ਮੈਰੀ ਦੇ ਮਾਅਰਕੇ

Mary Kom, Outcome

ਦੇਸ਼ ਦੀ 35 ਵਰ੍ਹਿਆਂ ਦੀ ਮਹਿਲਾ ਮੁੱਕੇਬਾਜ਼ ਮੈਰੀਕਾਮ ਨੇ ਵਿਸ਼ਵ ਚੈਂਪੀਅਨ ‘ਚ 6ਵੀਂ ਵਾਰ ਸੋਨਾ ਜਿੱਤ ਕੇ ਦੇਸ਼ ਨੂੰ ਸੁਨਹਿਰੀ ਤੋਹਫ਼ਾ ਦਿੱਤਾ ਹੈ। ਮੈਰੀਕਾਮ ਦੁਨੀਆ ਦੀ ਇੱਕੋ-ਇੱਕ ਖਿਡਾਰਨ ਬਣ ਗਈ ਹੈ, ਜਿਸ ਨੇ ਛੇ ਸੋਨ ਤਮਗੇ ਜਿੱਤੇ ਹਨ। ਉਹ ਸੱਤ ਵਾਰ ਫਾਈਨਲ ਖੇਡਣ ਵਾਲੀ ਵੀ ਪਹਿਲੀ ਮਹਿਲਾ ਹੈ। ਮੈਰੀਕਾਮ ਦੀ ਜਿੱਤ ਖਾਸ ਕਰਕੇ ਭਾਰਤੀ ਮਹਿਲਾਵਾਂ ਲਈ ਮਾਣ ਵਾਲੀ ਤੇ ਪ੍ਰੇਰਨਾਦਾਇਕ ਪ੍ਰਾਪਤੀ ਹੈ।

ਉਸ ਦੀਆਂ ਪ੍ਰਾਪਤੀਆਂ ਨਵੀਂ ਪੀੜ੍ਹੀ ਦੀਆਂ ਕੁੜੀਆਂ ਨੂੰ ਉਤਸ਼ਾਹਿਤ ਕਰਨਗੀਆਂ ਭਾਵੇਂ ਖੇਡਾਂ ‘ਚ ਕੁੜੀਆਂ ਅੱਗੇ ਆ ਰਹੀਆਂ ਹਨ ਪਰ ਮੁੱਕੇਬਾਜ਼ੀ ਖੇਡ ‘ਚ ਇੱਕ ਮਹਿਲਾ ਦਾ ਦਮਦਾਰ ਪ੍ਰਦਰਸ਼ਨ ਭਾਰਤੀ ਸਮਾਜ ਲਈ ਵੱਡੀ ਗੱਲ ਹੈ। ਇਹ ਮੈਰੀਕਾਮ ਦੀ ਹਿੰਮਤ ਹੈ ਕਿ ਉਸ ਨੇ ਖੇਡਣ ਦਾ ਆਪਣਾ ਸ਼ੌਂਕ ਪੁਗਾਉਣ ਲਈ ਆਪਣੇ ਸਮਾਜ ਤੇ ਸੂਬੇ ਦੀ ਰਵਾਇਤ ਤੇ ਸੋਚ ਦੀ ਪ੍ਰਵਾਹ ਨਹੀਂ ਕੀਤੀ। ਮਣੀਪੁਰ ‘ਚ ਲੜਕੀਆਂ ਦਾ ਖੇਡਣਾ ਚੰਗਾ ਨਹੀਂ ਮੰਨਿਆ ਜਾਂਦਾ ਸੀ ਮੁੱਕੇਬਾਜ਼ੀ ਨੂੰ ਤਾਂ ਹੋਰ ਵੀ ਬੁਰਾ ਸਮਝਿਆ ਜਾਂਦਾ ਸੀ।

ਮੈਰੀਕਾਮ ਨੇ ਕਾਫ਼ੀ ਸਮਾਂ ਤਾਂ ਆਪਣੇ ਮਾਪਿਆਂ ਨੂੰ ਹੀ ਪਤਾ ਹੀ ਨਹੀਂ ਲੱਗਣ ਦਿੱਤਾ ਸੀ ਕਿ ਉਹ ਮੁੱਕੇਬਾਜ਼ੀ ਸਿੱਖ ਰਹੀ ਹੈ ਹੋਰ ਤਾਂ ਹੋਰ ਪਿਛਲੇ ਸਾਲਾਂ ‘ਚ ਜਦੋਂ ਮੈਰੀਕਾਮ ਬਾਰੇ ਬਾਲੀਵੁੱਡ ‘ਚ ਫ਼ਿਲਮ ਬਣਾਈ ਗਈ ਤਾਂ ਕੁਝ ਪੁਰਾਤਨ ਵਿਚਾਰਾਂ ਵਾਲੇ ਸੰਗਠਨਾਂ ਦੇ ਵਿਰੋਧ ਕਰਨ ‘ਤੇ ਇਹ ਫ਼ਿਲਮ ਮਣੀਪੁਰ ਦੇ ਸਿਨੇਮਿਆਂ ‘ਚ ਨਾ ਚੱਲ ਸਕੀ।

