ਕੁਠਾਲੇ ਦਾ ਸ਼ਹੀਦੀ ਸਾਕਾ: ਜਦੋਂ ਅਦਨੇ ਹਲ਼ ਵਾਹਕ ਕਿਰਤੀਆਂ ਨੇ ਨਵਾਬੀ ਫੌਜਾਂ ਦੇ ਮੂੰਹ ਮੋੜੇ

ਕੁਠਾਲੇ ਦਾ ਸ਼ਹੀਦੀ ਸਾਕਾ: ਜਦੋਂ ਅਦਨੇ ਹਲ਼ ਵਾਹਕ ਕਿਰਤੀਆਂ ਨੇ ਨਵਾਬੀ ਫੌਜਾਂ ਦੇ ਮੂੰਹ ਮੋੜੇ

ਗੁਲਾਮ ਭਾਰਤ ਵਿੱਚ ਅੰਗਰੇਜ਼ ਹੁਕਮਰਾਨਾਂ ਨੇ ਦੇਸੀ ਰਾਜੇ-ਮਹਾਰਾਜਿਆਂ ਤੇ ਨਵਾਬਾਂ ਨੂੰ ਆਪਣੇ ਅਧੀਨ ਕਰਕੇ ਭਾਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ। ਇਸ ਰਿਆਸਤੀ ਰਾਜ ਪ੍ਰਬੰਧ ਅੰਦਰ ਆਪਣੇ ਅੰਗਰੇਜ਼ ਮਾਲਕਾਂ ਨੂੰ ਖੁਸ਼ ਕਰਨ ਲਈ ਇਨ੍ਹਾਂ ਰਾਜਿਆਂ ਤੇ ਨਵਾਬਾਂ ਨੇ ਹਰ ਤਰ੍ਹਾਂ ਦੀ ਜਨਤਕ ਬਗਾਵਤ ਨੂੰ ਬੜੀ ਹੀ ਬੇਰਹਿਮੀ ਨਾਲ ਕੁਚਲਿਆ।

ਰਿਆਸਤਾਂ ਵਿੱਚੋਂ ਮਲੇਰਕੋਟਲਾ ਦੇ ਨਵਾਬ ਦੇ ਜ਼ੁਲਮਾਂ ਦੀਆਂ ਕਹਾਣੀਆਂ ਭਾਵੇਂ ਅਜ਼ਾਦੀ ਸੰਗਰਾਮ ਦੇ ਕਿਸੇ ਇਤਿਹਾਸ ਦਾ ਉੱਘੜਵਾਂ ਹਿੱਸਾ ਨਹੀਂ ਬਣ ਸਕੀਆਂ ਪਰ ਇਸ ਰਿਆਸਤ ਦੇ ਪਿੰਡ ਕੁਠਾਲਾ ਦੀਆਂ ਕੰਧਾਂ ਤੇ ਦਰਵਾਜਿਆਂ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਨਵਾਬੀ ਜ਼ੁਲਮਾਂ ਦੀਆਂ ਦਰਦਨਾਕ ਯਾਦਾਂ ਨੂੰ ਬਿਆਨ ਕਰ ਰਹੇ ਹਨ।

