੇ ਗੁਰੂ ਅਰਜਨ ਦੇਵ ਜੀ Àੁੱਤਰੀ ਭਾਰਤ ਵਿੱਚ ਪ੍ਰਚੱਲਤ ਭਾਸ਼ਾਵਾਂ ਦੇ ਉਸਤਾਦ ਸਨ ਉਥੇ ਨਾਲ ਹੀ ਸੰਗੀਤਕ ਸੂਝ ਵੀ ਰੱਖਦੇ ਸਨ ਇਸ ਸੂਝ ਸਦਕਾ ਹੀ ਜਿੱਥੇ ਉਨ੍ਹਾਂ ਨੇ ਆਪ ਪਵਿੱਤਰ ਬਾਣੀ ਦੀ ਸਿਰਜਣਾ ਕੀਤੀ ਉਥੇ ਆਪਣੇ ਤੋਂ ਪੂਰਬਲੇ ਗੁਰੂ ਸਾਹਿਬਾਨਾਂ, ਵੱਖ-ਵੱਖ ਖਿੱਤਿਆਂ ਨਾਲ ਜੁੜੇ ਹੋਏ ਭਗਤਾਂ ਤੇ ਭੱਟਾਂ ਦੀ ਪਵਿੱਤਰ ਬਾਣੀ ਨੂੰ ਇੱਕ ਸੁੱਚੀ ਮਾਲਾ (ਗ੍ਰੰਥ) ‘ਚ ਪਰੋਣ ਦਾ ਇੱਕ ਅਣਥੱਕ ਯਤਨ ਆਰੰਭ ਕਰ ਦਿੱਤਾ ਆਪਣੇ ਇਸ ਯਤਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਉਨ੍ਹਾਂ ਵੱਲੋਂ ਭਾਈ ਗੁਰਦਾਸ (ਗੁਰੂ ਜੀ ਦੇ ਮਾਮਾ) ਜੀ ਦੀਆਂ ਸੇਵਾਵਾਂ ਲਈਆਂ ਗਈਆਂ ਮਨੁੱਖੀ ਬਰਾਬਰੀ ਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣ ਵਾਲੇ ਇਸ ਗ੍ਰੰਥ ਦੇ ਪ੍ਰਕਾਸ਼ ‘ਚ ਆਉਣ ਨਾਲ ਇਸ ਦੀ ਪਾਵਨ ਬਾਣੀ ਪ੍ਰਤੀ ਕੁੱਝ ਝੂਠੀਆਂ ਸ਼ਿਕਾਇਤਾਂ ਵੀ ਵਕਤ ਦੇ ਹਾਕਮ ਅਕਬਰ  ਕੋਲ ਪਹੁੰਚਣ ਲੱਗੀਆਂ ਪਰ ਜਦੋਂ ਇਨ੍ਹਾਂ ਸ਼ਿਕਾਇਤਾਂ ਨੂੰ ਸੱਚ ਤੇ ਦਲੀਲ ਦੀ ਕਸਵੱਟੀ ‘ਤੇ ਲਾਇਆ ਗਿਆ ਤਾਂ ਸ਼ਿਕਾਇਤਕਰਤਾਵਾਂ ਨੂੰ ਸ਼ਰਮਿੰਦਗੀ ਝੱਲਣੀ ਪਈ।

ਸਰਬਤ ਦੇ ਭਲੇ ਵਾਲੀ ਸੋਚ ਅਤੇ ਲੋਕ ਹਿੱਤਕਾਰੀ ਅਮਲਾਂ ਕਾਰਨ ਗੁਰੂ ਨਾਨਕ ਦਰਬਾਰ ਦੀ ਹਰਮਨ ਪਿਆਰਤਾ ਦਿਨੋਂ ਦਿਨ ਵਧ ਰਹੀ ਸੀ ਜੋ ਜਹਾਂਗੀਰ ਤੇ  ਗੁਰੂ ਘਰ ਦੇ ਦੋਖੀਆਂ ਦੀ ਅੱਖ ‘ਚ ਰੜਕਣ ਲੱਗ ਪਈ ਸੀ ਇਸ ਰੜਕ ਨੇ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਢ ਬੰਨ੍ਹਣ ‘ਚ ਆਪਣਾ ਨਿੰਦਣਯੋਗ ਰੋਲ ਅਦਾ ਕੀਤਾ ਸੀ ।