ਉੱਥੇ ਕੱਟੜਪੰਥੀ ਸੰਗਠਨ ਫਿਲਮਾਂ ‘ਚ ਕੁੜੀਆਂ ਦੇ ਰੋਲ ਨੂੰ ਬੁਰਾ ਮੰਨਦਾ ਹੈ। ਅਜਿਹੇ ਹਾਲਾਤਾਂ ‘ਚ ਮੈਰੀਕਾਮ ਨੂੰ ਪਰਿਵਾਰ ਤੇ ਸਮਾਜ ਵੱਲੋਂ ਕੋਈ ਉਤਸ਼ਾਹ ਨਹੀਂ ਮਿਲਿਆ ਤੇ ਉਸ ਨੇ ਆਪਣੇ ਬਲਬੂਤੇ ਖੇਡਣਾ ਜਾਰੀ ਰੱਖਿਆ। ਆਪਣੇ ਸਮਾਜ ਨੂੰ ਜਿੱਤਣ ਲਈ ਜੂਝਦੀ ਹੋਈ ਮੈਰੀਕਾਮ ਹੁਣ ਸਾਰੇ ਸੰਸਾਰ ਨੂੰ ਜਿੱਤਣ ‘ਚ ਕਾਮਯਾਬ ਹੋਈ ਹੈ।

ਵਿਆਹ ਤੋਂ ਬਾਅਦ ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜ਼ੂਦ ਉਸ ਨੇ ਆਪਣੇ-ਆਪ ਨੂੰ ਫਿੱਟ ਰੱਖਦਿਆਂ ਅਭਿਆਸ ਨਾ ਛੱਡਿਆ ਤੇ ਤਾਜ਼ਾ ਮੁਕਾਬਲੇ ‘ਚ ਆਪਣੇ ਤੋਂ 13 ਸਾਲ ਛੋਟੀ ਯੂਕ੍ਰੇਨ ਦੀ ਖਿਡਾਰਨ ਤਨਾ ਓਖੋਟਾ ਨੂੰ ਚਿੱਤ ਕਰ ਦਿੱਤਾ। ਮੈਰੀਕਾਮ ਨੇ ਸਿੱਧ ਕਰ ਦਿੱਤਾ ਹੈ ਕਿ ਜੇਕਰ ਲਗਨ ਨਾਲ ਮਿਹਨਤ ਕੀਤੀ ਜਾਵੇ ਤਾਂ ਉਮਰ ਕੋਈ ਅੜਿੱਕਾ ਨਹੀਂ ਬਣਦੀ ਇਹ ਸ਼ਾਨਦਾਰ ਪ੍ਰਾਪਤੀ ਸਾਡੀਆਂ ਸਰਕਾਰਾਂ ਲਈ ਵੀ ਨਸੀਹਤ ਹੈ ਜੋ ਖੇਡ ਵਿਭਾਗ ਨੂੰ ਵਾਧੂ ਦਾ ਵਿਭਾਗ ਮੰਨਦੀਆਂ ਹਨ ਤੇ ਇਸ ਵਿਭਾਗ ਨੂੰ ਫੰਡ ਵੀ ਹੋਰ ਵਿਭਾਗਾਂ ਦੇ ਮੁਕਾਬਲੇ ਬਹੁਤ ਘੱਟ ਦਿੱਤੇ ਜਾਂਦੇ ਹਨ।

ਖੇਡ ਮੰਤਰਾਲੇ ਵਾਲਾ ਆਗੂ ਵੀ ਮਹਿਸੂਸ ਕਰਦਾ ਹੈ ਕਿ ਉਸ ਨੂੰ ਮੰਤਰੀ ਬਣਾ ਕੇ ਸਿਰਫ਼ ਖੁਸ਼ ਹੀ ਕੀਤਾ ਗਿਆ ਹੈ। ਸਰਕਾਰ ਖੇਡ ਵਿਭਾਗ ਨੂੰ ਬਰਾਬਰ ਮਜ਼ਬੂਤ ਬਣਾਏ ਤਾਂ ਕਿ ਓਲੰਪਿਕ ‘ਚ ਭਾਰਤੀ ਖਿਡਾਰੀ ਆਪਣਾ ਜ਼ੋਰ ਵਿਖਾ ਸਕਣ ਜੇਕਰ ਸਹੂਲਤਾਂ ਮਿਲਣ ਤਾਂ ਵੈਟਰਨ ਖਿਡਾਰੀ ਹੀ ਬਹੁਤ ਕੁਝ ਕਰ ਸਕਦੇ ਹਨ। ਖੇਡ ਵਿਭਾਗ ਦੀਆਂ ਗਲਤੀਆਂ ਦੂਰ ਕਰਨ ਲਈ ਮੈਰੀਕਾਮ ਦੇ ਸੋਨ ਤਮਗਿਆਂ ਦਾ ਛੱਕਾ ਬਹੁਤ ਕੁਝ ਕਹਿ ਰਿਹਾ ਹੈ। (Mary Kom)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।