ਜਦ ਬਜਬਜ ਘਾਟ, ਜੈਤੋ, ਗੰਗਸਰ, ਨਨਕਾਣਾ ਸਾਹਿਬ ਤੇ ਜਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕਿਆਂ ਨੇ ਲੋਕਾਂ ਨੂੰ ਭੈਅਭੀਤ ਕਰ ਰੱਖਿਆ ਸੀ ਤਾਂ ਸੇਵਾ ਸਿੰਘ ਠੀਕਰੀਵਾਲਾ ਨੇ ਰਿਆਸਤੀ ਕਿਸਾਨ ਘੋਲਾਂ ਨੂੰ ਨਵੀਂ ਸੇਧ ਦਿੱਤੀ। ਮਲੇਰਕੋਟਲਾ ਦੇ ਨਵਾਬ ਸਰ ਅਹਿਮਦ ਅਲੀ ਖਾਨ ਨੇ ਆਪਣੇ ਅੰਗਰੇਜ ਮਾਲਕਾਂ ਨੂੰ ਖੁਸ਼ ਕਰਨ ਲਈ ਰਿਆਸਤ ਦੇ ਕਿਰਤੀਆਂ ਸਿਰ ਟੈਕਸਾਂ ਦਾ ਵਾਧੂ ਬੋਝ ਲੱਦ ਦਿੱਤਾ। ਬੇਸ਼ੱਕ ਸਿੱਖ ਇਤਿਹਾਸਕਾਰ ਸਰਹਿੰਦ ਸਾਕੇ ਵਿੱਚ ਨਵਾਬ ਮਲੇਰਕੋਟਲਾ ਵੱਲੋਂ ਹਾਅ ਦਾ ਨਾਅਰਾ ਮਾਰਨ ਦੇ ਅਹਿਸਾਨ ਵਜੋਂ ਨਵਾਬ ਦੇ ਗੱਦੀਨਸ਼ੀਨ ਨਵਾਬਾਂ ਦੇ ਜ਼ੁਲਮਾਂ ਤੋਂ ਅੱਖਾਂ ਮੀਟਦੇ ਰਹੇ ਪਰੰਤੂ ਮਲੇਰਕੋਟਲਾ ਰਿਆਸਤ ਦੇ ਲੋਕ ਅੱਜ ਵੀ ਨਵਾਬੀ ਜ਼ੁਲਮਾਂ ਨੂੰ ਯਾਦ ਕਰਕੇ ਕੰਬ ਉੱਠਦੇ ਹਨ।

ਨਵਾਬੀ ਕਾਨੂੰਨ ਮੁਤਾਬਕ ਕੋਈ ਵੀ ਕਿਸਾਨ ਜ਼ਮੀਨ ਦਾ ਮਾਲਕ ਨਹੀਂ ਸੀ। ਨਵਾਬ ਰਿਆਸਤ ਦੀ ਜ਼ਮੀਨ ਦਾ ‘ਮਾਲਕ ਆਲ੍ਹਾ’ ਸੀ ਤੇ ਹਲ਼ਵਾਹਕ ਕਿਸਾਨ ‘ਅਦਨਾ ਮਾਲਕ’ ਮੰਨੇ ਜਾਂਦੇ ਸਨ। ਹਰ ਤਰ੍ਹਾਂ ਦੀ ਜਾਇਦਾਦ ਵੇਚਣ ਤੋਂ ਪਹਿਲਾਂ ਨਵਾਬ ਦੀ ਮਨਜ਼ੂਰੀ ਲਾਜ਼ਮੀ ਸੀ। ਵੇਚੀ ਗਈ ਜਾਇਦਾਦ ਦੀ ਵੱਟਤ ‘ਚੋਂ ਅੱਧਾ ਹਿੱਸਾ ਨਵਾਬੀ ਖਜ਼ਾਨੇ ‘ਚ ਜਮ੍ਹਾ ਕਰਵਾਉਣਾ ਪੈਂਦਾ ਸੀ। ਆਪਣੇ ਅੰਗਰੇਜ ਮਾਲਕਾਂ ਤੋਂ ਸ਼ਾਬਾਸ਼ ਲੈਣ ਲਈ ਧੱਕੇ ਨਾਲ ਫੌਜ ਵਿੱਚ ਭਰਤੀ ਕੀਤੇ ਪੇਂਡੂ ਨੌਜਵਾਨਾਂ ਦੇ ਜੰਗ ਵਿੱਚ ਮਾਰੇ ਜਾਣ ਪਿੱਛੋਂ ਉਨ੍ਹਾਂ ਦੀਆਂ ਜਾਇਦਾਦਾਂ ਲਾਵਾਰਸ ਕਰਾਰ ਦੇ ਕੇ ਨਿਲਾਮ ਕਰ ਦਿੱਤੀਆਂ ਜਾਂਦੀਆਂ।

