
ਇੱਕ ਵਿਦਵਾਨ ਦਾ ਕਥਨ ਹੈ ਕਿ ਅਜ਼ਾਦੀ ਇੱਕ ਨਿਆਮਤ ਹੈ ਤੇ ਗੁਲਾਮੀ ਇੱਕ ਲਾਹਨਤ ਹੈ | ਪੰਜਾਬ ਦੇ ਜੰਮਪਲ ਸਾਡੇ ਜਿੰਨੇ ਵੀ ਸ਼ਹੀਦਾਂ ਤੇ ਯੋਧਿਆਂ ਨੇ ਸਾਡੇ ਦੇਸ਼ ਦੀ ਇਸ ਗੁਲਾਮੀ ਨੂੰ ਇੱਥੋਂ ਕੱਢਣ ਲਈ ਅਤੇ ਅਜ਼ਾਦੀ ਨੂੰ ਲਿਆਉਣ ਲਈ ਜੰਗੇ ਅਜ਼ਾਦੀ ਦਾ ਸੰਘਰਸ਼ ਲੜਿਆ ਉਸ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੇ ਕੁਰਬਾਨੀ ਤੇ ਤਿਆਗ ਭਰੇ ਸੰਦੇਸ਼ ਜ਼ਰੂਰ ਪ੍ਰੇਰਨਾ ਸਰੋਤ ਸਾਬਤ ਹੋਏ |
ਇਨ੍ਹਾਂ ਮਹਾਨ ਸੰਦੇਸ਼ਾਂ ਤੋਂ ਪ੍ਰੇਰਣਾ ਲੈ ਕੇ ਹੀ ਸਾਡੇ ਅਜ਼ਾਦੀ ਪ੍ਰਵਾਨਿਆਂ ਨੇ ਆਪਣੇ ਜੀਵਨ ਕੁਰਬਾਨ ਕਰ ਦਿੱਤੇ ਅਤੇ ਇਸੇ ਤਿਆਗ ਦੀ ਭਾਵਨਾ ਵਜੋਂ ਹੀ ਸ੍ਰ. ਊਧਮ ਸਿੰਘ ਨੇ ਕਿਹਾ ਸੀ ਕਿ, ”ਮੇਰੀ ਜਵਾਨੀ ਮੇਰੇ ਦੇਸ਼ ਦੀ ਮਿੱਟੀ ਤੇ ਅੰਨ-ਜਲ ਤੋਂ ਬਣੀ ਹੈ ਜੋ ਦੇਸ਼ ਦੀ ਹੀ ਅਮਾਨਤ ਹੈ, ਮੈਂ ਇਸ ਨੂੰ ਬਚਾਉਣ ਲਈ ਦੇਸ਼ ਦੀ ਅਜ਼ਾਦੀ ਤੇ ਗੌਰਵ ਨਾਲ ਸਮਝੌਤਾ ਨਹੀਂ ਕਰ ਸਕਦਾ | ਸੋ ਮੈਂ ਭਾਰਤ ਦੀ ਅਜ਼ਾਦੀ ਦਾ ਝੰਡਾ ਬੁਲੰਦ ਕਰਨ ਲਈ ਫਾਂਸੀ ਦਾ ਫੰਦਾ ਗਲ ਵਿੱਚ ਪਾ ਕੇ ਵੀ ਬੜਾ ਸੰਤੁਸ਼ਟ ਹੋਵਾਂਗਾ ਕਿਉਂਕਿ ਮੈਨੂੰ ਜਲਿਆਂ ਵਾਲੇ ਬਾਗ ਦੀ ਪਵਿੱਤਰ ਮਿੱਟੀ ਹਮੇਸ਼ਾ ਪ੍ਰੇਰਨਾ ਦਿੰਦੀ ਹੈ |”
Shaheed Udham Singh
ਸ. ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਉਸਦੇ ਜਨਮ ਸਥਾਨ ਸੁਨਾਮ ਊਧਮ ਸਿੰਘ ਵਾਲਾ (ਪੰਜਾਬ) ਵਿਖੇ ਬਣੀ ਉਸ ਦੀ ਯਾਦਗਰ ਉੱਤੇ ਮਨਾਇਆ ਜਾਂਦਾ ਹੈ ਜਿੱਥੇ ਊਧਮ ਸਿੰਘ ਦੀਆਂ ਅਸਥੀਆਂ, ਜੋ ਲੰਦਨ ਤੋਂ 1972 ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਪੂਰੇ ਸਰਕਾਰੀ ਸਨਮਾਨਾਂ ਨਾਲ ਲੈ ਕੇ ਆਏ ਸਨ ਤੇ ਫਿਰ ਇੱਥੇ ਹੀ ਸਸਕਾਰ ਵੀ ਕਰ ਦਿੱਤਾ ਗਿਆ ਸੀ | ਪ੍ਰਸੰਸਾ ਦੇ ਪਾਤਰ ਹਨ ਸਾਡੇ ਉਹ ਇਤਿਹਾਸਕ ਵਿਦਵਾਨ ਜੋ ਸ. ਊਧਮ ਸਿੰਘ ਅਤੇ ਹੋਰ ਸ਼ਹੀਦਾਂ ਪ੍ਰਤੀ ਵੱਡਮੁੱਲੀ ਜਾਣਕਾਰੀ ਖੋਜ ਭਰਪੂਰ ਲਿਖਤਾਂ ਰਾਹੀਂ ਦਿੰਦੇ ਹਨ ਕਿ ਕਿਵੇਂ ਅੰਗਰੇਜ਼ ਸਾਮਰਾਜ ਦੀ ਲੰਮੀ ਗੁਲਾਮੀ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਅਸੀਂ ਅੱਜ ਆਜ਼ਾਦੀ ਨਾਲ ਰਹਿ ਰਹੇ ਹਾਂ |
ਅਜਿਹੇ ਹੀ ਇੱਕ ਇਤਿਹਾਸਕਾਰ ਪ੍ਰੋਫੈਸਰ ਸਿਕੰਦਰ ਸਿੰਘ ਨੇ ਊਧਮ ਸਿੰਘ ਦੇ ਜੀਵਨ ਬਾਰੇ ਬੜੀ ਅਹਿਮ ਖੋਜ ਭਰੀ ਜਾਣਕਾਰੀ ਦਿੱਤੀ ਹੈ | ਉਹ ਲਿਖਦੇ ਹਨ ਕਿ ਜਲਿ੍ਹਆਂ ਵਾਲੇ ਬਾਗ ਕਤਲੇਆਮ ਦੇ ਮੁੱਖ ਦੋਸ਼ੀ ਸਾਬਕਾ ਲੈਫ: ਗਵਰਨਰ ਜਨਰਲ ਓਡਵਾਇਰ ਪੰਜਾਬ ਨੂੰ ਚਿੱਟੇ ਦਿਨ ਅੰਗਰੇਜ਼ ਅਹਿਲਕਾਰਾਂ ਨਾਲ ਭਰੇ ਤੇ ਪੂਰੀ ਪੁਲਿਸ ਸੁਰੱਖਿਆ ਨਾਲ ਲੈਸ ਕੈਕਸਟਨ ਹਾਲ ਲੰਦਨ ਵਿੱਚ ਪਿਸਤੌਲ ਦੀਆਂ ਗੋਲੀਆਂ ਨਾਲ ਮਾਰ ਦੇਣ ਵਾਲੇ ਊਧਮ ਸਿੰਘ ਦੀ ਜੀਵਨ ਖੋਜ ਤੋਂ ਪਤਾ ਲੱਗਾ ਹੈ ਕਿ ਉਸ ਦਾ ਵਿਆਹ ਵੀ ਹੋਇਆ ਸੀ ਅਤੇ ਉਸ ਦੇ ਦੋ ਪੁੱਤਰ ਵੀ ਸਨ |
