ਤਰੁਣ ਕੁਮਾਰ ਸ਼ਰਮਾ/ਨਾਭਾ। ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ‘ਚ ਪਿਛਲੇ ਦਿਨੀਂ ਮੁੜ ਸ਼ਹਿਨਾਈਆਂ ਵੱਜੀਆਂ ਹਨ ਕੁੱਝ ਹਫ਼ਤੇ ਪਹਿਲਾਂ ਵੀ ਜ਼ੇਲ੍ਹ ‘ਚ ਹੋਈ ਇੱਕ ਸ਼ਾਦੀ ਸੁਰਖੀਆਂ ‘ਚ ਆਈ ਸੀ ਜਦੋਂ ਮਨਦੀਪ ਸਿੰਘ ਨਾਮੀ ਇੱਕ ਗੈਂਗਸਟਰ ਕੈਦੀ ਦੀ ‘ਲਾਵਾਂ ਫੇਰਿਆਂ’ ਦੀ ਰਸਮ ਨਿਭਾ ਕੇ ਸ਼ਾਦੀ ਕਰਵਾਈ ਗਈ ਸੀ ਹੁਣ ਤਾਜ਼ਾ ਸ਼ਾਦੀ ਇੱਕ ਸਜ਼ਾ ਅਧੀਨ ਮੁਸਲਿਮ ਕੈਦੀ ਦੀ ਹੋਈ ਹੈ, ਜਿਸਦਾ ਮੁਸਲਿਮ ਰੀਤੀ-ਰਿਵਾਜ਼ਾਂ ਨੂੰ ਨਿਭਾਉਂਦਿਆਂ ਨਿਕਾਹ ਕਰਵਾਇਆ ਗਿਆ ਹੈ। ਲਾੜਾ ਅਤੇ ਲਾੜੀ ਦੋਵੇਂ ਮਾਲੇਰਕੋਟਲਾ ਦੇ ਵਾਸੀ ਦੱਸੇ ਜਾ ਰਹੇ ਹਨ।
ਇਸ ਨਿਕਾਹਨਾਮੇ ਦਾ ਮੁਹੰਮਦ ਵਸੀਮ ਨਾਮੀ ਲਾੜਾ ਮੌਜੂਦਾ ਸਮੇਂ ਥਾਣਾ ਅਮਰਗੜ੍ਹ ਜਿਲ੍ਹਾ ਸੰਗਰੂਰ ਵਿਖੇ ਸਾਲ 2010 ਵਿੱਚ ਕਤਲ ਦੇ ਮਾਮਲੇ ਵਿੱਚ ਸਜ਼ਾ ਅਧੀਨ ਹੈ ਜੋ ਕਿ ਕੁੱਝ ਸਮਾਂ ਪਹਿਲਾਂ ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਸੀ। ਮਾਣਯੋਗ ਹਾਈਕੋਰਟ ਨੇ ਉਸ ਦਾ ਵੀ ਵਿਆਹ ਜੇਲ੍ਹ ਅੰਦਰ ਹੀ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। ਨਿਕਾਹ ਸਮੇਂ ਕੁੱਲ 8 ਬੰਦਿਆਂ ਦੀ ਹਾਜ਼ਰੀ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਅਨੁਸਾਰ ਦੋਨੋਂ ਪਰਿਵਾਰਾਂ ਦੇ ਮੈਂਬਰਾਂ ਅਤੇ ਮੌਲਵੀ ਦੀ ਅਗਵਾਈ ਵਿੱਚ ਇਹ ਨਿਕਾਹ ਪੜ੍ਹਿਆ ਗਿਆ। ਹਾਈਕੋਰਟ ਦੇ ਆਦੇਸ਼ਾਂ ਅਧੀਨ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੇ ਆਸ-ਪਾਸ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਸਨ, ਜਿਸ ਨੂੰ ਵੇਖ ਕੇ ਸ਼ਹਿਰ ਵਾਸੀਆਂ ਵਿੱਚ ਜੇਲ੍ਹ ਸੰਬੰਧੀ ਚਰਚਾਵਾਂ ਦੇ ਦੌਰ ਸ਼ੁਰੂ ਹੋ ਗਏ। ਦੂਜੇ ਪਾਸੇ ਇਸੇ ਜੇਲ੍ਹ ਵਿੱਚ ਸੰਪੰਨ ਹੋਈ ਪਹਿਲੀ ਸ਼ਾਦੀ ਵਾਂਗ ਹੀ ਨਿਕਾਹ ਲਈ ਲਾੜੀ ਸੱਜ-ਧੱਜ ਕੇ ਆਪਣੇ ਸਕੇ-ਸੰਬੰਧੀਆਂ ਨਾਲ ਜੇਲ੍ਹ ਅੰਦਰ ਗਈ ਜਿਸ ਤੋਂ ਬਾਦ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੁਸਲਿਮ ਜੋੜੇ ਦਾ ਨਿਕਾਹ ਜੇਲ੍ਹ ਦੀ ਡਿਊਢੀ ਅੰਦਰ ਹੀ ਸੰਪੰਨ ਕਰਵਾਇਆ ਗਿਆ।
ਕੈਦੀਆਂ ਅਤੇ ਹਵਾਲਾਤੀਆਂ ਦੀ ਮਾਨਸਿਕਤਾ ਬਦਲਣ ਲਈ ਸ਼ਲਾਘਾਯੋਗ ਕਾਰਵਾਈ: ਗੌੜ
ਜੇਲ੍ਹ ਅੰਦਰ ਹੀ ਕੈਦੀਆਂ ਅਤੇ ਹਵਾਲਾਤੀਆਂ ਦੀ ਮਾਨਸਿਕਤਾ ਬਦਲਣ ਲਈ ਇਹ ਚੰਗੀ ਕਾਰਵਾਈ ਹੈ ਜਿਸ ਨੂੰ ਸਮਾਜ ਦੇ ਹਰ ਵਰਗ ਦੇ ਬੁੱਧੀਜੀਵੀਆਂ ਨੇ ਸਰਾਹਿਆ ਹੈ। ਜੇਲ੍ਹ ਮੈਨੂਅਲ ‘ਤੇ ਪੀਐਚਡੀ ਕਰਨ ਵਾਲੇ ਡਾ. ਮਨਦੀਪ ਗੌੜ ਨੇ ਕਿਹਾ ਕਿ ਕੁਆਰੇ ਕੈਦੀ ਜਾਂ ਹਵਾਲਾਤੀਆਂ ਦੇ ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣ ‘ਤੇ ਉਨ੍ਹਾਂ ਦੀਆਂ ਪਾਰਿਵਾਰਕ ਜਿੰਮੇਵਾਰੀਆਂ ਵਧ ਜਾਣਗੀਆਂ ਜਿਸ ਨਾਲ ਕੈਦੀ ਜਾਂ ਹਵਾਲਾਤੀ ਕਿਸੇ ਵੀ ਜ਼ੁਰਮ ਵਿੱਚ ਆਪਣੀ ਜਿੰਦਗੀ ਦਾ ਬਿਹਤਰੀਨ ਸਮਾਂ ਜੇਲ੍ਹਾਂ ਵਿੱਚ ਗੁਜ਼ਾਰਨ ਦੀ ਬਜਾਏ ਚੰਗਾ ਸਮਾਜਿਕ ਜੀਵਨ ਜੀਣ ਨੂੰ ਪਹਿਲ ਦੇਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕੁੱਝ ਹੋਰ ਸਮਾਜਿਕ ਕਦਮ ਚੁੱਕੇ ਜਾਣਾ ਸਮੇਂ ਦੀ ਮੰਗ ਹੈ ਜਿਸ ਨਾਲ ਜੇਲ੍ਹਾਂ ਅੰਦਰੋਂ ਕੈਦੀਆਂ ਜਾਂ ਹਵਾਲਾਤੀਆਂ ਦੀ ਤਾਦਾਦ ਘਟਦੀ ਜਾਵੇਗੀ ਜੋ ਕਿ ਸਮਾਜ ਲਈ ਚੰਗਾ ਸੰਕੇਤ ਹੋਵੇਗਾ।
ਹਾਈਕੋਰਟ ਦੇ ਹੁਕਮਾਂ ‘ਤੇ ਕੀਤੀਆਂ ਸੀ ਤਿਆਰੀਆਂ: ਸੁਪਰਡੈਂਟ
ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਲੜਕੀ ਵਾਲਿਆਂ ਨੇ ਨਿਕਾਹ ਸਬੰਧੀ ਹਾਈਕੋਰਟ ਵੱਲੋਂ ਜਾਰੀ ਕੀਤੇ ਆਦੇਸ਼ ਉਨ੍ਹਾਂ ਨੂੰ ਦਿੱਤੇ ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਜੇਲ੍ਹ ਪ੍ਰਸ਼ਾਸਨ ਨੇ ਨਿਕਾਹ ਸਬੰਧੀ ਤਿਆਰੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਜੇਲ੍ਹ ਦੀ ਡਿਊਢੀ ਵਿੱਚ ਨਿਕਾਹ ਕਰਵਾਇਆ ਜਾ ਰਿਹਾ ਹੈ। ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।