ਜ਼ੈਲਦਾਰੀਆਂ ਤੇ ਨੰਬਰਦਾਰੀਆਂ ਸ਼ਰੇਆਮ ਬੋਲੀ ਕਰਕੇ ਵੇਚੀਆਂ ਜਾਂਦੀਆਂ। ਨਵਾਬ ਦੀਆਂ ਨਿੱਤ ਰੋਜ਼ ਧੱਕੇਸ਼ਾਹੀਆਂ ਨੇ ਕਿਸਾਨਾਂ ਨੂੰ ਲਾਮਬੰਦ ਹੋਣ ਲਈ ਮਜਬੂਰ ਕਰ ਦਿੱਤਾ।   ਜਨਵਰੀ 10, 1926 ਨੂੰ ਮਲੇਰਕੋਟਲਾ ਰਿਆਸਤ ਦੇ ਕਿਸਾਨ ਆਗੂਆਂ ਨੇ ਪਿੰਡ ਕੁਠਾਲਾ ਵਿਖੇ ਮੀਟਿੰਗ ਦੌਰਾਨ ਜਿਮੀਂਦਾਰਾ ਕਮੇਟੀ ਨਾਂਅ ਦੀ ਜਥੇਬੰਦੀ ਗਠਿਤ ਕਰਕੇ ਜਥੇਦਾਰ ਰਤਨ ਸਿੰਘ ਚੀਮਾ ਨੂੰ ਇਸ ਦਾ ਕਨਵੀਨਰ ਥਾਪ ਦਿੱਤਾ। ਸ. ਸੇਵਾ ਸਿੰਘ ਠੀਕਰੀਵਾਲਾ ਦੀਆਂ ਹਿਦਾਇਤਾਂ ‘ਤੇ ਜਿਮੀਂਦਾਰਾ ਕਮੇਟੀ ਨੇ ਪਿੰਡ-ਪਿੰਡ ਜਲਸੇ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਇਸ ਕਮੇਟੀ ਨਾਲ ਜੋੜ ਲਿਆ। ਕਿਸਾਨਾਂ ਦੀ ਇਸ ਬੇਮਿਸਾਲ ਲਾਮਬੰਦੀ ਨੇ ਨਵਾਬਸ਼ਾਹੀ ਦੀ ਨੀਂਦ ਉਡਾ ਦਿੱਤੀ।

ਮਈ 15, 1926 ਨੂੰ ਜਿਮੀਂਦਾਰਾ ਕਮੇਟੀ ਦੀ ਬਕਾਇਦਾ ਚੋਣ ਕਰਕੇ ਜਥੇਦਾਰ ਨਰੈਣ ਸਿੰਘ ਕੁਠਾਲਾ ਨੂੰ ਪ੍ਰਧਾਨ ਤੇ ਜਥੇਦਾਰ ਦਿਆ ਸਿੰਘ ਕੁਠਾਲਾ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਇਸੇ ਹੀ ਦਿਨ ਨਵਾਬ ਨੇ ਵੀ ਇੱਕ ਆਦੇਸ਼ ਜਾਰੀ ਕਰਕੇ ਕਿਸਾਨਾਂ ਨੂੰ ਮਾਮੂਲੀ ਜ਼ਮੀਨੀ ਹੱਕ ਦੇਣ ਦਾ ਐਲਾਨ ਕਰ ਦਿੱਤਾ। ਪਰੰਤੂ ਜਿਮੀਂਦਾਰਾ ਕਮੇਟੀ ਦੇ ਆਗੂਆਂ ਨੇ ਨਵਾਬੀ ਹੁਕਮ ਨੂੰ ਕਿਸਾਨਾਂ ਨਾਲ ਧੋਖਾ ਤੇ ਝੂਠ ਦਾ ਪੁਲੰਦਾ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰਕੇ ਨਵਾਬਸ਼ਾਹੀ ਖਿਲਾਫ ਲੰਮੇ ਘੋਲ ਦਾ ਐਲਾਨ ਕਰ ਦਿੱਤਾ।

ਬਰਤਾਨਵੀ ਮਾਲਕਾਂ ਦੀ ‘ਪਾੜੋ ਤੇ ਰਾਜ ਕਰੋ’ ਨੀਤੀ ‘ਤੇ ਚੱਲਦੇ ਹੋਏ ਨਵਾਬ ਨੇ ਪਿੰਡਾਂ ਵਿੱਚ ਆਪਣੇ ਟੋਡੀ ਲੋਕ ਇਕੱਠੇ ਕਰਕੇ ਨੈਸ਼ਨਲ ਜਿਮੀਂਦਾਰਾ ਕਮੇਟੀ ਦੇ ਨਾਂਅ ਹੇਠ ਗੁੰਡਾ ਗਿਰੋਹ ਬਣਾ ਲਿਆ। ਇਸ ਗਿਰੋਹ ਦੇ ਮੈਂਬਰਾਂ ਨੂੰ ਹਰ ਤਰ੍ਹਾਂ ਦੇ ਧੱਕੇ ਤੇ ਲੁੱਟ-ਖੋਹ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ। ਪਿੰਡਾਂ ਅੰਦਰ ਜਿਮੀਂਦਾਰਾ ਕਮੇਟੀ ਦੇ ਜੁਝਾਰੂਆਂ ਅਤੇ ਨੈਸ਼ਨਲ ਕਮੇਟੀ ਦੇ ਗੁੰਡਿਆਂ ਵਿਚਕਾਰ ਸਿੱਧੇ ਟਕਰਾ ਹੋਣ ਲੱਗੇ। ਲੋਕਾਂ ਨੇ ਨੈਸ਼ਨਲ ਕਮੇਟੀ ਵਾਲਿਆਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ।

