ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮਾਨੇਸਰ ਜ਼ਮੀਨ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਅੱਜ ਸੀ.ਬੀ.ਆਈ. ਨੇ ਦੋਸ਼ ਪੱਤਰ ਆਇਦ ਕਰ ਦਿੱਤਾ ਹੈ ਕੇਂਦਰੀ ਜਾਂਚ ਏਜੰਸੀ ਨੇ ਭੁਪਿੰਦਰ ਸਿੰਘ ਹੁੱਡਾ ਸਮੇਤ 34 ਲੋਕਾਂ ਨੂੰ ਮੁਲਜ਼ਮ ਬਣਾਇਆ ਹੈ। ਸਾਬਕਾ ਮੁੱਖ ਮੰਤਰੀ ਨੂੰ ਸਤੰਬਰ 2015 ਵਿੱਚ ਮਾਨੇਸਰ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ ਮਾਮਲੇ ਅਨੁਸਾਰ ਹਰਿਆਣਾ ਸਰਕਾਰ ਦੇ ਕੁੱਝ ਬਾਬੂਸ਼ਾਹਾਂ ਨੇ ਨਿੱਜੀ ਬਿਲਡਰਾਂ ਨੂੰ ਫਾਇਦਾ ਦੇਣ ਲਈ 400 ਏਕੜ ਦੇ ਕਰੀਬ ਜ਼ਮੀਨ ਪਿੰਡ ਮਾਨੇਸਰ, ਨਾਰੰਗਪੁਰਾ ਅਤੇ ਗੁੜਗਾਉਂ ਦੇ ਲੱਖਨੌਲਾ ਦੇ ਕਿਸਾਨਾਂ ਤੇ ਜ਼ਮੀਨ ਮਾਲਕਾਂ ਤੋਂ ਮਾਮੂਲੀ ਕੀਮਤਾਂ ‘ਤੇ ਖ਼ਰੀਦੀ ਸੀ।
ਇਹ ਸੌਦੇ 24 ਅਗਸਤ ਤੋਂ ਲੈ ਕੇ 27 ਅਗਸਤ ਦੇ ਵਕਫ਼ੇ ਦੌਰਾਨ ਹੋਏ ਸਨ ਇਸ ਖ਼ਰੀਦ ਪ੍ਰਕਿਰਿਆ ਦੌਰਾਨ ਸਾਹਮਣੇ ਆਇਆ ਸੀ ਕਿ ਇਸ ਸਮੇਂ ਦੌਰਾਨ ਹਰਿਆਣਾ ਸਰਕਾਰ ਨੇ ਉਨ੍ਹਾਂ ਪਿੰਡਾਂ ਦੀ 912 ਏਕੜ ਜ਼ਮੀਨ ਵਿੱਚ ਸਨਅਤੀ ਮਾਡਲ ਟਾਊਨ ਲਾਉਣ ਲਈ ਜ਼ਮੀਨ ਗ੍ਰਹਿਣ ਐਕਟ ਤਹਿਤ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਸੀਬੀਆਈ ਵੱਲੋਂ ਦਰਜ ਮਾਮਲੇ ਮੁਤਾਬਕ ਜ਼ਮੀਨ ਗ੍ਰਹਿਣ ਹੋਣ ਦਾ ਡਰ ਦਿਖਾ ਕੇ ਕਿਸਾਨਾਂ ਤੋਂ ਮਹਿੰਗੀ ਜ਼ਮੀਨ ਕੌਡੀਆਂ ਦੇ ਭਾਅ ਖ਼ਰੀਦ ਲਈ ਗਈ ਸੀ।
ਸੀ.ਬੀ.ਆਈ. ਅਨੁਸਾਰ ਉਸ ਸਮੇਂ 400 ਏਕੜ ਜ਼ਮੀਨ ਦੀ ਮਾਰਕੀਟ ਵੈਲਿਊ 1600 ਕਰੋੜ ਸੀ ਮਤਲਬ ਪ੍ਰਤੀ ਏਕੜ ਜ਼ਮੀਨ ਦੀ ਕੀਮਤ 4 ਕਰੋੜ ਰੁਪਏ ਸੀ ਪਰ ਬਿਲਡਰਜ਼ ਨੇ ਉਹ ਜ਼ਮੀਨ ਸਿਰਫ 100 ਕਰੋੜ ‘ਚ ਹੀ ਖਰੀਦ ਲਈ ਖੱਟੜ ਸਰਕਾਰ ਦੇ ਨਿਰਦੇਸ਼ ‘ਤੇ ਮਾਨੇਸਰ ਜ਼ਮੀਨ ਘੁਟਾਲੇ ਨੂੰ ਲੈ ਕੇ ਸੀ.ਬੀ.ਆਈ. ਨੇ ਹੁੱਡਾ ਅਤੇ ਹੋਰਾਂ ਖਿਲਾਫ 17 ਸਤੰਬਰ 2015 ਨੂੰ ਮਾਮਲਾ ਦਰਜ ਕੀਤਾ ਸੀ.ਬੀ.ਆਈ. ਨੇ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ‘ਚ ਚਾਰਜਸ਼ੀਟ ਦਾਖਲ ਕੀਤੀ, ਜਿਸ ‘ਚ ਹੁੱਡਾ ਸਮੇਤ 34 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ।