ਹਜ਼ਾਰਾਂ ਦੀ ਗਿਣਤੀ ‘ਚ ਮਰਦ ਤੇ ਔਰਤਾਂ ਵੱਲੋਂ ਅਨਾਜ ਮੰਡੀ ਤੋਂ ਗੁਰਦੁਆਰਾ ਦੁੱਖ ਨਿਵਾਰਨ ਚੌਂਕ ਤੱਕ ਮਾਰਚ
ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਅੱਜ ਵੱਡੀ ਗਿਣਤੀ ਦਲਿਤਾਂ ਵੱਲੋਂ ਨਜ਼ੂਲ ਜ਼ਮੀਨਾਂ ਦੇ ਮਾਲਕਾਨਾ ਹੱਕ, ਪੰਚਾਇਤੀ ਜ਼ਮੀਨਾਂ ਵਿਚੋਂ ਤੀਸਰਾ ਹਿੱਸਾ 99 ਸਾਲਾਂ ਪਟੇ ‘ਤੇ ਦੇਣ, ਲੋੜਵੰਦ ਪਰਿਵਾਰਾਂ ਲਈ ਰਿਹਾਇਸ਼ੀ ਪਲਾਟਾਂ ਦਾ ਪ੍ਰਬੰਧ ਕਰਕੇ ਉਸਾਰੀ ਲਈ ਗ੍ਰਾਂਟ ਜਾਰੀ ਕਰਨ ਤੇ ਸੰਘਰਸ਼ ਦੌਰਾਨ ਆਗੂਆਂ ‘ਤੇ ਦਰਜ ਸਾਰੇ ਝੂਠੇ ਕੇਸ ਰੱਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਅਨਾਜ ਮੰਡੀ ‘ਚ ਰੈਲੀ ਕਰਨ ਉਪਰੰਤ ਗੁਰਦੁਆਰਾ ਦੁੱਖ ਨਿਵਾਰਨ ਚੌਂਕ ਤੱਕ ਮਾਰਚ ਕਰਕੇ ਜਾਮ ਲਗਾਇਆ ਗਿਆ।
ਇਸ ਮੌਕੇ ਸੀਨੀਅਰ ਆਗੂ ਗੁਰਮੁੱਖ ਸਿੰਘ ਅਤੇ ਬਲਵਿੰਦਰ ਜਲੂਰ, ਜ਼ਿਲ੍ਹਾ ਆਗੂ ਪਰਮਜੀਤ ਕੌਰ ਤੇ ਮਨਪ੍ਰੀਤ ਭੱਟੀਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਜ਼ਮੀਨ ਦੀ ਮੰਗ ਕਰਦੇ ਦਲਿਤਾਂ ‘ਤੇ ਜਬਰ ਢਾਹਿਆ ਗਿਆ ਸੀ, ਬਾਲਦ ਕਲਾਂ ਤੇ ਜਲੂਰ ਇਸਦੇ ਗਵਾਹ ਹਨ। ਉਸੇ ਨਕਸ਼ੇ ਕਦਮ ‘ਤੇ ਚੱਲਦਿਆਂ ਕਾਂਗਰਸ ਵੱਲੋਂ ਜਬਰ ਦਾ ਕੁਹਾੜਾ ਤੇਜ਼ ਕੀਤਾ ਗਿਆ ਹੈ।
ਕਾਂਗਰਸ ਵੱਲੋਂ ਸੱਤਾ ਵਿੱਚ ਆਉਂਦਿਆਂ ਹੀ ਦਲਿਤਾਂ ਨੂੰ ਮਿਲੀਆਂ ਸਹੂਲਤਾਂ ‘ਤੇ ਕੱਟ ਲਾਉਂਦਿਆਂ ਨਜ਼ੂਲ ਤੇ ਪੰਚਾਇਤੀ ਜ਼ਮੀਨਾਂ ਸਬੰਧੀ ਦਲਿਤਾਂ ਦੇ ਹੱਕ ‘ਚ ਜਾਰੀ ਨੋਟੀਫਿਕੇਸ਼ਨਾਂ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਵਿੱਚ ਕੀਤੇ ਵਾਅਦੇ ਮੁਤਾਬਿਕ ਨਾ ਪਲਾਟ ਦਿੱਤੇ ਗਏ ਨਾ ਘਰ-ਘਰ ਰੁਜ਼ਗਾਰ ਦਿੱਤਾ ਗਿਆ ਤੇ ਨਾ ਹੀ ਪੰਚਾਇਤੀ ਜ਼ਮੀਨ ਘੱਟ ਰੇਟ ਦਿੱਤੀ ਗਈ ਹੈ।
ਗੁਰਦੀਪ ਧੰਦੀਵਾਲ ਤੇ ਗੁਰਵਿੰਦਰ ਬੋੜਾਂ ਨੇ ਦੱਸਿਆ ਕਿ ਧਰਨੇ ਤੋਂ ਇੱਕ ਦਿਨ ਪਹਿਲਾਂ ਸਾਬਕਾ ਐੱਮ ਪੀ ਪਰਨੀਤ ਕੌਰ ਤੇ ਪੰਚਾਇਤੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਉਪਰੋਕਤ ਮੰਗਾਂ ਸਬੰਧੀ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ, ਜਿਸ ਕਾਰਨ ਦਲਿਤਾਂ ਨੂੰ ਸੰਘਰਸ਼ ਲਈ ਮਜ਼ਬੂਰ ਹੋਣਾ ਪਿਆ ਅੱਜ ਮਾਰਚ ਤੋਂ ਬਾਅਦ ਲਗਾਏ ਜਾਮ ਵਿੱਚ ਡਿਊਟੀ ਮੈਜਿਸਟਰੇਟ ਵੱਲੋਂ ਪਹੁੰਚ ਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨਾਲ ਦਸ ਦਿਨਾਂ ਦੇ ਅੰਦਰ ਮੀਟਿੰਗ ਕਰਵਾ ਕੇ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਗਿਆ।
ਅੰਤ ਵਿੱਚ ਆਗੂਆਂ ਨੇ ਕਿਹਾ ਕਿ ਜੇਕਰ ਦਲਿਤਾਂ ਦੀਆਂ ਉਪਰੋਕਤ ਮੰਗਾਂ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਰੇਲਾਂ ਤੇ ਸੜਕ ਮਾਰਗਾਂ ‘ਤੇ ਚੱਕਾ ਜਾਮ ਕੀਤਾ ਜਾਵੇਗਾ। ਰੈਲੀ ਨੂੰ ਜ਼ਿਲ੍ਹਾ ਆਗੂ ਗੁਰਪ੍ਰੀਤ ਖੇੜੀ, ਹਰਬੰਸ ਕੌਰ ਕੁਲਾਰਾਂ, ਸੁਖਵਿੰਦਰ ਹਥੋਆ, ਬਲਵੰਤ ਬਿਨਾਂਹੇੜੀ, ਅਜਾਇਬ ਸਿੰਘ ਕਾਮੀਕਲਾਂ ਅਤੇ ਜਗਦੇਵ ਸਿੰਘ ਚੌਂਦਾ ਨੇ ਸੰਬੋਧਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।