ਨਵਾਬੀ ਜ਼ੁਲਮਾਂ ਦੇ ਸਤਾਏ ਕਿਸਾਨਾਂ ਨੇ ਜਿਮੀਂਦਾਰਾ ਕਮੇਟੀ ਰਾਹੀਂ ਸਾਰੀ ਦਰਦ ਭਰੀ ਦਾਸਤਾਨ ਵਾਇਸਰਾਏ ਹਿੰਦ ਨੂੰ ਸ਼ਿਮਲੇ ਲਿਖ ਭੇਜੀ ਜਿਸ ਦੇ ਜ਼ਵਾਬ ਵਿੱਚ 10 ਮਈ 1927 ਨੂੰ ਕਰਨਲ ਐਚ. ਬੀ. ਸੈਂਟਜਾਨ ਨੇ ਉਸ ਵੇਲੇ ਦੇ ਪ੍ਰਸਿੱਧ ਕਿਸਾਨ ਆਗੂ ਤੇ ਇਤਿਹਾਸਕਾਰ ਗਿਆਨੀ ਕੇਹਰ ਸਿੰਘ ਚੱਕ ਨੂੰ ਲਿਖਤੀ ਤੌਰ ‘ਤੇ ਸੂਚਿਤ ਕਰਕੇ ਜਿਮੀਂਦਾਰਾ ਕਮੇਟੀ ਨੂੰ ਪੂਰੇ ਸਬੂਤਾਂ ਤੇ ਗਵਾਹਾਂ ਸਮੇਤ 31 ਜੁਲਾਈ 1927 ਨੂੰ ਸ਼ਿਮਲੇ ਵਾਇਸਰਾਏ ਨਾਲ ਮੁਲਾਕਾਤ ਕਰਨ ਦਾ ਸੱਦਾ  ਦੇ ਦਿੱਤਾ।

ਇਸੇ ਮੁਲਾਕਾਤ ਦੀ ਤਿਆਰੀ ਲਈ 17 ਜੁਲਾਈ 1927 ਨੂੰ ਰਿਆਸਤ ਦੇ ਮੋਢੀ ਕਿਸਾਨ ਆਗੂਆਂ ਨੇ ਇੱਕ ਮੀਟਿੰਗ ਪਿੰਡ ਕੁਠਾਲਾ ਵਿਖੇ ਬੁਲਾ ਲਈ। ਗਿਆਨੀ ਕੇਹਰ ਸਿੰਘ ਚੱਕ ਤੇ ਪੰਡਤ ਬਚਨ ਸਿੰਘ ਘਨੌਰ ਵੱਲੋਂ ਤਿਆਰ ਕੀਤਾ ਵਾਇਸਰਾਏ ਨੂੰ ਦਿੱਤਾ ਜਾਣ ਵਾਲਾ ਮੈਮੋਰੰਡਮ ਇਸ ਮੀਟਿੰਗ ਵਿੱਚ ਪੜ੍ਹ ਕੇ ਅੰਤਿਮ ਰੂਪ ਦਿੱਤਾ ਜਾਣਾ ਸੀ। ਇਸ ਮੀਟਿੰਗ ਦੀ ਸੂਹ ਪਿੰਡ ਦੇ ਬਾਈਕਾਟੀਆਂ ਰਾਹੀਂ ਨਵਾਬ ਨੂੰ ਮਿਲ ਗਈ। ਅੰਗਰੇਜ ਮਾਲਕਾਂ ਅੱਗੇ ਬਦਨਾਮੀ ਦੇ ਡਰੋਂ ਨਵਾਬ ਨੇ ਕਿਸਾਨਾਂ ਨੂੰ ਸ਼ਿਮਲੇ ਜਾਣੋਂ ਰੋਕਣ ਦੇ ਸਾਰੇ ਅਧਿਕਾਰ ਆਪਣੇ ਅਹਿਲਕਾਰ ਚੌਧਰੀ ਸੁਲਤਾਨ ਅਹਿਮਦ ਨੂੰ ਸੌਂਪ ਕੇ ਆਪ ਪਹਿਲੋਂ ਹੀ ਸ਼ਿਮਲੇ ਵਾਇਸਰਾਏ ਹਿੰਦ ਦੇ ਚਰਨੀਂ ਜਾ ਬੈਠਾ।

