ਸ਼ਹੀਦ ਕਿਸਾਨਾਂ ਨਾਲ ਭੇਦਭਾਵ ਸਹਿਣ ਨਹੀਂ, ਕੁਰਬਾਨੀਆਂ ਦਾ ਸਨਮਾਨ ਕਰੇ ਸਰਕਾਰ: ਸੰਧਵਾਂ

Martyred farmers

ਆਮ ਆਦਮੀ ਪਾਰਟੀ ਨੇ ਕੈਪਟਨ ’ਤੇ ਕਿਸਾਨਾਂ ਨਾਲ ਭੇਦਭਾਵ ਕਰਨ ਦੇ ਲਾਏ ਦੋਸ਼

ਕਿਸਾਨ ਅੰਦੋਲਨ ਵਿੱਚ 600 ਤੋਂ ਜ਼ਿਆਦਾ ਕਿਸਾਨ ਹੋਏ ਸ਼ਹੀਦ, ਫਿਰ 127 ਨੂੰ ਹੀ ਨੌਕਰੀ ਕਿਉਂ?

ਸਾਰੇ ਕਿਸਾਨਾਂ ਦਾ ਕਰਜ਼ਾ ਕੀਤਾ ਜਾਵੇ ਮੁਆਫ਼, ਸ਼ਹੀਦ ਵਿਧਾਇਕਾਂ ਦੇ ਵਾਰਸਾਂ ਦੀ ਤਰਜ਼ ’ਤੇ ਸਰਕਾਰ ਕਿਸਾਨਾਂ ਦੇ ਵਾਰਸਾਂ ਨੂੰ ਵੀ ਦੇਵੇ ਨੌਕਰੀ

ਅਸ਼ਵਨੀ ਚਾਵਲਾ, ਚੰਡੀਗੜ । ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸ਼ਹੀਦ ਕਿਸਾਨ ਪਰਿਵਾਰਾਂ ਨਾਲ ਨੌਕਰੀਆਂ ਦੇਣ ਲਈ ਕੀਤਾ ਜਾ ਰਿਹਾ ਭੇਦਭਾਵ ਸਹਿਣ ਨਹੀਂ ਕੀਤਾ ਜਾਵੇਗਾ, ਇਸ ਲਈ ਸਰਕਾਰ ਸਾਰੇ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦੇਣ ਦਾ ਪ੍ਰਬੰਧ ਕਰੇ। ਇਹ ਐਲਾਨ ਕਰਦਿਆਂ ‘ਆਪ’ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਸਰਕਾਰ ਵੱਲੋਂ ਕੁੱਝ ਚੋਣਵੇਂ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੇ ਫ਼ੈਸਲੇ ਨੂੰ ਗਲਤ ਅਤੇ ਭੇਦਭਾਵ ਵਾਲਾ ਕਰਾਰ ਦਿੱਤਾ ਹੈ।

ਆਪ ਸੰਧਵਾਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਵਿੱਚ 600 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੈਪਟਨ ਸਰਕਾਰ ਕੇਵਲ 127 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਨੌਕਰੀ ਦੇਣ ਦਾ ਐਲਾਨ ਕਰ ਰਹੀ ਹੈ। ਜੋ ਸ਼ਹੀਦ ਕਿਸਾਨਾਂ ਦਾ ਅਪਮਾਨ ਹੈ ਆਮ ਅਦਾਮੀ ਪਾਰਟੀ ਸ਼ਹੀਦ ਕਿਸਾਨਾਂ ਨਾਲ ਭੇਦਭਾਵ ਸਹਿਣ ਨਹੀਂ ਕਰੇਗੀ ਅਤੇ ਸਰਕਾਰ ਨੂੰ ਸ਼ਹੀਦ ਕਿਸਾਨਾਂ ਦਾ ਮਾਣ ਸਨਮਾਨ ਬਰਾਬਰ ਕਰਨਾ ਚਾਹੀਦਾ ਹੈ।

ਵਿਧਾਇਕ ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਕਿਸ ਆਧਾਰ ’ਤੇ ਸ਼ਹੀਦ ਮੰਨੇ ਗਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੇਵਾਦਾਰ ਜਾਂ ਕਲਰਕ ਦੀ ਨੌਕਰੀ ਦਿੱਤੀ ਜਾ ਰਹੀ, ਜਦੋਂ ਕਿ ਕੈਪਟਨ ਸਰਕਾਰ ਸ਼ਹੀਦ ਮੰਨੇ ਗਏ ਕਾਂਗਰਸੀ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਡੀ.ਐਸ.ਪੀ ਅਤੇ ਨਾਇਬ ਤਹਿਸੀਲਦਾਰ ਵਰਗੇ ਵੱਡੇ ਅਹੁਦਿਆਂ ’ਤੇ ਬਿਠਾ ਰਹੀ ਹੈ। ਸ਼ਹੀਦ ਕਿਸਾਨਾਂ ਦੇ ਪਰਿਵਾਰ ਮੈਂਬਰਾਂ ਨਾਲ ਇਹ ਨਾਇਨਸਾਫ਼ੀ ਕਿਉਂ?

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।