74 ਵੇਂ ਸੁਤੰਤਰਤਾ ਦਿਵਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਲਹਿਰਾਇਆ ਕੌਮੀ ਤਿਰੰਗਾ
ਬਠਿੰਡਾ, (ਸੁਖਜੀਤ ਮਾਨ) ਮੁਲਕ ਦੇ 74ਵੇਂ ਸੁਤੰਤਰਤਾ ਦਿਵਸ ਮੌਕੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਸਥਿਤ ਹਾਕੀ ਸਟੇਡੀਅਮ ਵਿਖੇ ਕੌਮੀ ਤਿਰੰਗਾ ਝੰਡਾ ਲਹਿਰਾਇਆ। ਇਸ ਉਪਰੰਤ ਉਨਾਂ ਨੇ ਪੰਜਾਬ ਪੁਲਿਸ ਦੀ ਟੁਕੜੀ ਤੋਂ ਸਲਾਮੀ ਲਈ ਅਤੇ ਉੱਥੇ ਮੌਜੂਦ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਆਜ਼ਾਦੀ ਦੇ ਸੰਗਰਾਮ ਵਿਚ ਆਪਣਾ ਕੁਰਬਾਨੀਆਂ ਦੇਣ ਵਾਲੇ ਤੇ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਹਾਨ ਸੂਰਬੀਰ ਯੋਧਿਆਂ ਨੂੰ ਯਾਦ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਹ ਆਜ਼ਾਦੀ ਸਾਨੂੰ ਬਹੁਤ ਹੀ ਲੰਮੇ ਅਰਸੇ ਬਾਅਦ ਮਿਲੀ ਹੈ।
ਆਜ਼ਾਦੀ ਸਾਨੂੰ ਮੂੰਗਫ਼ਲੀਆਂ ਜਾਂ ਰਿਊੜੀਆਂ ਵੱਟੇ ਨਹੀਂ ਮਿਲੀ ਇਸ ਬਦਲੇ ਅਨੇਕਾ ਮਹਾਨ ਸੂਰਬੀਰਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਸਨ। ਉਨਾਂ ਇਹ ਵੀ ਯਾਦ ਕਰਵਾਇਆ ਕਿ ਸੂਰਬੀਰ ਯੋਧਿਆਂ ਦੇ ਡੁੱਲੇ ਖੂਨ ਦੇ ਇੱਕ-ਇੱਕ ਕਿਣਕੇ ਨੂੰ ਕਦੇ ਵੀ ਮਨੋ ਨਹੀਂ ਵਿਸਾਰਿਆ ਜਾ ਸਕਦਾ ਜਿਨਾਂ ਕਰਕੇ ਹੀ ਅੱਜ ਸਾਨੂੰ ਆਜ਼ਾਦੀ ਦੀਆਂ ਠੰਡੀਆਂ ਹਵਾਵਾਂ ਨਸੀਬ ਹੋ ਰਹੀਆਂ ਹਨ। ਇਸ ਮੌਕੇ ਸ. ਬਾਦਲ ਨੇ ਇਹ ਵੀ ਕਿਹਾ ਕਿ ਇਨਾਂ ਸ਼ਹੀਦਾਂ ਸਦਕਾ ਅਸੀਂ ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈ ਰਹੇ ਹਾਂ ਤੇ ਸਾਡੇ ਮੁਲਕ ਦੇ ਲੋਕ ਕਦੇ ਵੀ ਸਾਡੇ ਸ਼ਹੀਦਾਂ ਦਾ ਕਰਜ਼ਾ ਨਹੀਂ ਮੋੜ ਸਕਦੇ।
ਇਸ ਉਪਰੰਤ ਸ. ਬਾਦਲ ਨੇ ਅਡਵਾਂਸ ਲਾਇਫ਼ ਸਪੋਟ (ਏ.ਐਲ.ਐਸ.) ਐਂਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨਾਂ ਨਾਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ, ਆਈਜੀ ਜਸਕਰਨ ਸਿੰਘ, ਜ਼ਿਲਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ. ਅਗਰਵਾਲ, ਮਾਰਕਿਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ, ਅਰੁਣ ਵਧਾਵਨ, ਖ਼ੁਸ਼ਬਾਜ ਸਿੰਘ ਜਟਾਣਾ, ਪਵਨ ਮਾਨੀ, ਅਨਿਲ ਭੋਲਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ ਜਨਰਲ ਮੈਡਮ ਮਨਿੰਦਰਜੀਤ ਕੌਰ, ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਤੋਂ ਇਲਾਵਾ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਮਰਚਾਰੀ ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