ਗੁਰੂ ਅਰਜਨ ਦੇਵ ਜੀ ਦੇ ਸਮਕਾਲ ਸਰਹਿੰਦ ਦੇ ਇਲਾਕੇ ‘ਚ ਨਕਸ਼ਬੰਦੀ ਸਿਲਸਲੇ ਨਾਲ ਸੰਬੰਧਤ ਸ਼ੇਖ ਅਹਿਮਦ ਫ਼ਾਰੂਕੀ ਦੀ ਪੂਰੀ ਚੜ੍ਹਾਈ ਸੀ ਉਹ ਆਪਣੇ ਆਪ ਨੂੰ ਕਿਊਮ ਅਖਵਾਉਂਦਾ ਤੇ ਸਾਰੀ ਧਰਤੀ ਤੇ ਅਸਮਾਨ ‘ਤੇ ਆਪਣਾ ਅਧਿਕਾਰ ਜਤਾਉਂਦਾ ਸੀ ਬਾਦਸ਼ਾਹ ਅਕਬਰ ਦੀ ਦਰਿਆਦਿਲੀ ਨੂੰ ਉਹ ਇਸਲਾਮ ਦੀ ਕਮਜ਼ੋਰੀ ਸਮਝਦਾ ਸੀ ਇਸ ਕਮਜ਼ੋਰੀ ਨੂੰ ਦੂਰ ਕਰਕੇ ਇਸਲਾਮ ਦਾ ਬੋਲਬਾਲਾ ਕਰਨਾ ਉਹ ਆਪਣਾ ਨਿੱਜੀ ਤੇ ਮੁਕੱਦਸ ਕਰਤੱਵ ਸਮਝਦਾ ਸੀ ਇਸ ਕਰਤੱਵ ਦੀ ਪਾਲਣਾ ਹਿੱਤ ਹੀ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ‘ਇਮਾਮ-ਏ-ਕੁਫ਼ਰ’ ਦਾ ਫ਼ਤਵਾ ਦਿੱਤਾ ਤੇ ਉਨ੍ਹਾਂ ਵਿਰੁੱਧ ਜਹਾਂਗੀਰ ਦੇ ਕੰਨ ਭਰਨ ਲੱਗ ਪਿਆ ।

ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਲਾਹੌਰ ਬੁਲਾ ਲਿਆ ਜੇਕਰ ‘ਤੁਜ਼ਿਕੇ ਜਹਾਂਗੀਰੀ’ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਬਾਦਸ਼ਾਹ ਆਪ ਵੀ ਪੰਜਵੇਂ ਗੁਰਾਂ ਪ੍ਰਤੀ ਆਪਣੇ ਦਿਲ ‘ਚ ਨਫ਼ਰਤ ਭਰੀ ਬੈਠਾ ਸੀ ਉਸ ਦੇ ਦਿਲ ਵਿਚਲੀ ਨਫ਼ਰਤ ਅਤੇ ਮਜ਼ਹਬੀ ਤੰਗਦਿਲੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ‘ਚ ਆਪਣਾ ਭਰਵਾਂ ਯੋਗਦਾਨ ਪਾਇਆ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਗਿਆ, ਝੂਠ-ਸੱਚ ਨੂੰ ਨਿਤਾਰਨ ਤੋਂ ਬਗ਼ੈਰ ਹੀ ਉਸ ਨੇ ਗੁਰੂ ਸਾਹਿਬ ਨੂੰ ਚੰਦਰੀ ਨੀਅਤ ਵਾਲੇ ਚੰਦੂ ਦੇ ਹਵਾਲੇ ਕਰ ਦਿੱਤਾ ਜਾਨ ਲੈਣ ਨਾਲੋਂ ਚੰਦੂ ਗੁਰੂ ਸਾਹਿਬ ਕੋਲੋਂ ਆਪਣੀ ਈਨ ਮੰਨਵਾਉਣ ਨੂੰ ਵਧੇਰੇ ਤਰਜ਼ੀਹ ਦੇਣ ਲੱਗਾ ਪਿਆ ।

ਉਸ ਨੇ ਗੁਰੂ ਜੀ ਅੱਗੇ ਕੁਝ ਸ਼ਰਤਾਂ ਰੱਖੀਆਂ ਪਹਿਲੀ -ਗੁਰੂ ਜੀ ਮੁਸਲਮਾਨ ਬਣ ਜਾਣ, ਦੂਜੀ- ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਿਤ ‘ਚ ਚੰਦ ਸ਼ਬਦ ਲਿਖ ਦੇਣ ਅਤੇ ਤੀਜੀ- ਹਰਗੋਬਿੰਦ ਸਾਹਿਬ ਲਈ ਚੰਦੂ  ਦੀ ਬੇਟੀ ਦਾ ਸਾਕ ਸਵੀਕਾਰ ਕਰਨ ਲੈਣ  ਪਹਿਲੀ ਸ਼ਰਤ ਦੇ ਜਵਾਬ ‘ਚ ਗੁਰੂ  ਜੀ ਨੂੰ ਦਲੀਲ ਦਿੱਤੀ ਕਿ ਜੋ ਇਨਸਾਨ ਕਿਸੇ ਲਾਲਚ ਜਾਂ ਡਰ ਕਾਰਨ ਆਪਣਾ ਧਰਮ ਤਿਆਗ ਦਿੰਦਾ ਹੈ ਉਹ ਕਿਸੇ ਵੀ ਧਰਮ ਜੋਗਾ ਨਹੀਂ ਰਹਿ ਜਾਂਦਾ  ।

ਕਿਉਂਕਿ ਧਰਮ ਕੇਵਲ ਬਾਹਰੀ ਦਿਖਾਵਾ ਹੀ ਨਹੀਂ ਸਗੋਂ ਇੱਕ ਜੀਵਨ-ਜਾਚ ਵੀ ਹੁੰਦਾ ਹੈ ਦੂਜੀ ਸ਼ਰਤ ਨੂੰ ਰੱਦ  ਕਰਦਿਆਂ ਗੁਰੂ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਇਲਾਹੀ ਕਿਰਤ ਹੈ ਜੋ ਕਰਤਾ ਪੁਰਖ ਦੇ ਹੁਕਮ ‘ਚ ਰਹਿ ਕੇ ਪ੍ਰਵਾਨ ਚੜ੍ਹੀ ਹੈ, ਹੁਣ ਇਸ ਵਿੱਚ ਕਿਸੇ ਇੱਕ ਅਖ਼ਰ ਦਾ ਵੀ ਵਾਧਾ-ਘਾਟਾ ਨਹੀਂ ਕੀਤਾ ਜਾ ਸਕਦਾ, ਤੀਜੀ ਗੱਲ ਜੋ ਤੇਰੀ ਬੇਟੀ ਦਾ ਸਾਕ ਨਾ ਲੈਣ ਬਾਰੇ ਹੈ ਇਹ ਫ਼ੈਸਲਾ ਗੁਰੂ ਕੀ ਸੰਗਤ ਵੱਲੋਂ ਸਮੂਹਿਕ ਰੂਪ ‘ਚ ਕੀਤਾ ਗਿਆ ਹੈ, ਜਿਸ ਨੂੰ ਪਲਟਾਉਣਾ ਸਾਡੇ ਵੱਸੋਂ ਬਾਹਰੀ ਗੱਲ ਹੈ, ਚੌਥੀ ਗੱਲ ਜੋ ਤਸੀਹੇ ਸਹਿਣ ਦੀ ਹੈ, ਉਸ ਨੂੰ ਅਸੀਂ ਪਰਮੇਸ਼ਰ ਦਾ ਭਾਣਾ ਸਮਝ ਕੇ ਖਿੜੇ-ਮੱਥੇ ਕਬੂਲ ਕਰਨ ਲਈ ਤਿਆਰ ਹਾਂ ।

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਖ਼ਰੀਆਂ-ਖ਼ਰੀਆਂ ਸੁਣ ਕੇ ਚੰਦੂ ਪਾਪੀ ਤੇ ਉਸ ਦੀ ਲਾਬੀ ਨੇ ਗੁਰੂ ਸਾਹਿਬ ਨੂ ਖ਼ੂਨ ਡੋਲ੍ਹਣ ਤੋਂ ਬਗੈਰ ਦੇ ਕਾਨੂੰਨ ਤਹਿਤ ਸਖ਼ਤ ਸਜ਼ਾਵਾਂ ਦੇਣ ਦੀ ਠਾਣ ਲਈ ਜਿੱਥੇ ਗੁਰੂ ਸਾਹਿਬ ਨੂੰ ਜੇਠ ਮਹੀਨੇ ਦੀ ਕੜਕਦੀ ਧੁੱਪੇ ਉੱਬਲਦੀਆਂ ਦੇਗਾਂ ਵਿੱਚ ਉਬਾਲਿਆ ਗਿਆ,ਉਥੇ ਤੱਤੀ ਤਵੀ ‘ਤੇ ਬੈਠਾਅ ਕੇ ਨੰਗੇ ਜਿਸਮ ‘ਤੇ ਗਰਮ ਰੇਤ ਦੇ ਕੜਛੇ ਵੀ ਪਾਏ ਗਏ ਇਸ ਅਕਹਿ ਤੇ ਅਸਹਿ ਤਸ਼ੱਦਦ ਨੂੰ ਪੰਜਵੇਂ ਪਾਤਸ਼ਾਹ ਨੇ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਅਤੇ 30 ਨਵੰਬਰ 1606 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।