ਨਵਾਬੀ ਪੁਲਿਸ ਨੇ ਰਾਤੋ-ਰਾਤ ਛਾਪੇ ਮਾਰ ਕੇ  ਚੋਟੀ ਦੇ ਕਿਸਾਨ ਆਗੂਆਂ ਪੰਡਤ ਬਚਨ ਸਿੰਘ ਘਨੌਰ, ਸੇਵਾ ਸਿੰਘ ਬਾਪਲਾ, ਪੰਡਤ ਬਿਜਲਾ ਸਿੰਘ ਦਰਦੀ, ਜਥੇਦਾਰ ਦਿਆ ਸਿੰਘ ਕੁਠਾਲਾ,  ਸ. ਗੰਡਾ ਸਿੰਘ ਕੁੱਪ, ਗਿਆਨੀ ਕੇਹਰ ਸਿੰਘ ਚੱਕ ਤੇ ਜਥੇਦਾਰ ਤ੍ਰਿਲੋਕ ਸਿੰਘ ਕੁਠਾਲਾ ਨੂੰ ਗ੍ਰਿਫਤਾਰ ਕਰਕੇ ਰਹਿਮਤਗੜ੍ਹ ਦੇ ਕਿਲੇ ‘ਚ ਨਜਰਬੰਦ ਕਰ ਦਿੱਤਾ।

ਭਾਈ ਜੀਵਾ ਸਿੰਘ ਕੇਲੋਂ ਤੇ ਹੌਲਦਾਰ ਕਿਸ਼ਨ ਸਿੰਘ ਕੁਠਾਲਾ ਨੂੰ ਜਿਮੀਂਦਾਰਾ ਕਮੇਟੀ ਦੇ ਮਲੇਰਕੋਟਲਾ ਦਫਤਰ ‘ਚੋਂ ਗ੍ਰਿਫਤਾਰ ਕਰਕੇ ਦਫਤਰ ‘ਚ ਪਿਆ ਸਾਰਾ ਰਿਕਾਰਡ ਫੂਕ ਦਿੱਤਾ ਗਿਆ। ਬਾਅਦ ਵਿੱਚ ਗ੍ਰਿਫਤਾਰ ਕੀਤੇ ਸਾਰੇ ਕਿਸਾਨ ਆਗੂਆਂ ਨੂੰ 20-20 ਸਾਲ ਸਖਤ ਕੈਦ ਤੇ ਇੱਕ-ਇੱਕ ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।   ਜਨਰਲ ਮੇਹਰ ਮੁਹੰਮਦ, ਕਰਨਲ ਹਿਯਾਤ ਮੁਹੰਮਦ, ਸੂਬੇਦਾਰ ਅਕਬਰ ਖਾਂ ਤੇ ਅਸਿਸਟੈਂਟ ਸਰਜਨ ਡਾ. ਪਰਸ਼ੋਤਮ ਦਾਸ ਦੀ ਕਮਾਨ ਹੇਠ ਭਾਰੀ ਫੌਜੀ ਲਸ਼ਕਰ ਨੇ 17 ਜੁਲਾਈ 1927 ਨੂੰ ਦੁਪਹਿਰੇ ਇੱਕ ਵਜੇ ਪਿੰਡ ਕੁਠਾਲੇ ਨੂੰ ਘੇਰਾ ਪਾ ਲਿਆ।

