ਦੋਵਾਂ ਮੰਤਰੀਆਂ ਖ਼ਿਲਾਫ਼ ਮੁਲਾਜ਼ਮ ਕਰਨਗੇ ਪ੍ਰਚਾਰ
ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਤੇ ਵਿਜੈਇੰਦਰ ਸਿੰਗਲਾ ਮੁਲਾਜ਼ਮਾਂ ਨੂੰ ਸਮਾਂ ਦੇ ਕੇ ਗੱਲਬਾਤ ਕਰਨ ਤੋਂ ਭੱਜੇ
26 ਅਕਤੂਬਰ ਨੂੰ ਕੀਤੀ ਜਾ ਰਹੀ ਮਹਾਂ ਰੈਲੀ ‘ਚ ਠੇਕਾ ਮੁਲਾਜ਼ਮ ਕਰਨਗੇ ਸਰਕਾਰ ਖ਼ਿਲਾਫ਼ ਵੱਡਾ ਐਲਾਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ
ਪੰਜਾਬ ਦੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਤੇ ਵਿਜੈਇੰਦਰ ਸਿੰਗਲਾ ਨੂੰ ‘ਭਗੌੜਾ’ ਕਰਾਰ ਦੇ ਦਿੱਤਾ ਗਿਆ ਹੈ। ਇਹ ਭਗੌੜਾ ਕਿਸੇ ਅਦਾਲਤ ਨੇ ਨਹੀਂ, ਸਗੋਂ ਇਨ੍ਹਾਂ ਮੰਤਰੀਆਂ ਦੇ ਹੇਠਾਂ ਹੀ ਠੇਕੇ ‘ਤੇ ਕੰਮ ਕਰ ਰਹੇ ਮੁਲਾਜ਼ਮ ਆਗੂਆਂ ਨੇ ਕਰਾਰ ਦਿੱਤਾ ਹੈ। ਠੇਕਾ ਮੁਲਾਜ਼ਮ ਯੂਨੀਅਨਾਂ ਨੂੰ ਕਈ ਵਾਰ ਮਿਲਣ ਦਾ ਸਮਾਂ ਦੇਣ ਤੋਂ ਬਾਅਦ ਵੀ ਇਹ ਮੰਤਰੀ ਮੁਲਾਕਾਤ ਕਰਨ ਲਈ ਸਮਾਂ ਹੀ ਨਹੀਂ ਦੇ ਰਹੇ ਹਨ, ਜਿਸ ਤੋਂ ਬਾਅਦ ਨਰਾਜ਼ ਹੋਈਆਂ ਯੂਨੀਅਨਾਂ ਦੇ ਲੀਡਰਾਂ ਨੇ ਇਹ ਭਗੌੜੇ ਦਾ ਤਗਮਾ ਦਿੰਦੇ ਹੋਏ ਇਨ੍ਹਾਂ ਦੋਵਾਂ ਮੰਤਰੀਆਂ ਖ਼ਿਲਾਫ਼ ਜਲਦ ਹੀ ਕੋਈ ਵੱਡਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਸੱਜਣ ਸਿੰਘ ਤੇ ਅਸ਼ੀਸ਼ ਜੁਲਾਹਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਠੇਕਾ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕਰ ਰਹੇ ਹਨ ਤੇ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਦਸੰਬਰ 2016 ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇਦਾਰਾਂ ਤੋਂ ਆਜ਼ਾਦ ਕਰਵਾ ਕੇ ਵਿਭਾਗ ‘ਚ ਲੈਣ ਦਾ ਬਿੱਲ ਪਾਸ ਕੀਤਾ ਸੀ ਪਰ ਸੱਤਾ ‘ਚ ਆਉਣ ਤੋਂ ਬਾਅਦ ਕਾਂਗਰਸ ਵੱਲੋਂ ਇਸ ਐਕਟ ਨੂੰ ਦੱਬ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੁੜ ਤੋਂ ਦਸੰਬਰ 2018 ਦੇ ਸੈਸ਼ਨ ‘ਚ ਨਵਾਂ ਬਿੱਲ ਪੇਸ਼ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਉਹ ਸਰਕਾਰ ਕਿਸੇ ਹੋਰ ਘੁੰਮਣਘੇਰੀ ‘ਚ ਪਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਯੂਨੀਅਨ ਦੇ ਲੀਡਰਾਂ ਵਲੋਂ ਬਹੁਤ ਹੀ ਵਾਰ ਕੋਸ਼ਿਸ਼ ਕੀਤੀ ਗਈ ਤੇ ਮੁੱਖ ਮੰਤਰੀ ਵੱਲੋਂ ਸਮਾਂ ਦੇਣ ਤੋਂ ਬਾਅਦ ਮਿਲਿਆ ਨਹੀਂ ਗਿਆ। ਹੁਣ ਉਸ ਰਾਹ ‘ਤੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਤੇ ਵਿਜੈਇੰਦਰ ਸਿੰਗਲਾ ਚੱਲ ਪਏ ਹਨ।
ਜਿਨ੍ਹਾਂ ਨੇ ਕਈ ਵਾਰ ਉਨ੍ਹਾਂ ਨੂੰ ਮਿਲਣ ਲਈ ਸਮਾਂ ਤਾਂ ਦਿੱਤਾ ਪਰ ਹਰ ਵਾਰ ਮਿਲਣ ਦੀ ਬਜਾਇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਵਿਧਾਇਕਾਂ ਤੇ ਓਐੱਸਡੀ ਨੂੰ ਲੱਖਾਂ ਰੁਪਏ ਦੀ ਤਨਖਾਹ ਭੱਤੇ ਤੇ ਪੈਨਸ਼ਨ ਦੇਣ ਲਈ ਮੁੱਖ ਮੰਤਰੀ ਕੋਲ ਸਾਧਨ ਹਨ ਪ੍ਰੰਤੂ ਮੁਲਾਜ਼ਮਾਂ ਨੂੰ ਦੇਣ ਸਮੇਂ ਸਾਧਨ ਨਹੀਂ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਅਨੁਸਾਰ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਘਟਾਈ ਨਹੀਂ ਜਾ ਸਕਦੀ ਹੈ। ਉਸ ਬਿੱਲ ਨੂੰ ਲਾਗੂ ਕਰਨ ਦੀ ਬਜਾਏ ਪੰਜਾਬ ਕੈਬਨਿਟ ਵੱਲੋਂ ਪ੍ਰਸੋਨਲ ਵਿਭਾਗ ਦੇ ਨਿਯਮਾਂ ਨੂੰ ਅਣਗੌਲਿਆ ਕਰਕੇ ਅਧਿਆਪਕਾਂ ਦੀਆ ਤਨਖ਼ਾਹਾਂ ਘਟਾਉਣ ਦਾ ਮੰਦਭਾਗਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ 26 ਅਕਤੂਬਰ ਨੂੰ ਹੋਣ ਵਾਲੀ ਮਹਾਂ ਰੈਲੀ ‘ਚ ਸਰਕਾਰ ਖ਼ਿਲਾਫ਼ ਉਹ ਵੱਡਾ ਐਲਾਨ ਕਰਨ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।