ਉਹ ਲਿਖਦੇ ਹਨ ਕਿ ਇਹ ਪ੍ਰਗਟਾਵਾ ਚੀਫ਼ ਖਾਲਸਾ ਦੀਵਾਨ ਦੇ ਯਤੀਮਖਾਨਾ ਅੰਮਿ੍ਤਸਰ, ਜਿੱਥੇ ਊਧਮ ਸਿੰਘ 12 ਸਾਲ ਰਹੇ ਸਨ, ਤੋਂ ਮਿਲੇ ਉਨ੍ਹਾਂ ਦਸਤਾਵੇਜ਼ਾਂ ਤੋਂ ਹੋਇਆ ਹੈ ਜੋ ਉਸ ਯਤੀਮਖਾਨੇ ਨੂੰ 1927 ਵਿੱਚ ਅੰਮਿ੍ਤਸਰ ਦੇ ਏ ਡਵੀਜਨ ਥਾਣੇ ਤੋਂ ਮਿਲੇ ਸਨ ਜਿੱਥੇ ਪਹਿਲਾਂ ਊਧਮ ਸਿੰਘ ਵਿਰੁੱਧ ਕੇਸ ਦਰਜ ਹੋਇਆ ਸੀ | ਇਸ ਸੰਸਥਾ ਨੇ ਅਜਿਹੇ ਦਸਤਾਵੇਜ਼ਾਂ ਅਤੇ ਹੋਰ ਯਾਦਾਂ ਨੂੰ ਊਧਮ ਸਿੰਘ ਦੇ ਕਮਰੇ ਵਿੱਚ ਲਾਉਣ ਦੀ ਯੋਜਨਾ ਬਣਾਈ ਸੀ |
ਪਟਿਆਲਾ ਜ਼ਿਲੇ੍ਹ ਦੇ ਪਾਤੜਾਂ ਸ਼ਹਿਰ ਦੇ ਸਰਕਾਰੀ ਕਾਲਜ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਰਹੇ ਸਿਕੰਦਰ ਸਿੰਘ ਨੇ ਪੀਐਚਡੀ ਵੀ ਸ. ਊਧਮ ਸਿੰਘ ਦੇ ਜੀਵਨ ਉੱਤੇ ਕੀਤੀ ਹੈ | ਇਸ ਖੋਜ ਤੋਂ ਬਾਅਦ ਉਨ੍ਹਾਂ ਨੇ 1998 ਵਿੱਚ ਇਸ ਬਾਰੇ ਇੱਕ ਕਿਤਾਬ ਲਿਖੀ ਜਿਸ ਵਿੱਚ ਉਨ੍ਹਾਂ ਨੇ ਊਧਮ ਸਿੰਘ ਬਾਰੇ ਲੰਦਨ ਵਿਖੇ ਕਈ ਦਹਾਕਿਆਂ ਤੋਂ ਫ਼ਾਇਲਾਂ ‘ਚ ਦੱਬੇ ਕਈ ਅਹਿਮ ਭੇਦ ਖੋਲ੍ਹਣ ਦਾ ਦਾਅਵਾ ਕੀਤਾ ਹੈ | ਇਸ ਕਿਤਾਬ ਵਿੱਚ ਉਨ੍ਹਾਂ ਲਿਖਿਆ ਹੈ ਕਿ ਲਗਾਤਾਰ 10 ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਕਿਤਾਬ ਪੂਰੀ ਹੋਈ ਹੈ |
ਉਨ੍ਹਾਂ ਨੇ 1988 ਨੂੰ ਖੋਜ ਕਾਰਜ ਸ਼ੁਰੂ ਕਰਦਿਆਂ ਨੈਸ਼ਨਲ ਆਰਕਾਈਵਜ਼ ਦਿੱਲੀ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ ਸੀ ਅਤੇ 1992 ਵਿੱਚ ਇਸ ਮਾਮਲੇ ਨਾਲ ਸਬੰਧਤ 4 ਫ਼ਾਇਲਾਂ ਵੇਖਣ ਦੀ ਉਸ ਨੂੰ ਆਗਿਆ ਮਿਲੀ | ਇਸ ਦੌਰਾਨ ਇਸ ਖੋਜਕਾਰ ਨੇ ਪਬਲਿਕ ਰਿਕਾਰਡ ਆਫਿਸ ਲੰਦਨ, ਫੌਰਨ ਐਂਡ ਕਾਮਨਵੈਲਥ ਆਫਿਸ ਲੰਦਨ ਅਤੇ ਪੈਂਟਨ ਵਿਲਾ ਜੇਲ੍ਹ (ਜਿੱਥੇ ਊਧਮ ਸਿੰਘ ਕੈਦ ਰਹੇ ਸਨ) ਦੇ ਗਵਰਨਰ ਅਤੇ ਹੋਰਨਾਂ ਨਾਲ ਸੰਪਰਕ ਕੀਤਾ | ਇੰਨ੍ਹਾਂ ਸਰੋਤਾਂ ਤੋਂ ਵੱਡੀ ਗਿਣਤੀ ‘ਚ ਪ੍ਰਾਪਤ ਹੋਏ ਦਸਤਾਵੇਜ਼ਾਂ ਦੇ ਅਧਾਰ ‘ਤੇ ਉਨ੍ਹਾਂ ਨੇ ਇਹ ਕਿਤਾਬ ਲਿਖੀ |