ਘੋੜ ਸਵਾਰ ਫੌਜੀ ਪਿੰਡ ਦੀਆਂ ਗਲੀਆਂ ‘ਚ ਗਸ਼ਤ ਕਰਨ ਲੱਗੇ। ਬਿਨਾਂ ਕਿਸੇ ਅਗਾਊਂ ਚਿਤਾਵਨੀ ਦੇ ਨਵਾਬੀ ਫੌਜਾਂ ਨੇ ਭੂਦਨ ਵਾਲੇ ਦਰਵਾਜੇ ਕੋਲ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਰੇ ਪਿੰਡ ‘ਚ ਭਾਜੜ ਪੈ ਗਈ। ਲੋਕਾਂ ਨੂੰ ਘਰਾਂ ‘ਚੋਂ ਕੱਢ-ਕੱਢ ਕੇ ਤਸ਼ੱਦਦ ਕੀਤਾ ਜਾਣ ਲੱਗਾ। ਰਾਤ ਦੇ ਅੱਠ ਵਜੇ ਤੱਕ ਰਜਵਾੜਾਸ਼ਾਹੀ ਦਾ ਜੁਲਮ ਨਿਹੱਥੇ ਕੁਠਾਲਾ ਵਾਸੀਆਂ ‘ਤੇ ਹੁੰਦਾ ਰਿਹਾ।

ਇਸ ਖੂਨੀ ਕਾਂਡ ਵਿੱਚ 18 ਕਿਸਾਨ ਮੌਕੇ ‘ਤੇ ਹੀ ਸ਼ਹੀਦ ਕਰ ਦਿੱਤੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਟਾਂਗਿਆਂ ਵਿੱਚ ਲੱਦ ਕੇ ਮਲੇਰਕੋਟਲੇ ਕੂਕਿਆਂ ਦੇ ਕੱਲਰ ‘ਚ ਮਿੱਟੀ ਦਾ ਤੇਲ ਪਾ ਕੇ ਫੂਕ ਦਿੱਤੀਆਂ। ਜਿਮੀਂਦਾਰਾ ਕਮੇਟੀ ਦੀ ਪੜਤਾਲੀਆ ਰਿਪੋਰਟ ਮੁਤਾਬਕ 120 ਕਿਸਾਨ ਗੰਭੀਰ ਫੱਟੜ ਹੋਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਹੀ ਗੱਡਿਆਂ ‘ਚ ਪਾ ਕੇ ਲੁਧਿਆਣੇ ਹਸਪਤਾਲ ਪਹੁੰਚਾਇਆ। ਸੈਂਕੜੇ ਪਸ਼ੂ ਘਰਾਂ ਦੀ ਚਾਰ ਦਿਵਾਰੀ ‘ਚ ਕਿੱਲਿਆਂ ਨਾਲ ਬੱਧੇ ਹੀ ਗੋਲੀਆਂ ਨਾਲ ਵਿੰਨ੍ਹ ਦਿੱਤੇ ਗਏ।

ਔਰਤਾਂ ‘ਤੇ ਵੀ ਜ਼ੁਲਮ ਢਾਹਿਆ ਗਿਆ ਕੁਠਾਲਾ ਸਾਜਿਸ਼ ਕੇਸ ਦੇ ਨਾਂਅ ਹੇਠ 168 ਕਿਸਾਨਾਂ ਉੱਪਰ ਮੁਕੱਦਮੇਂ ਦਰਜ ਕਰਕੇ ਨਵਾਬੀ ਤਸੀਹਾ ਕੇਂਦਰਾਂ ‘ਚ ਅੰਨ੍ਹਾ ਤਸ਼ੱਦਦ ਕੀਤਾ ਗਿਆ। ਦੂਜੇ ਪਾਸੇ ਨੈਸ਼ਨਲ ਕਮੇਟੀ ਦੇ ਮੈਂਬਰਾਂ ਨੂੰ ਨਵਾਬ ਦੀ ਮੱਦਦ ਕਰਨ ਬਦਲੇ ਨੰਬਰਦਾਰੀਆਂ ਤੇ ਜਗੀਰਾਂ ਬਖਸ਼ ਕੇ ਸਨਮਾਨਿਆ ਗਿਆ। ਸ਼ਹੀਦ ਹੋਏ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ।
ਕੁਠਾਲਾ,  
ਮਲੇਰਕੋਟਲਾ (ਸੰਗਰੂਰ)  
ਪਰਮਜੀਤ ਸਿੰਘ ਕੁਠਾਲਾ
ਮੋ. 98153-47904

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