ਤਮਾ ਤੇਲ ਜਿਸ ਕੋ ਲਗੇ, ਤੁਰੰਤ ਨਰਮ ਹੋ ਜਾਏ। ਮਤਲਬ ਇਨਸਾਨ ਜਾਂ ਜੁੱਤੀ ਕਿੰਨੀ ਵੀ ਕੜਕ ਹੋਵੇ, ਮਸਕਾ ‘ਤੇ ਤੇਲ ਲਗਦਿਆਂ ਸਾਰ ਹੀ ਨਰਮ ਪੈ ਜਾਂਦੇ ਹਨ। ਗੈਂਡੇ ਵਰਗੀ ਮੱਝ, ਗੁਟਾਰ ਦੇ ਚਾਰ ਠੂੰਗੇ ਕੰਨਾਂ ‘ਤੇ ਵੱਜਦਿਆਂ ਸਾਰ ਲੰਮੀ ਪੈ ਜਾਂਦੀ ਹੈ। ਚਾਪਲੂਸੀ ਇੱਕ ਪੁਰਾਤਨ ਅਤੇ ਅਤਿ ਸੂਖਮ ਕਲਾ ਹੈ ਜੋ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਇਸ ਨਾਲ ਵੱਡੇ ਤੋਂ ਵੱਡੇ ਤੇ ਅੱਖੜ ਤੋਂ ਅੱਖੜ ਬੰਦੇ ਨੂੰ ਕੀਲਿਆ ਜਾ ਸਕਦਾ ਹੈ। ਤਾਰੀਫ ਸੁਣਨਾ ਵੱਡੀ ਇਨਸਾਨੀ ਕਮਜ਼ੋਰੀ ਹੈ।
ਹਰੇਕ ਇਨਸਾਨ ਆਪਣੇ ਬਾਰੇ ਸਿਰਫ ਚੰਗੀ ਗੱਲ ਹੀ ਸੁਣਨਾ ਚਾਹੁੰਦਾ ਹੈ। ਜੇ ਕੋਈ ਮੂੰਹ ਫੱਟ ਸ਼ੁੱਭ ਚਿੰਤਕ ਕਿਸੇ ਅਫਸਰ ਜਾਂ ਨੇਤਾ ਨੂੰ ਇਹ ਕਹਿ ਦੇਵੇ ਕਿ ਤੁਹਾਡੀ ਇਲਾਕੇ ਵਿੱਚ ਸ਼ੋਹਰਤ ਠੀਕ ਨਹੀਂ ਹੈ, ਉਹ ਉਸ ਨੂੰ ਉਸੇ ਵੇਲੇ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦੇਵੇਗਾ। ਇਲੈਕਸ਼ਨ ਵੇਲੇ ਚਾਪਲੂਸ ਲੀਡਰਾਂ ਦੇ ਕੰਨਾਂ ਵਿੱਚ ਉਹੀ ਰਸ ਘੋਲਦੇ ਹਨ ਜੋ ਉਹ ਸੁਣਨਾ ਚਾਹੁੰਦੇ ਹਨ, ਨੇਤਾ ਜੀ ਆਪਾਂ ਘੱਟੋ-ਘੱਟ 1 ਲੱਖ ਵੋਟ ‘ਤੇ ਜਿੱਤਾਂਗੇ। ਮੁਕਾਬਲਾ ਈ ਕੋਈ ਨੀ ਜੀ। ਵਿਰੋਧੀ ਦੀ ਜ਼ਮਾਨਤ ਜ਼ਬਤ ਹੋਵੇ ਈ ਹੋਵੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇ ਸੱਚੀ ਗੱਲ ਕਹਿ ਦਿੱਤੀ ਤਾਂ ਹੁੱਕਾ ਪਾਣੀ ਬੰਦ। ਹਰੇਕ ਅਫਸਰ ਜਾਂ ਨੇਤਾ ਕੋਲ ਘੱਟੋ-ਘੱਟ ਇੱਕ ਚਾਪਲੂਸ ਦਾ ਹੋਣਾ ਜ਼ਰੂਰੀ ਹੈ। ਉਸ ਦੇ ਮੁੱਖ ਕੰਮਾਂ ਵਿੱਚ ਆਪਣੇ ਮਾਲਕ, ਮਾਲਕ ਦੀ ਪਤਨੀ, ਬੱਚਿਆਂ ਤੇ ਇੱਥੋਂ ਤੱਕ ਕਿ ਕੁੱਤੇ ਦੀ ਵੀ ਤਾਰੀਫ ਕਰਨ ਤੋਂ ਇਲਾਵਾ ਸਾਰੇ ਦਫਤਰ, ਇਲਾਕੇ ਦੀ ਚੁਗਲੀ ਕਰਨੀ ਸ਼ਾਮਲ ਹੁੰਦੀ ਹੈ।
ਚਾਪਲੂਸਾਂ ਸਿਰਫ ਮੌਕੇ ਦੇ ਮੰਤਰੀ, ਅਫਸਰ ਦੇ ਵਫਾਦਾਰ ਹੁੰਦੇ ਹਨ। ਇੱਕ ਵਾਰ ਕੋਈ ਅਧਿਕਾਰੀ ਬਦਲ ਕੇ ਕਿਸੇ ਨਵੀਂ ਜਗ੍ਹਾ ਪਹੁੰਚਿਆ ਤਾਂ ਦਫਤਰ ਦਾ ਪ੍ਰਮੁੱਖ ਚਾਪਲੂਸ ਉਸ ਕੋਲ ਪੁਰਾਣੇ ਅਫਸਰ ਦੀ ਬਦਨਾਮੀ ਕਰਨ ਲੱਗਾ ਕਿ ਉਹ ਬਹੁਤ ਹੀ ਕਰੱਪਟ, ਮੂੰਹ ਫੱਟ ਅਤੇ ਸਿਰੇ ਦਾ ਘਟੀਆ ਬੰਦਾ ਸੀ, ਸਟਾਫ ਨੂੰ ਬਹੁਤ ਤੰਗ ਕਰਦਾ ਸੀ, ਆਦਿ ਆਦਿ। ਕਾਫੀ ਦੇਰ ਚੁਗਲੀਆਂ ਸੁਣਨ ਤੋਂ ਬਾਅਦ ਨਵਾਂ ਅਫਸਰ ਬੋਲਿਆ, ‘ਤੇ ਬਾਊ ਜੀ ਮੈਂ ਕਿਹੋ ਜਿਹਾ ਹਾਂ?’ ਚਮਚਾ ਹੀਂ ਹੀਂ ਕਰ ਕੇ ਬੋਲਿਆ, ‘ਜਨਾਬ ਮੌਕੇ ਦਾ ਅਫਸਰ ਵੀ ਕਦੇ ਮਾੜਾ ਹੁੰਦਾ ਹੈ?’ ਹਰ ਬੰਦੇ ਨੂੰ ਐਨੀ ਸਮਝ ਤਾਂ ਹੋਣੀ ਚਾਹੀਦੀ ਹੈ ਕਿ ਜੇ ਅੱਜ ਇਹ ਪੁਰਾਣੇ ਅਫਸਰ ਦੀ ਬਦਨਾਮੀ ਕਰ ਰਿਹਾ ਹੈ ਤਾਂ ਕੱਲ੍ਹ ਨੂੰ ਮੇਰੀ ਵੀ ਕਰੇਗਾ। ਪਰ ਚਮਚੇ ਦੀ ਮਿਠਾਸ, ਤਾਰੀਫ ਦਾ ਢੰਗ ਅਤੇ ਚੁਗਲੀ ਦੀ ਮੁਹਾਰਤ ਮਾਲਕ ਨੂੰ ਕਾਲੇ ਨਾਗ ਵਾਂਗ ਕੀਲ ਲੈਂਦੀ ਹੈ।
ਚਾਪਲੂਸ ਦੀ ਵਫ਼ਾਦਾਰੀ ਕਦੇ ਵੀ ਇੱਕ ਮਾਲਕ ਨਾਲ ਬੱਝੀ ਨਹੀਂ ਰਹਿੰਦੀ। ਇਹ ਫਾਇਦੇ ਤੇ ਸਮੇਂ ਮੁਤਾਬਕ ਬਦਲਦੀ ਰਹਿੰਦੀ ਹੈ। ਇੱਕ ਵਾਰ ਕੋਈ ਚਮਚਾ ਚਾਹ ਦੇ ਕੱਪ ਵਿੱਚ ਖੰਡ ਖੋਰ ਰਿਹਾ ਸੀ ਕਿ ਹੱਥ ਵੱਜ ਗਿਆ। ਚਮਚਾ ਤੇ ਕੱਪ ਦੋਵੇਂ ਮੇਜ਼ ਤੋਂ ਥੱਲੇ ਫਰਸ਼ ‘ਤੇ ਜਾ ਡਿੱਗੇ। ਕੱਪ ਤਾਂ ਟੁੱਟ ਗਿਆ ਪਰ ਚਮਚਾ ਸਟੀਲ ਦਾ ਸੀ। ਉਹ ਦਸਾਂ ਮਿੰਟਾਂ ਬਾਅਦ ਨਵੇਂ ਕੱਪ ਵਿੱਚ ਖੰਡ ਖੋਰ ਰਿਹਾ ਸੀ। ਅਫਸਰ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਚਮਚੇ ਉਸੇ ਦਫਤਰ ਵਿੱਚ ਸੁਮੇਰ ਪਰਬਤ ਵਾਂਗ ਅਡੋਲ ਡਟੇ ਰਹਿੰਦੇ ਹਨ।
ਕਈ ਵਾਰ ਚੁਗਲਖੋਰ ਚਮਚੇ ਤੋਂ ਸਾਰਾ ਦਫਤਰ ਦੁਖੀ ਹੁੰਦਾ ਹੈ। ਸਾਰੇ ਸੋਚਦੇ ਹਨ ਕਿ ਨਵਾਂ ਅਫਸਰ ਬਹੁਤ ਸਖਤ ਹੈ, ਇਹ ਜਰੂਰ ਇਸ ਨੂੰ ਵਾਹਣੇ ਪਾਏਗਾ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਚਮਚਾ ਉਸ ਅਫਸਰ ਦਾ ਵੀ ਚਹੇਤਾ ਬਣ ਜਾਂਦਾ ਹੈ। ਚਮਚੇ ਉਸ ਅਫਸਰ ਦੀ ਪਿਛਲੀ ਪੋਸਟਿੰਗ ਵਾਲੀ ਜਗ੍ਹਾ ਤੋਂ ਪਤਾ ਕਰ ਲੈਂਦੇ ਹਨ ਕਿ ਉਸ ਦੀਆਂ ਆਦਤਾਂ ਕੀ ਹਨ ਤੇ ਉਹ ਕਿਸ ਦੀ ਗੱਲ ਮੰਨਦਾ ਹੈ? ਫਿਰ ਉਸੇ ਮੁਤਾਬਕ ਮੋਰਚਾਬੰਦੀ ਕਰਦੇ ਹਨ।
ਕਈ ਚਾਪਲੂਸਾਂ ਦਾ ਆਪਣੇ ਮਾਲਕ ‘ਤੇ ਐਨਾ ਦਬਦਬਾ ਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਦੀ ਵੀ ਨਹੀਂ ਸੁਣਦੇ। ਧਿਆਨ ਸਿੰਘ ਡੋਗਰੇ ਦੀ ਮਿਸਾਲ ਸਭ ਦੇ ਸਾਹਮਣੇ ਹੈ। ਮਹਾਰਾਜਾ ਰਣਜੀਤ ਸਿੰਘ ਹਰ ਮਾਮਲੇ ਵਿੱਚ ਉਸੇ ਦੀ ਸਲਾਹ ਮੰਨਦਾ ਸੀ। ਇਹੀ ਵਿਅਕਤੀ ਬਾਅਦ ਵਿੱਚ ਸਿੱਖ ਰਾਜ ਦੀ ਤਬਾਹੀ ਦਾ ਕਾਰਨ ਬਣਿਆ। ਸੁਲਤਾਨ ਅਲਾਉਦੀਨ ਖਿਲਜੀ ‘ਤੇ ਉਸ ਦੇ ਸੈਨਾਪਤੀ ਮਲਕ ਕਾਫੂਰ ਦਾ ਐਨਾ ਪ੍ਰਭਾਵ ਸੀ ਕਿ ਉਸ ਦੇ ਕਹਿਣ ‘ਤੇ ਉਸ ਨੇ ਆਪਣੀ ਗੱਦੀ ਦੇ ਵਾਰਸ ਸ਼ਹਿਜ਼ਾਦੇ ਮੁਹੰਮਦ ਨੂੰ ਅੰਨਾ ਕਰਕੇ ਕੈਦ ਕਰ ਦਿੱਤਾ।
