ਨਾਜਰ ਮਾਨਸਾਹੀਆ ਹੋਏ ਵਿਧਾਨ ਸਭਾ ਸਪੀਕਰ ਕੋਲ ਪੇਸ਼, ਅਸਤੀਫ਼ਾ ਮਨਜ਼ੂਰ ਕਰਨ ਦੀ ਕੀਤੀ ਬੇਨਤੀ
ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਫਾਰਮੈਟ ਅਨੁਸਾਰ ਦੋਬਾਰਾ ਅਸਤੀਫ਼ਾ ਦੇਣ ਲਈ ਕਿਹਾ ਤਾਂ ਮਾਨਸਾਹੀਆ ਨੇ ਕੀਤਾ ਇਨਕਾਰ
ਨਾਜਰ ਮਾਨਸਾਹੀਆ ਨੂੰ ਹੁਣ ਨਹੀਂ ਕੀਤਾ ਜਾਏਗਾ ਤਲਬ, ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹੀ ਕਰਨਾ ਐ ਫੈਸਲਾ
ਚੰਡੀਗੜ, (ਅਸ਼ਵਨੀ ਚਾਵਲਾ)। ਮਾਨਸਾ ਵਿਧਾਨ ਸਭਾ ਸੀਟ ਦੀ ਉਪ ਚੋਣ ਦਾ ਰਸਤਾ ਲਗਭਗ ਸਾਫ਼ ਹੋ ਚੁਕਾ ਹੈ ਅਤੇ ਕਿਸੇ ਵੀ ਸਮੇਂ ਇਸ ਵਿਧਾਨ ਸਭਾ ਸੀਟ ਨੂੰ ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਖਾਲੀ ਘੋਸ਼ਿਤ ਕਰਨ ਸਬੰਧੀ ਨੋਟੀਫਿਕੇਸ਼ਨ ਤੱਕ ਜਾਰੀ ਕੀਤਾ ਜਾ ਸਕਦਾ ਹੈ, ਕਿਉਂਕਿ ਨਾਜਰ ਮਾਨਸਾਹੀਆ ਨੇ ਖ਼ੁਦ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਪੇਸ਼ ਹੁੰਦੇ ਹੋਏ ਅਸਤੀਫ਼ੇ ਨੂੰ ਜਲਦ ਮਨਜ਼ੂਰ ਕਰਨ ਲਈ ਬੇਨਤੀ ਕਰ ਦਿੱਤੀ ਹੈ, ਜਿਸ ਨੂੰ ਕਿਸੇ ਵੀ ਸਮੇਂ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਮਨਜ਼ੂਰ ਕਰਦੇ ਹੋਏ ਮਾਨਸਾ ਵਿਧਾਨ ਸਭਾ ਸੀਟ ਨੂੰ ਖਾਲੀ ਘੋਸ਼ਿਤ ਕੀਤਾ ਜਾ ਸਕਦਾ ਹੈ।
ਹਾਲਾਂਕਿ ਰਾਣਾ ਕੇ.ਪੀ. ਸਿੰਘ ਵਲੋਂ ਨਾਜਰ ਮਾਨਸਾਹੀਆ ਨੂੰ ਮੁੜ ਤੋ ਅਸਤੀਫ਼ਾ ਦੇਣ ਲਈ ਕਿਹਾ ਸੀ, ਕਿਉਂਕਿ ਜਿਹੜਾ ਇੱਕ ਲਾਈਨ ਵਿੱਚ ਅਸਤੀਫ਼ਾ ਦਿੱਤਾ ਗਿਆ ਹੈ, ਉਸ ਦਾ ਫਾਰਮੈਟ ਠੀਕ ਨਹੀਂ ਹੈ ਪਰ ਨਾਜਰ ਮਾਨਸਾਹੀਆ ਵਲੋਂ ਦੁਬਾਰਾ ਅਸਤੀਫ਼ਾ ਦੇਣ ਤੋਂ ਇਨਕਾਰ ਕਰਦੇ ਹੋਏ ਇਹ ਕਿਹਾ ਕਿ ਇਸੇ ਫਾਰਮੈਟ ਨੂੰ ਮਨਜ਼ੂਰ ਕਰ ਦਿੱਤਾ ਜਾਵੇ। ਜਾਣਕਾਰੀ ਅਨੁਸਾਰ ਮਾਨਸਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤ ਕੇ ਆਏ ਨਾਜਰ ਸਿੰਘ ਮਾਨਸਾਹੀਆ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਪਾਰਟੀ ਨੂੰ ਅਲਵਿਦਾ ਕਰਦੇ ਹੋਏ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਸੀ ਅਤੇ ਨਾਜਰ ਸਿੰਘ ਮਾਨਸਾਹੀਆ ਨੂੰ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ।
ਨਾਜਰ ਸਿੰਘ ਮਾਨਸਾਹੀਆ ਨੇ ਕਾਂਗਰਸ ਵਿੱਚ ਸ਼ਾਮਲ ਹੁੰਦੇ ਸਾਰ ਹੀ ਆਪਣਾ ਅਸਤੀਫ਼ਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਭੇਜ ਦਿੱਤਾ ਸੀ। ਨਾਜਰ ਸਿੰਘ ਮਾਨਸਾਹੀਆ ਦਾ ਅਸਤੀਫ਼ਾ ਪ੍ਰਵਾਨ ਕਰਨ ਪਹਿਲਾਂ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਉਨਾਂ ਨੂੰ ਸੱਦਿਆ ਗਿਆ ਸੀ ਤਾਂ ਕਿ ਅਸਤੀਫ਼ਾ ਦੇਣ ਦੇ ਕਾਰਨਾਂ ਬਾਰੇ ਜਾਣਕਾਰੀ ਲੈ ਲਈ ਜਾਵੇ। ਨਾਜਰ ਸਿੰਘ ਮਾਨਸਾਹੀਆ ਵਲੋਂ ਪੇਸ਼ ਹੁੰਦੇ ਹੋਏ ਆਪਣਾ ਸਟੈਂਡ ਸਾਫ਼ ਕਰ ਦਿੱਤਾ ਹੈ ਕਿ ਉਨਾਂ ਨੇ ਬਿਨਾਂ ਕਿਸੇ ਦਬਾਅ ਤੋਂ ਖ਼ੁਦ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੈ। ਜਿਸ ਕਾਰਨ ਇਸ ਅਸਤੀਫ਼ੇ ਨੂੰ ਪ੍ਰਵਾਨ ਕਰ ਲਿਆ ਜਾਵੇ।
ਮੰਗਲਵਾਰ ਨੂੰ ਨਾਜਰ ਸਿੰਘ ਮਾਨਸਾਹੀਆ ਸਵੇਰੇ ਹੀ ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲਣ ਲਈ ਪੁੱਜ ਗਏ ਸਨ। ਜਿਥੇ ਕਿ ਉਨਾਂ ਨੇ ਜਲਦ ਹੀ ਅਸਤੀਫ਼ਾ ਪ੍ਰਵਾਨ ਕਰਨ ਦੀ ਬੇਨਤੀ ਕੀਤੀ ਹੈ। ਹੁਣ ਇਸ ਮਾਮਲੇ ਵਿੱਚ ਆਖਰੀ ਫੈਸਲਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਹੀ ਕੀਤਾ ਜਾਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।