ਇਸ ਲੇਖਕ ਨੇ ਇੱਕ ਨਾਮਵਰ ਭਾਰਤੀ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਫਰਵਰੀ 1922 ਨੂੰ ਊਧਮ ਸਿੰਘ ਕੈਲੇਫ਼ੋਰਨੀਆ (ਅਮਰੀਕਾ) ਵਿਖੇ ਗਿਆ ਸੀ | ਜਿੱਥੇ ਉਸ ਨੇ ਉੱਥੋਂ ਦੀ ਹੁੱਡਸਨ ਗੈਰਜ ਦੇ ਮਕੈਨੀਕਲ ਸੈਕਸ਼ਨ ਵਿਚ ਨੌਕਰੀ ਸ਼ੁਰੂ ਕੀਤੀ | ਇੱਕ ਇਤਿਹਾਸਕਾਰ ਨੇ ਤਾਂ ਇਹ ਵੀ ਲਿਖਿਆ ਹੈ ਕਿ ਊਧਮ ਸਿੰਘ ਇੰਜੀਨੀਅਰਿੰਗ ਦੇ ਡਿਗਰੀ ਹੋਲਡਰ ਸਨ | ਉੱਥੇ ਉਸ ਦਾ ਮੇਲ ਇੱਕ ਕ੍ਰਾਂਤੀਕਾਰੀ ਲਲੂਪੀ ਨਾਂਅ ਦੀ ਲੜਕੀ ਨਾਲ ਹੋਇਆ, ਜਿਸ ਨਾਲ ਊਧਮ ਸਿੰਘ ਨੇ 1923 ਵਿੱਚ ਲੌਂਗਬੀਚ (ਯੂ.ਐਸ.ਏ) ਜਾ ਕੇ ਵਿਆਹ ਕਰਵਾ ਲਿਆ ਤੇ ਉੱਥੇ ਹੀ ਊਧਮ ਸਿੰਘ ਨੇ ਇੱਕ ਕੰਪਨੀ ਦੇ ਹਵਾਬਾਜ਼ੀ ਵਿਭਾਗ ਵਿੱਚ ਨੌਕਰੀ ਕਰ ਲਈ ਸੀ | ਊਧਮ ਸਿੰਘ ਗਦਰ ਪਾਰਟੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ, ਇਸੇ ਕਾਰਨ ਪਾਰਟੀ ਨੇ ਇੱਕ ਖਾਸ ਕ੍ਰਾਂਤੀਕਾਰੀ ਮਕਸਦ ਲਈ ਉਸ ਨੂੰ ਦਸੰਬਰ 1924 ਵਿੱਚ ਨਿਊਯਾਰਕ ਭੇਜਿਆ ਸੀ |
Shaheed Udham Singh
ਇਹ ਵੀ ਪਤਾ ਲੱਗਾ ਹੈ ਕਿ ਉਸ ਦੀ ਪਤਨੀ ਲਲੂਪੀ ਦੀ ਕੁੱਖੋਂ ਦੋ ਪੁੱਤਰ ਪੈਦਾ ਹੋਏ ਸਨ ਤੇ ਊਧਮ ਸਿੰਘ ਇਸ ਪਰਿਵਾਰ ਸਮੇਤ ਲੈਕਸਿੰਗਟੋਨ ਐਵੀਨਿਊ ਵਿੱਚ 1927 ਤੱਕ ਰਹੇ ਸਨ | ਪ੍ਰੋ. ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਦਸੰਬਰ 2006 ਤੋਂ ਫਰਵਰੀ 2007 ਤੱਕ ਫਿਰ ਸ. ਊਧਮ ਸਿੰਘ ਅਤੇ ਉਸ ਦੇ ਪਰਿਵਾਰ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਅਮਰੀਕਾ ਰਹੇ ਜਿੱਥੇ ਉਸ ਨੂੰ ਕਲੇਰਮੈਂਟ ਵਾਸੀ ਨੌਜਵਾਨ ਲੀਓ ਨੇ ਦੱਸਿਆ ਕਿ ਊਧਮ ਸਿੰਘ ਦੇ ਪੁੱਤਰ 1932 ਵਿੱਚ ਕਲੇਰਮੈਂਟ ਦੇ ਸੈਕਰਮੈਂਟੋ ਸਕੂਲ ਵਿੱਚ ਉਸ ਦੇ ਹਮਜਮਾਤੀ ਰਹੇ |
ਲੀਓ ਨੇ ਹੋਰ ਦੱਸਿਆ ਕਿ ਇਨ੍ਹਾਂ ਲੜਕਿਆਂ ਦੀ ਮਾਂ ਲਲੂਪੀ ਦੀ ਮੌਤ 1935 ਤੋਂ ਪਹਿਲਾਂ ਹੋ ਗਈ ਸੀ, ਜਿਸ ਉਪਰੰਤ ਲਲੂਪੀ ਦੇ ਇਹ ਦੋਵੇਂ ਪੁੱਤਰ ਆਪਣੀ ਮਾਂ ਦੇ ਇੱਕ ਨਜ਼ਦੀਕੀ ਰਿਸ਼ੇਤਦਾਰ ਨਾਲ ਐਰੀਜ਼ੋਨਾ (ਯੂਐਸਏ) ਵਿਖੇ ਚਲੇ ਗਏ ਸਨ | ਪ੍ਰੋ. ਸਿੰਕਦਰ ਸਿੰਘ ਨੇ ਕਿਹਾ ਕਿ ਬਿਰਧ ਅਵਸਥਾ ਨੂੰ ਪਹੁੰਚ ਚੁੱਕੇ ਸ. ਊਧਮ ਸਿੰਘ ਦੇ ਦੋਹਾਂ ਪੁੱਤਰਾਂ ਦਾ ਅਮਰੀਕਾ ਵਿਚ ਹੀ ਹੋਣ ਦਾ ਪਤਾ ਲੱਗਾ ਹੈ ਅਤੇ ਉਹ ਉਨ੍ਹਾਂ ਨਾਲ ਸੰਪਰਕ ਕਰਨ ਲਈ ਯਤਨਸ਼ੀਲ ਹੈ |
ਇਸੇ ਤਰ੍ਹਾਂ ਇੱਕ ਹੋਰ ਇਤਿਹਾਸਕਾਰ ਨੇ ਇੱਕ ਵਿਅਕਤੀ ਫੁੰਮਣ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲਿਖਿਆ ਹੈ ਕਿ ਫੁੰਮਣ ਸਿੰਘ ਊਧਮ ਸਿੰਘ ਦੇ ਕਸਬਾ ਸੁਨਾਮ ਦਾ ਹੀ ਵਾਸੀ ਸੀ ਤੇ ਉਹ ਸਿਪਾਹੀ ਵਜੋਂ ਰਿਟਾਇਰ ਹੋਇਆ ਸੀ | ਉਸ ਨੇ ਊਧਮ ਸਿੰਘ ਨਾਲ ਬਿਤਾਈ ਆਪਣੀ ਹੱਡਬੀਤੀ ਦੱਸੀ ਹੈ ਕਿ ਊਧਮ ਸਿੰਘ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਜਦੋਂ ਲੰਦਨ ਗਿਆ ਸੀ ਤਾਂ ਉਸ ਦੇ ਨਾਲ ਹੀ ਕਮਰੇ ਵਿੱਚ ਨਾਂਅ ਬਦਲ ਕੇ ਰਾਮ ਮੁਹੰਮਦ ਸਿੰਘ ਅਜ਼ਾਦ ਵਜੋਂ ਰਹਿੰਦਾ ਰਿਹਾ ਤੇ ਹੌਲੀ-ਹੌਲੀ ਉਸ ਨੇ ਪੰਜਾਬ ਦੇ ਸਾਬਕਾ ਗਵਰਨਰ ਅਤੇ ਜਲਿਆਂ ਵਾਲੇ ਬਾਗ ਦੀ ਕਤਲੋ ਗਾਰਤ ਦੇ ਦੋਸ਼ੀ ਮਾਈਕਲ ਓਡਵਾਇਰ ਨਾਲ ਨੇੜਤਾ ਬਣਾ ਲਈ ਸੀ ਜਿਸ ਕਾਰਨ ਹੀ ਮਾਈਕਲ ਓਡਵਾਇਰ ਨੇ ਊਧਮ ਸਿੰਘ ਨੂੰ ਲੰਦਨ ਦੇ ਕੈਕਸਟਨ ਹਾਲ ਵਿਖੇ ਹੋਣ ਵਾਲੇ ਸਮਾਗਮ ਲਈ ਸੱਦਾ ਦਿੱਤਾ ਸੀ |
Shaheed Udham Singh
ਫੁੰਮਣ ਸਿੰਘ ਨੇ ਦੱਸਿਆ ਕਿ ਉਹ ਗੱਡੀ ਵਿੱਚ ਊਧਮ ਸਿੰਘ ਨੂੰ ਨਾਲ ਬਿਠਾ ਕੇ ਲੈ ਗਿਆ ਸੀ ਤੇ ਊਧਮ ਸਿੰਘ ਵੱਲੋਂ ਕੈਕਸਟਨ ਹਾਲ ਵਿੱਚ ਦਾਖਲ ਹੋਣ ਉਪਰੰਤ ਉਸ ਨੇ ਬਾਹਰ ਕਾਰ ਵਿੱਚ ਬੈਠ ਕੇ ਉਸ ਦੀ ਉਡੀਕ ਵੀ ਕੀਤੀ ਸੀ | ਕੈਕਸਟਨ ਹਾਲ ਵਿੱਚ ਮਾਈਕਲ ਫਰਾਂਸੀਸ ਓਡਵਾਈਰ ਸਮੇਤ ਉਸ ਦੇ 3 ਅੰਗਰੇਜ਼ ਅਫ਼ਸਰਾਂ, ਮਾਰਕੁਆਸ ਆਫ ਜੈਟਲੈਂਡ, ਲੂਈਸ ਡੇਨ ਤੇ ਲਾਰਡ ਲਮਿੰਗਟਨ ੳੁੱਤੇ 6 ਗੋਲੀਆਂ ਦਾਗਣ ਉਪਰੰਤ ਮਾਈਕਲ ਓਡਵਾਇਰ ਨੂੰ ਮਾਰ ਦਿੱਤਾ ਸੀ | ਊਧਮ ਸਿੰਘ ਦੇ ਪਿਸਤੌਲ ਵਿੱਚ ਕੁੱਝ ਗੋਲੀਆਂ ਬਾਕੀ ਵੀ ਸਨ ਤੇ ਉਸ ਕੋਲ ਚਾਕੂ ਵੀ ਸੀ, ਉਹ ਚਾਹੁੰਦਾ ਤਾਂ ਕਿਸੇ ਹੋਰ ਨੂੰ ਵੀ ਮਾਰ ਸਕਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ ਤੇ ਲਲਕਾਰ ਕੇ ਕਿਹਾ, ”ਮੈਂ ਆਪਣਾ ਮਕਸਦ ਪੂਰਾ ਕਰ ਲਿਆ ਹੈ, ਮੈਂ ਭੱਜਾਂਗਾ ਨਹੀਂ ਮੈਨੂੰ ਗਿ੍ਫਤਾਰ ਕਰ ਲਓ |”