ਚਮਚੇ ਕਦੇ ਵੀ ਮਾਲਕ ਨੂੰ ਇਕੱਲਾ ਨਹੀਂ ਛੱਡਦੇ ਤਾਂ ਜੋ ਕੋਈ ਹੋਰ ਨਜ਼ਦੀਕ ਨਾ ਲੱਗ ਜਾਵੇ। ਇੱਕ ਨੇਤਾ ਕੋਲ ਬਹੁਤ ਮਸ਼ਹੂਰ ਚਾਪਲੂਸ ਸੀ। ਜਿੰਨੀ ਦੇਰ ਨੇਤਾ ਦਾ ਪਹਿਲਾ ਪੈੱਗ ਖਤਮ ਨਹੀਂ ਸੀ ਹੁੰਦਾ, ਉਹ ਦੂਸਰਾ ਪੈੱਗ ਹੱਥ ਦੀ ਤਲੀ ‘ਤੇ ਧਰ ਕੇ ਉਸ ਦੇ ਪੈਰਾਂ ‘ਚ ਬੈਠਾ ਰਹਿੰਦਾ ਸੀ। ਕਈ ਅਫਸਰ ਆਪ ਕੋਈ ਨਸ਼ਾ ਨਹੀਂ ਕਰਦੇ ਤੇ ਨਾ ਹੀ ਕਿਸੇ ਅਧੀਨ ਕਰਮਚਾਰੀ ਨੂੰ ਕਰਨ ਦਿੰਦੇ ਹਨ ਪਰ ਜਦੋਂ ਉਹ ਆਪਣੇ ਆਕਾ ਕੋਲ ਬੈਠੇ ਹੋਣ ਤਾਂ ਫਿਰ ਉਹਨਾਂ ਨੂੰ ਸ਼ਰਾਬ-ਸਿਗਰਟ ਦੀ ਬਦਬੋ ਤੋਂ ਕੋਈ ਪ੍ਰਹੇਜ਼ ਨਹੀਂ ਹੁੰਦਾ। ਚੰਗੇ ਭਲੇ ਕੱਟੜ ਸੂਫੀ ਬੰਦੇ ਆਪਣੇ ਸੀਨੀਅਰ ਲਈ ਹੱਥੀਂ ਪੈੱਗ ਬਣਾਉਂਦੇ ਤੇ ਮਾਸ ਮੱਛੀ ਪਰੋਸਦੇ ਹਨ।
ਕਈ ਵਾਰ ਅਤਿ ਉਤਸ਼ਾਹੀ ਚਾਪਲੂਸ ਆਪਣਾ ਨੁਕਸਾਨ ਵੀ ਕਰਵਾ ਬੈਠਦੇ ਹਨ। ਇੱਕ ਨੇਤਾ ਕਿਸੇ ਕੰਮ ਥਾਣੇ ਆਇਆ। ਉਹ ਅਜੇ ਆਪਣੀ ਕਾਰ ਵਿੱਚ ਹੀ ਬੈਠਾ ਸੀ ਕਿ ਮੁਨਸ਼ੀ ਨੇ ਦੌੜ ਕੇ ਐੱਸ.ਐਚ.ਓ. ਨੂੰ ਜਾ ਦੱਸਿਆ। ਐੱਸ. ਐੱਚ. ਓ. ਉਸ ਨੇਤਾ ਨੇ ਹੀ ਲਵਾਇਆ ਹੋਇਆ ਸੀ। ਉਹ ਭੱਜ ਕੇ ਗਿਆ ਤੇ ਸਲੂਟ ਮਾਰ ਕੇ ਇੱਕ ਦਮ ਕਾਰ ਦੀ ਬਾਰੀ ਖੋਲ੍ਹ ਦਿੱਤੀ। ਨੇਤਾ ਆਪਣੇ ਧਿਆਨ ਬਾਰੀ ਨਾਲ ਢੋਅ ਲਾ ਕੇ ਕਿਸੇ ਨਾਲ ਮੋਬਾਇਲ ‘ਤੇ ਗੱਲਬਾਤ ਕਰ ਰਿਹਾ ਸੀ। ਉਸ ਨੇ ਐੱਸ. ਐੱਚ. ਓ. ਨੂੰ ਆਉਂਦੇ ਨੂੰ ਨਾ ਵੇਖਿਆ। ਬਾਰੀ ਖੁੱਲ੍ਹਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਧੜੰਮ ਕਰਦਾ ਬਾਹਰ ਜਾ ਡਿੱਗਾ। ਥਾਣੇ ‘ਚ ਮੌਜੂਦ ਲੋਕ ਉੱਚੀ ਉੱਚੀ ਹੱਸ ਪਏ। ਐੱਸ. ਐੱਚ. ਓ. ਨੇ ਬਥੇਰੀਆਂ ਮਾਫੀਆਂ ਮੰਗੀਆਂ ਪਰ ਨੇਤਾ ਉਸ ਦੀ ਬਦਲੀ ਕਰਵਾ ਕੇ ਹੀ ਹਟਿਆ।
ਚਾਪਲੂਸ ਬਣਨਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਇਹਨਾਂ ਵਿੱਚ ਕਈ ਨਿਵੇਕਲੇ ਤੇ ਵਿਸ਼ੇਸ਼ ਗੁਣ ਹੁੰਦੇ ਹਨ ਜੋ ਆਮ ਲੋਕਾਂ ਵਿੱਚ ਨਹੀਂ ਪਾਏ ਜਾਂਦੇ। ਸਭ ਤੋਂ ਪਹਿਲਾ ਗੁਣ ਇਹ ਹੈ ਕਿ ਖੱਲ ਬਹੁਤ ਮੋਟੀ ਹੁੰਦੀ ਹੈ। ਉਹ ਆਪਣੇ ਮਾਲਕ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੇ। ਜੇ ਮਾਲਕ ਗਾਲਾਂ ਵੀ ਕੱਢ ਦੇਵੇ ਤਾਂ ਬਾਹਰ ਆ ਕੇ ਦੰਦੀਆਂ ਕੱਢਣਗੇ, ਅੱਜ ਸਾਹਬ ਬੜੇ ਮੂਡ ‘ਚ ਨੇ। ਬੜੀਆਂ ਨਮਕੀਨ ਗਾਲਾਂ ਕੱਢ ਰਹੇ ਨੇ। ਇਹ ਲੋਕ ਬਹੁਤ ਮਿਹਨਤੀ ਹੁੰਦੇ ਹਨ।
ਬਾਕੀ ਲੋਕ ਅਜੇ ਨਹਾਉਣ ਧੋਣ ਵਿੱਚ ਰੁੱਝੇ ਹੁੰਦੇ ਹਨ, ਇਹ ਤੜਕੇ ਮਾਲਕ ਦੇ ਘਰ ਦੁੱਧ, ਬਰੈੱਡ ਅਤੇ ਅਖਬਾਰ ਪਹੁੰਚਾ ਚੁੱਕੇ ਹੁੰਦੇ ਹਨ। ਹੁਣ ਅਜਿਹਾ ਤਾਬੇਦਾਰ ਬੰਦਾ ਕਿਸ ਨੂੰ ਮਾੜਾ ਲੱਗਦਾ ਹੈ? ਬੜੀ ਮਸ਼ਹੂਰ ਗੱਲ ਹੈ ਕਿ ਇੱਕ ਮੰਤਰੀ (ਹੁਣ ਸਵਰਗਵਾਸੀ) ਮੋਟਰ ਦੇ ਚੁਬੱਚੇ ਵਿੱਚ ਨਹਾਉਂਦਾ ਹੁੰਦਾ ਸੀ ਤੇ ਅਫਸਰ ਲਾਗੇ ਤੌਲੀਆ ਪਕੜ ਕੇ ਖੜ੍ਹਾ ਹੁੰਦਾ ਸੀ। ਮਾਲਕ ਦਾ ਚਾਹ ਜਾਂ ਵਿਸਕੀ ਦਾ ਖਾਲੀ ਗਿਲਾਸ ਫੜ੍ਹਨ ਲਈ ਚਮਚੇ ਆਪਸ ਵਿੱਚ ਲੜ ਪੈਂਦੇ ਹਨ। ਮਾਲਕ ਦੇ ਘਰ ਦਾ ਬਿਜਲੀ ਪਾਣੀ ਦਾ ਬਿੱਲ ਭਰਨਾ, ਗੈਸ ਤੇ ਕਰਿਆਨਾ ਲੈ ਕੇ ਆਉਣਾ, ਮਾਲਕਣ ਨੂੰ ਸ਼ਾਪਿੰਗ ਲਈ ਲੈ ਕੇ ਜਾਣਾ ਤੇ ਹੋਰ ਛੋਟੇ-ਮੋਟੇ ਘਰੇਲੂ ਕੰਮ ਚਾਪਲੂਸਾਂ ਦੀ ਪਹਿਲੀ ਤੇ ਅਹਿਮ ਡਿਊਟੀ ਮੰਨੀ ਜਾਂਦੀ ਹੈ।
