ਵਿਜੀਲੈਂਸ ਦਫ਼ਤਰ ਪੇਸ਼ ਹੋਣ ਮਗਰੋਂ Manpreet Badal ਨੇ ਪੱਤਰਕਾਰਾਂ ਕੋਲ ਦਿੱਤੀਆਂ ਦਲੀਲਾਂ
ਬਠਿੰਡਾ (ਸੁਖਜੀਤ ਮਾਨ)। ਪਲਾਟ ਖ੍ਰੀਦ ਮਾਮਲੇ ’ਚ ਵਿਜੀਲੈਂਸ ਕੇਸ ਦਾ ਸਾਹਮਣਾ ਕਰ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਫਿਰ ਵਿਜੀਲੈਂਸ ਦੇ ਬਠਿੰਡਾ ਸਥਿਤ ਦਫ਼ਤਰ ਪੇਸ਼ ਹੋਏ। ਵਿਜੀਲੈਂਸ ਅਧਿਕਾਰੀਆਂ ਵੱਲੋਂ ਲੰਬਾ ਸਮਾਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਵਿਜੀਲੈਂਸ ਵੱਲੋਂ ਪਹਿਲਾਂ ਮੰਗੇ ਗਏ ਕੁੱਝ ਦਸਤਾਵੇਜ ਵੀ ਅੱਜ ਪੇਸ਼ ਕੀਤੇ ਅਤੇ ਬਾਕੀ ਰਹਿੰਦੇ ਛੇਤੀ ਪੇਸ਼ ਕਰਨ ਦੀ ਗੱਲ ਆਖੀ। (Manpreet Badal)
ਵਿਜੀਲੈਂਸ ਦਫ਼ਤਰ ਪੇਸ਼ ਹੋਣ ਮਗਰੋਂ ਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਪਿਛਲੀ ਵਾਰ ਵੀ ਕਿਹਾ ਸੀ ਕਿ ਜੇਕਰ ਵਿਜੀਲੈਂਸ ਉਨ੍ਹਾਂ ਨੂੰ 100 ਵਾਰ ਬੁਲਾਏਗੀ ਤਾਂ ਉਹ 100 ਵਾਰ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਜੋ ਕੇਸ ਬਣਿਆ ਹੈ ਉਹ ਸਿਆਸੀ ਬੁਨਿਆਦ ’ਤੇ ਬਣਿਆ ਹੋਇਆ ਹੈ ਤੇ ਸਰਕਾਰ ਵਿਜੀਲੈਂਸ ਨੂੰ ਆਪਣੀ ਸਿਆਸਤ ਚਲਾਉਣ ਲਈ ਵਰਤ ਰਹੀ ਹੈ। ਉਨ੍ਹਾਂ ਆਪਣੇ ਖ਼ਜਾਨਾ ਮੰਤਰੀ ਦੇ ਕਾਰਜ਼ਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੰਤਰੀਆਂ ਦੇ ਦਫ਼ਤਰਾਂ ’ਚ ਆਉਣ ਵਾਲੇ ਲੋਕਾਂ ਲਈ ਚਾਹ-ਪਾਣੀ ਆਦਿ ਮੁਫ਼ਤ ਹੁੰਦਾ ਹੈ ਪਰ ਮੈਂ ਪੰਜ ਸਾਲ ’ਚ ਨਾ ਤਾਂ ਸਰਕਾਰ ਦਾ ਚਾਹ ਦਾ ਕੱਪ ਆਪ ਪੀਤਾ ਅਤੇ ਨਾ ਹੀ ਦਫ਼ਤਰਾਂ ’ਚ ਆਉਣ ਵਾਲੇ ਮਹਿਮਾਨਾਂ ਨੂੰ ਪਿਆਇਆ ਹੈ, ਇਸ ਗੱਲ ਦਾ ਲੋਕ ਵੀ ਗੁੱਸਾ ਕਰਦੇ ਸੀ। ਉਨ੍ਹਾਂ ਕਿਹਾ ਕਿ ਜੋ ਇਨਸਾਨ ਇੱਕ ਚਾਹ ਦਾ ਵੀ ਰਵਾਦਾਰ ਨਹੀਂ ਉਹ ਪੰਜਾਬ ਦਾ ਕਿਸੇ ਗੱਲ ’ਤੇ ਨੁਕਸਾਨ ਕਰੇਗਾ?
ਬੀਡੀਏ ਅਧਿਕਾਰੀਆਂ ਨਾਲ ਗੰਢਤੁੱਪ ਬਾਰੇ ਵੀ ਹੋਏ ਸਵਾਲ
ਮਨਪ੍ਰੀਤ ਸਿੰਘ ਬਾਦਲ ਦੀ ਅੱਜ ਵਿਜੀਲੈਂਸ ਦਫ਼ਤਰ ’ਚ ਹੋਈ ਪੇਸ਼ੀ ਬਾਰੇ ਪੁੱਛੇ ਜਾਣ ’ਤੇ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਜੋ ਦਸਤਾਵੇਜਾਂ ਦੀ ਮੰਗ ਕੀਤੀ ਗਈ ਸੀ ਉਹ ਅੱਜ ਉਨ੍ਹਾਂ ਵੱਲੋਂ ਦਿੱਤੇ ਗਏ ਹਨ। ਗੁਰੂਗ੍ਰਾਮ ’ਚ ਵੇਚੇ ਗਏ ਫਲੈਟ ਬਾਰੇ ਵੀ ਸਵਾਲ ਜਵਾਬ ਕੀਤੇ ਗਏ, ਜਿਸਦੇ ਕਾਗਜ਼ਾਤ ਉਨ੍ਹਾਂ ਤੋਂ ਮੰਗੇ ਗਏ ਹਨ। ਇਸ ਤੋਂ ਇਲਾਵਾ ਬੀਡੀਏ ਦੇ ਅਧਿਕਾਰੀਆਂ ਨਾਲ ਕੀਤੀ ਗਈ ਗੰਢਤੁੱਪ ਬਾਰੇ ਵੀ ਸਵਾਲ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀਆਂ ਤਾਰੀਕਾਂ ਦਾ ਐਲਾਨ
ਉਨ੍ਹਾਂ ਦੱਸਿਆ ਕਿ ਮਨਪ੍ਰੀਤ ਬਾਦਲ ਤੋਂ ਅੱਜ ਕਰੀਬ 7-8 ਸਵਾਲ ਪੁੱਛੇ ਗਏ ਸੀ, ਜਿੰਨ੍ਹਾਂ ਦੇ ਉਨ੍ਹਾਂ ਜਵਾਬ ਦਿੱਤੇ ਅਤੇ ਮੰਗੇ ਗਏ ਕੁੱਝ ਹੋਰ ਦਸਤਾਵੇਜ ਅਗਲੀ ਵਾਰ ਦੇਣ ਦੀ ਗੱਲ ਆਖੀ। ਬਿਕਰਮਜੀਤ ਸਿੰਘ ਸ਼ੇਰਗਿੱਲ ਵੱਲੋਂ ਵਿਜੀਲੈਂਸ ਜਾਂਚ ’ਚ ਸ਼ਾਮਿਲ ਹੋਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਡੀਐਸਪੀ ਨੇ ਕਿਹਾ ਕਿ ਉਹ 22 ਨਵੰਬਰ ਨੂੰ ਪੇਸ਼ ਹੋਣਗੇ।