ਉਪਰੋਕਤ ਇਤਿਹਾਸ ਤੋਂ ਸਾਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਸ. ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਅਜ਼ਾਦ ਧਰਮ ਨਿਰਪੱਖ ਇਨਸਾਨ, ਅਟੱਲ ਇਰਾਦੇ ਅਤੇ ਦਿ੍ੜ ਵਿਸ਼ਵਾਸ ਵਾਲਾ ਦੇਸ਼ ਭਾਗਤ ਸੀ ਜੋ ਆਪਣੇ ਨਿੱਜ ਨਾਲੋਂ ਦੇਸ਼ ਕੌਮ ਦੇ ਹਿੱਤਾਂ ਨੂੰ ਜ਼ਿਆਦਾ ਉੱਤਮ ਸਮਝਦਾ ਸੀ |
ਇੱਕ ਸਧਾਰਨ ਪਰਿਵਾਰ ਵਿੱਚ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਸ਼ਹਿਰ ਵਿੱਚ ਜਨਮ ਲੈਣ ਵਾਲੇ ਸ. ਊਧਮ ਸਿੰਘ ਦੇ ਮਨ ਵਿੱਚ ਦੇਸ਼ ਭਗਤੀ ਦੀ ਸੁਲਘਦੀ ਚਿੰਗਾਰੀ ਨੇ ਭਾਂਬੜ ਦਾ ਰੂਪ ਉਦੋਂ ਧਾਰ ਲਿਆ ਜਦੋਂ ਊਧਮ ਸਿੰਘ ਨੇ 13 ਅਪਰੈਲ 1919 ਨੂੰ ਜਲਿਆਂ ਵਾਲੇ ਬਾਗ ਦਾ ਖੂਨੀ ਕਾਂਡ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਜਿਸ ਵਿੱਚ ਸ਼ਹੀਦ ਹੋਏ ਬੇਦੋਸ਼ੇ ਭਾਰਤ ਵਾਸੀਆਂ ਦੀ ਲਹੂ ਭਿੱਜੀ ਮਿੱਟੀ ਦੀ ਸਹੁੰ ਖਾ ਕੇ ਜੋ ਇਸ ਜ਼ੁਲਮ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ ਉਸ ਵਿੱਚ ਵੀ ਅਪਣੇ ਯਤੀਮਪੁਣੇ ਨੂੰ ਊਧਮ ਸਿੰਘ ਨੇ ਰੋੜਾ ਨਹੀਂ ਬਣਨ ਦਿੱਤਾ | ਇਸ ਸਹੁੰ ਦੀ ਪੂਰਤੀ ਲਈ ਵਿਦੇਸ਼ਾਂ ਵਿੱਚ ਵੱਖ-ਵੱਖ ਪੜਾਵਾਂ ਰਾਹੀਂ ਸੰਘਰਸ਼ ਕਰਦੇ ਹੋਏ ਅਖੀਰ 21 ਸਾਲ ਬਾਅਦ 13 ਮਾਰਚ 1940 ਨੂੰ ਓਡਵਾਇਰ ਨੂੰ ਮਾਰ ਕੇ ਬਦਲਾ ਲੈ ਲਿਆ ਸੀ ਜਿਸ ਕਾਰਨ ਹੋਈ ਫਾਂਸੀ ਉਪਰੰਤ 31 ਜੁਲਾਈ 1940 ਨੂੰ ਇਹ ਮਹਾਨ ਯੋਧਾ ਫਾਂਸੀ ਦੇ ਤਖ਼ਤੇ ‘ਤੇ ਸ਼ਹੀਦੀ ਜਾਮ ਪੀ ਗਿਆ |
ਦਲਬੀਰ ਸਿੰਘ ਧਾਲੀਵਾਲ
ਪਟਿਆਲਾ | ਮੋ. 86993-22704