ਕਦੇ ਚਾਪਲੂਸਾਂ ਨੂੰ ਆਪਣੇ ਸੀਨੀਅਰਾਂ ਨਾਲ ਕੋਈ ਗੇਮ ਖੇਡਦੇ ਹੋਏ ਵੇਖੋ। ਜੇ ਹਾਕੀ ਖੇਡਣਗੇ ਤਾਂ ਵਿਰੋਧੀ ਟੀਮ ਵੀ ਸੀਨੀਅਰ ਨੂੰ ਹੀ ਪਾਸ ਦੇਵੇਗੀ। ਜੇ ਉਹ ਗੋਲਾਂ ਵੱਲ ਹਿੱਟ ਮਾਰੇ ਤਾਂ ਕੋਈ ਵੀ ਗੋਲ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਗੋਲਕੀਪਰ ਵੀ ਐਵੇਂ ਪਾਖੰਡ ਜਿਹਾ ਕਰ ਕੇ ਜਾਣ ਕੇ ਡਿੱਗ ਪੈਂਦਾ ਹੈ। ਜਿਸ ਟੀਮ ਨੂੰ ਗੋਲ ਹੁੰਦਾ ਹੈ, ਉਹ ਵੀ ਤਾੜੀਆਂ ਮਾਰਨ ਲੱਗ ਪੈਂਦੀ ਹੈ। ਜੇ ਕ੍ਰਿਕਟ ਖੇਡਣਗੇ ਤਾਂ ਅਫਸਰ ਨੂੰ ਅਜਿਹੀਆਂ ਬਾਲਾਂ ਦੇਣਗੇ ਕਿ ਛੱਕਾ ਹੀ ਵੱਜੇ। ਇੱਕ ਨੇਤਾ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ। ਪੰਜਾਬ ਦਾ ਉਹ ਵਾਹਿਦ ਜੁਆਰੀ ਹੋਵੇਗਾ ਜੋ ਕਦੇ ਵੀ ਨਹੀਂ ਸੀ ਹਾਰਿਆ। ਕੰਮਾਂ ਕਾਰਾਂ ਵਾਲੇ ਦੂਰੋਂ ਦੂਰੋਂ ਉਸ ਨਾਲ ਜੂਆ ਖੇਡਣ ਤੇ ਲੱਖਾਂ ਰੁਪਏ ਹਾਰਨ ਲਈ ਆਉਂਦੇ ਸਨ। ਤਿੰਨ ਯੱਕਿਆਂ ਵਾਲਾ ਵੀ ਬਿਨਾਂ ਵੇਖੇ ਪੱਤੇ ਸੁੱਟ ਦਿੰਦਾ ਸੀ ਕਿ ਲੀਡਰ ਦੀ ਨਜ਼ਰੇ ਇਨਾਇਤ ਬਣੀ ਰਹੇ।
ਇਹ ਚਾਪਲੂਸੀ ਦਾ ਧੰਦਾ ਮੁੱਢ ਕਦੀਮ ਤੋਂ ਚਲਦਾ ਆ ਰਿਹਾ ਹੈ ਤੇ ਹਮੇਸ਼ਾ ਚਲਦਾ ਰਹਿਣ ਦੀ ਸੰਭਾਵਨਾ ਹੈ। ਜੇ ਕੋਈ ਇਹ ਸੋਚੇ ਕਿ ਉਹ ਆਪਣੇ ਮਾਲਕ ਨੂੰ ਡੇਲੇ ਵੀ ਕੱਢੇ, ਚੰਗੀ ਪੋਸਟਿੰਗ ਵੀ ਲਵੇ ਤੇ ਤਰੱਕੀ ਵੀ ਕਰੇ ਤਾਂ ਇਹ ਸੰਭਵ ਨਹੀਂ। ਦੁਨੀਆਂ ਦਾ ਅਸੂਲ ਹੈ ਕਿ ਉੱਪਰ ਜਾਣ ਲਈ ਕਈ ਵਾਰ ਥੱਲੇ ਡਿੱਗਣਾ ਹੀ ਪੈਂਦਾ ਹੈ।