Mansa News: ਮਾਨਸਾ (ਸੁਖਜੀਤ ਮਾਨ)। ਮਾਨਸਾ ’ਚ ਲੰਘੇ ਦਿਨੀਂ ਪੈਸਟੀਸਾਈਡ ਵਪਾਰੀ ਵਿਨੀਤ ਕੁਮਾਰ ਦੀ ਦੁਕਾਨ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੇ ਵਿਰੋਧ ’ਚ ਅੱਜ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਕੀਤਾ ਗਿਆ ਹੈ। ਬੰਦ ਦਾ ਇਹ ਸੱਦਾ ਸ਼ਹਿਰ ਦੀਆਂ ਸਮਾਜਿਕ, ਵਪਾਰਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਦਿੱਤਾ ਗਿਆ ਸੀ। ਦੁਕਾਨਦਾਰਾਂ ਨੇ ਅੱਜ ਦੁਕਾਨਾਂ ਬੰਦ ਰੱਖ ਕੇ ਸੰਘਰਸ਼ ’ਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਗਟਾਇਆ।
ਵੇਰਵਿਆਂ ਮੁਤਾਬਿਕ ਮਾਨਸਾ ’ਚ ਕੱਲ੍ਹ ਇੱਕ ਮੋਟਰਸਾਈਕਲ ਸਵਾਰ ਦੋ ਅਣਪਛਾਤਿਆਂ ਨੇ ਗੁਰੂਦੁਆਰਾ ਚੌਂਕ ’ਚ ਸਥਿਤ ਪੈਸਟੀਸਾਈਡ ਵਪਾਰੀ ਵਿਨੀਤ ਕੁਮਾਰ ਦੀ ਦੁਕਾਨ ’ਤੇ ਗੋਲੀਆਂ ਚਲਾ ਦਿੱਤੀਆਂ ਸੀ। ਇਸ ਫਾਇਰਿੰਗ ਦੌਰਾਨ ਭਾਵੇਂ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਦੁਕਾਨ ਦੇ ਸ਼ੀਸ਼ੇ ਬੁਰੀ ਤਰ੍ਹਾਂ ਨੁਕਸਾਨੇ ਗਏ ਸੀ। ਹਮਲਾਵਾਰਾਂ ਨੂੰ ਬਜ਼ਾਰ ’ਚ ਲੋਕਾਂ ਨੇ ਫੜ੍ਹਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਗੋਲੀਆਂ ਚਲਾ ਕੇ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ।

Mansa News
ਸ਼ਹਿਰ ਵਾਸੀਆਂ ’ਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਕਿ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ ’ਤੇ ਹੀ ਪੁਲਿਸ ਸਟੇਸ਼ਨ ਹੈ ਅਤੇ ਭੀੜ ਭਰੇ ਇਲਾਕੇ ’ਚ ਹਮਲਾਵਰ ਬੇਖੌਫ ਹੋ ਕੇ ਗੋਲੀਆਂ ਚਲਾ ਗਏ ਤੇ ਪੁਲਿਸ ਨੂੰ ਹਾਲੇ ਤੱਕ ਉਨ੍ਹਾਂ ਦੀ ਕੋਈ ਭਿਣਕ ਨਹੀਂ ਪਈ। ਅੱਜ ਦੇ ਇਕੱਠ ’ਚ ਵੱਡੀ ਗਿਣਤੀ ਵਪਾਰੀਆਂ, ਦੁਕਾਨਦਾਰਾਂ, ਸਿਆਸੀ ਆਗੂਆਂ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੇ ਪੁਲਿਸ ਖਿਲਾਫ਼ ਵਰ੍ਹਦਿਆਂ ਕਿਹਾ ਕਿ ਜੇਕਰ ਆਮ ਲੋਕਾਂ ਦੀ ਜਾਨ-ਮਾਲ ਦੀ ਹੀ ਰਾਖੀ ਨਹੀਂ ਹੋ ਸਕਦੀ ਫਿਰ ਸਰਕਾਰਾਂ ਤੋਂ ਹੋਰ ਕੀ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ।
ਧਰਨੇ ’ਚ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਹਮਲੇ ਦੇ ਖਿਲਾਫ਼ ਲੜਾਈ ਜਾਰੀ ਰੱਖਣੀ ਪਵੇਗੀ ਤਾਂ ਹੀ ਕੋਈ ਕਾਰਵਾਈ ਹੋਵੇਗੀ। ਪ੍ਰਦਰਸ਼ਨਕਾਰੀ ਪੁਲਿਸ ਨੂੰ ਚਿਤਾਵਨੀ ਦੇਣ ਕਿ ਜੇਕਰ ਇੱਕ-ਦੋ ਦਿਨਾਂ ’ਚ ਹਮਲਾਵਰ ਗ੍ਰਿਫ਼ਤਾਰ ਨਾ ਕੀਤੇ ਤਾਂ ਫਿਰ ਇਕੱਲਾ ਮਾਨਸਾ ਨਹੀਂ ਨੇੜਲੇ ਸ਼ਹਿਰ ਵੀ ਬੰਦ ਕੀਤੇ ਜਾਣਗੇ ।
ਚੇੇਅਰਮੈੈਨ ਪੰਜਾਬ ਕਰਿਆਣਾ ਰਿਟੇਲਰਜ਼ ਐਸੋਸੀਏਸ਼ਨ ਪੰਜਾਬ ਤੇ ਪ੍ਰਧਾਨ ਰਿਟੇਲ ਕਰਿਆਣਾ ਐਸੋ. ਮਾਨਸਾ ਸ਼ੁਰੇਸ਼ ਨੰਦਗੜ੍ਹੀਆ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦੁੱਖ ਦੀ ਗੱਲ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਅਸੀਂ ਆਪਣੀਆਂ ਦੁਕਾਨਾਂ ’ਤੇ ਬੈਠੇ ਵੀ ਸੁਰੱਖਿਅਤ ਨਹੀਂ ਹਾਂ। ਉਨ੍ਹਾਂ ਅਪੀਲ ਕੀਤੀ ਕਿ ਬਿਨ੍ਹਾਂ ਕਿਸੇ ਸਿਆਸੀ ਵੈਰ-ਵਿਰੋਧ ਤੋਂ ਆਪਸੀ ਏਕਤਾ ਨਾਲ ਇਹ ਜੰਗ ਲੜਨੀ ਪਵੇਗੀ। ਕਾ. ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਇਸ ਘਟਨਾ ਕਾਰਨ ਲੋਕਾਂ ’ਚ ਡਰ ਅਤੇ ਦਹਿਸ਼ਤ ਦਾ ਮਹੌਲ ਹੈ, ਜੇਕਰ ਪੁਲਿਸ ਨੇ ਕੱਲ੍ਹ ਹੀ ਫੌਰ ’ਤੇ ਕਾਰਵਾਈ ਕੀਤੀ ਹੁੰਦੀ ਤਾਂ ਲੋਕਾਂ ਨੂੰ ਇਕੱਠੇ ਨਾ ਹੋਣਾ ਪੈਂਦਾ। ਧਰਨੇ ਦੌਰਾਨ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਬਿਕਰਮ ਸਿੰਘ ਮੋਫ਼ਰ ਤੇ ਬਲਕੌਰ ਸਿੰਘ ਮੂਸਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ’ਚ ਬੁਲਾਰਿਆਂ ਨੇ ਸੰਬੋਧਨ ਕੀਤਾ।
ਵਕੀਲਾਂ ਨੇ ਵੀ ਠੱਪ ਰੱਖਿਆ ਕੰਮ
ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਸ਼ਹਿਰ ’ਚ ਗੋਲੀ ਚੱਲਣ ਦੀ ਮੰਦਭਾਗੀ ਘਟਨਾ ਦੇ ਵਿਰੋਧ ’ਚ ਸ਼ਹਿਰ ਬੰਦ ਰੱਖਣ ਦੇ ਸੱਦੇ ’ਚ ਸ਼ਾਮਿਲ ਹੁੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਵੀ ਆਪਣਾ ਕੰਮ ਮੁਕੰਮਲ ਤੌਰ ’ਤੇ ਬੰਦ ਰੱਖ ਕੇ ਸੰਘਰਸ਼ ’ਚ ਸ਼ਮੂਲੀਅਤ ਕੀਤੀ ਗਈ।












